ਮੋਦੀ ਸਰਕਾਰ ਦੀ ਸਥਾਪਨਾ ਨੇ ਬਦਲਿਆ ਰਿਸ਼ਤਿਆਂ ਦਾ ਤਾਣਾ ਬਾਣਾ – ਭਾਜਪਾ ’ਤੇ ਹੁਣ ਨਹੀਂ ਚੱਲੇਗੀ ਅਕਾਲੀ ਦਲ ਦੀ ਧੌਂਸ

M_Id_418124_Modi_Badal

ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਤੋਂ ਸੱਤਾ ਵਿੱਚ ਹੋਣ ਦੇ ਬਾਵਜੂਦ ਦਬਾਅ ਅਧੀਨ ਕੰਮ ਕਰਦੀ ਦਿਖਾਈ ਦੇ ਰਹੀ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ’ਤੇ ਭਾਰੀ ਪੈਣ ਦੇ ਆਸਾਰ ਬਣ ਗਏ ਹਨ। ਕੇਂਦਰ ਵਿੱਚ ਭਾਜਪਾ ਦੇ ਮਜ਼ਬੂਤ ਹੋ ਕੇ ਨਿਕਲਣ ਨਾਲ ਸਿਆਸੀ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਅਰੁਣ ਜੇਤਲੀ ਦੀ ਹਾਰ ਅਤੇ ਸਰਕਾਰ ਵਿੱਚ ਆਏ ਪ੍ਰਸ਼ਾਸਕੀ ਨਿਘਾਰ ਕਾਰਨ ਭਾਜਪਾ ਦੇ ਕੁਝ ਸੂਬਾਈ ਆਗੂ ਭਾਵੇਂ ਨਿਸ਼ਾਨੇ ’ਤੇ ਹਨ ਪਰ ਹੁਣ ਭਾਜਪਾ ਦੇ ਅਕਾਲੀਆਂ ਦੀ ਅਧੀਨਗੀ ਦੇ ਦਿਨ ਪੁੱਗ ਗਏ ਜਾਪਦੇ ਹਨ।
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਭਾਰੂ ਹੈ ਕਿ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਆਗੂਆਂ ਦੀ ਕਾਰਜਸ਼ੈਲੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਅਤੇ ਇਸ ਦਾ ਅਸਰ ਪੰਜਾਬ ਸਰਕਾਰ ਤੇ ਗੱਠਜੋੜ ’ਤੇ ਪੈਣ ਦੀ ਸੰਭਾਵਨਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਭਾਜਪਾ ਦੇ ਇਕੱਲੇ ਸਰਕਾਰ ਬਣਾਉਣ ਦੇ ਸਮਰੱਥ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੁਰ ਬਦਲ ਲਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਨਤਕ ਤੌਰ ’ਤੇ ਐਲਾਨ ਕਰ ਚੁੱਕੇ ਹਨ ਕਿ ਕੇਂਦਰ ਸਰਕਾਰ ਵਿੱਚ ਸ਼ਮੂਲੀਅਤ ਬਾਰੇ ਦਲ ਆਪਣੇ ਵੱਲੋਂ ਦਾਅਵਾ ਪੇਸ਼ ਨਹੀਂ ਕਰੇਗਾ। ਪਾਰਟੀ ਦੇ ਸੀਨੀਅਰ ਆਗੂ ਨੇ ਦੱਸਿਆ ਕਿ ਅਕਾਲੀ ਦਲ ਉਸ ਸੂਰਤ ਵਿੱਚ ਹੀ ਕੇਂਦਰ ਸਰਕਾਰ ’ਚ ਸ਼ਾਮਲ ਹੋਵੇਗਾ, ਜੇਕਰ ਭਾਜਪਾ ਸ਼ਮੂਲੀਅਤ ਦਾ ਸੱਦਾ ਦਿੰਦੀ ਹੈ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਬੇਸ਼ੱਕ ਸੱਤਾ ਵਿੱਚ ਭਾਈਵਾਲ ਹੈ ਪਰ ਸੱਤਾ ਦਾ ਕੇਂਦਰ ਸ਼੍ਰੋਮਣੀ ਅਕਾਲੀ ਦਲ ਹੀ ਹੈ ਅਤੇ ਅਕਾਲੀ ਦਲ ਵਿੱਚ ਵੀ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ੇਤਦਾਰ ਹੀ ਹਨ। ਭਾਜਪਾ ਨੂੰ ਚਾਰ ਵਜ਼ੀਰੀਆਂ, ਮੁੱਖ ਸੰਸਦੀ ਸਕੱਤਰਾਂ ਦੇ ਅਹੁਦੇ ਅਤੇ ਨਿਗਮਾਂ-ਬੋਰਡਾਂ ਦੀਆਂ ਚੇਅਰਮੈਨੀਆਂ ਤਾਂ ਮਿਲੀਆਂ ਹਨ ਪਰ ਅਫਸਰਾਂ ਦੀਆਂ ਨਿਯੁਕਤੀਆਂ ਆਦਿ ਵਿੱਚ ਪਾਰਟੀ ਦੀ ਕੋਈ ਸੱਦ-ਪੁੱਛ ਨਹੀਂ ਸਮਝੀ ਜਾਂਦੀ। ਭਾਜਪਾ ਦੀਆਂ ਮੀਟਿੰਗਾਂ ਵਿੱਚ ਵਰਕਰ ਅਤੇ ਸੀਨੀਅਰ ਆਗੂ ਖੁੱਲ੍ਹੇਆਮ ਗਿਲਾ ਕਰਦੇ ਹਨ ਕਿ ਉਨ੍ਹਾਂ ਦੀ ਹਾਲਤ ਵਿਰੋਧੀ ਪਾਰਟੀ ਦੇ ਆਗੂਆਂ ਵਰਗੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵਰਤਾਰਾ ਜਾਰੀ ਰੱਖਣਾ ਵੱਡੀ ਚੁਣੌਤੀ ਬਣ ਗਿਆ ਹੈ। ਉਹ ਵੀ ਉਸ ਸਮੇਂ ਜਦੋਂ ਕੇਂਦਰੀ ਲੀਡਰਸ਼ਿਪ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੂੰ ਬਦਲਣ ਦੇ ਰੌਂਅ ਵਿੱਚ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਅਤੇ ਤੇਜ਼ ਤਰਾਰ ਮੰਨੇ ਜਾਂਦੇ ਮੰਤਰੀ ਅਨਿਲ ਜੋਸ਼ੀ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ। ਸ੍ਰੀ ਜੋਸ਼ੀ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤਾ ਹੈ। ਕੇਂਦਰ ਵਿੱਚ ਮੋਦੀ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤਬਦੀਲੀਆਂ ਤੈਅ ਮੰਨੀਆਂ ਜਾ ਰਹੀਆਂ ਹਨ ਅਤੇ ਭਾਜਪਾ ਦੇ ਦੋ ਮੰਤਰੀਆਂ ਦੀ ਛੁੱਟੀ ਹੋਣ ਦੇ ਆਸਾਰ ਵੀ ਬਣ ਗਏ ਹਨ।
ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਅਤੇ ਅਕਾਲੀ ਦਲ ਦੇ ਆਗੂਆਂ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਇਸ ਸਮੇਂ 12 ਵਿਧਾਇਕ ਹਨ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ 16 ਵਿਧਾਨ ਸਭਾ ਹਲਕਿਆਂ ਤੋਂ ਜੇਤੂ ਲੀਡ ਲੈਣ ਵਿੱਚ ਕਾਮਯਾਬ ਰਹੇ ਅਤੇ ਵੋਟ ਪ੍ਰਤੀਸ਼ਤਤਾ ਵੀ ਵਧੀ ਹੈ। ਇਸ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ 57 ਵਿਧਾਇਕ ਹਨ ਅਤੇ ਪਾਰਟੀ ਦੇ ਉਮੀਦਵਾਰ 29 ਹਲਕਿਆਂ ਤੋਂ ਲੀਡ ਲੈਣ ਵਿੱਚ ਹੀ ਸਫ਼ਲ ਹੋ ਸਕੇ। ਵੋਟ ਪ੍ਰਤੀਸ਼ਤਤਾ ਵਿੱਚ ਵੀ ਗਿਰਾਵਟ ਆਈ ਹੈ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵੱਲੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ’ਤੇ ਦਬਾਅ ਪਾਇਆ ਜਾਣ ਲੱਗਿਆ ਹੈ ਕਿ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਿਆ ਹੈ, ਇਸ ਲਈ ਉਥੇ ਨਵੇਂ ਸਿਰੇ ਤੋਂ ਰਣਨੀਤੀ ਉਲੀਕੀ ਜਾਵੇ।
ਕੇਂਦਰ ਵਿੱਚ ਬਦਲੇ ਹੋਏ ਹਾਲਾਤ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੀ ਕਾਰਜਸ਼ੈਲੀ ਵਿੱਚ ਤਬਦੀਲੀ ਕਰਨੀ ਪਵੇਗੀ। ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਆਉਣ ਤੋਂ ਬਾਅਦ ਅਕਾਲੀਆਂ ਤੇ ਭਾਜਪਾਈਆਂ ਵਿਚਾਲੇ ਕਈ ਵਾਰੀ ਟਕਰਾਅ ਵਾਲੀ ਸਥਿਤੀ ਬਣੀ ਹੈ। ਸਾਲ 2007 ਦੀਆਂ ਪੰਚਾਇਤ ਚੋਣਾਂ ਦੌਰਾਨ ਟਕਰਾਅ ਤੋਂ ਬਾਅਦ ਭਾਜਪਾ ਦੇ ਸਮੁੱਚੇ ਮੰਤਰੀ ਬਲਬੀਰ ਪੁੰਜ, ਜੋ ਉਸ ਸਮੇਂ ਪੰਜਾਬ ਮਾਮਲਿਆਂ ਦੇ ਮੁਖੀ ਸਨ, ਦੀ ਅਗਵਾਈ ਵਿੱਚ ਅਸਤੀਫੇ ਦੇਣ ਤੱਕ ਚਲੇ ਗਏ ਸਨ। ਸਥਿਤੀ ਨੂੰ ਮੁੱਖ ਮੰਤਰੀ ਨੇ ਸਾਂਭ ਲਿਆ ਸੀ। ਉਸ ਤੋਂ ਬਾਅਦ ਅਕਾਲੀ ਦਲ ਲਗਾਤਾਰ ਭਾਜਪਾ ’ਤੇ ਭਾਰੂ ਪੈਂਦਾ ਰਿਹਾ ਹੈ। ਭਾਜਪਾ ਦੇ ਸੂਬਾਈ ਆਗੂਆਂ ਨੇ ਕੇਂਦਰੀ ਲੀਡਰਸ਼ਿਪ ਤੱਕ ਪਹੁੰਚ ਕਰਕੇ ਅਕਾਲੀਆਂ ਦੀਆਂ ਵਧੀਕੀਆਂ ਗਿਣਾਈਆਂ ਪਰ ਕਿਸੇ ਨੇ ਇੱਕ ਨਾ ਸੁਣੀ। ਭਾਜਪਾ ਦੇ ਇਕੱਲਿਆਂ ਮਜ਼ਬੂਤ ਹੋਣ ਕਾਰਨ ਅਕਾਲੀਆਂ ਅਤੇ ਭਾਜਪਾਈਆਂ ਨੂੰ ਹਾਲਾਤ ਬਦਲੇ ਹੋਏ ਦਿਖਾਈ ਦੇਣ ਲੱਗੇ ਹਨ। ਸੁਖਬੀਰ ਬਾਦਲ ਨੂੰ ਜਦੋਂ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਸੀ ਤਾਂ ਉਦੋਂ ਵੀ ਭਾਜਪਾ ਦੀ ਸੂਬਾਈ ਲੀਡਰਸ਼ਿਪ ਨੇ ਵਿਰੋਧ ਕੀਤਾ ਸੀ।

ਅਕਾਲੀਆਂ ’ਤੇ ਸ਼ਹਿਰਾਂ ਵਿੱਚ ਭਾਜਪਾ ਨੂੰ ਕਮਜ਼ੋਰ ਕਰਨ ਦਾ ਦੋਸ਼

ਆਰ.ਐਸ.ਐਸ. ਦਾ ਭਾਜਪਾ ’ਤੇ ਦਬਾਅ ਅਕਾਲੀਆਂ ਨੂੰ ਭਾਰੀ ਪੈ ਸਕਦਾ ਹੈ। ਆਰ.ਐਸ.ਐਸ. ਅਤੇ ਕੇਂਦਰੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਅਕਾਲੀ ਦਲ ਨੇ ਸ਼ਹਿਰਾਂ ਵਿੱਚ ਆਧਾਰ ਬਣਾਉਣ ਦੇ ਮਕਸਦ ਨਾਲ ਭਾਜਪਾ ਨੂੰ ਹੀ ਕਮਜ਼ੋਰ ਕਰਨ ਵਿੱਚ ਭੂਮਿਕਾ ਨਿਭਾਈ ਹੈ। ਭਾਜਪਾ ਦੀ ਪੰਜਾਬ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਅਤੇ ਸੀਨੀਅਰ ਆਗੂ ਸ਼ਾਂਤਾ ਕੁਮਾਰ ਨੇ ਅਕਾਲੀ ਦਲ ਦੇ ਆਗੂਆਂ ਦੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੀ ਗੱਲ ਜਨਤਕ ਤੌਰ ’ਤੇ ਆਖ ਕੇ ਅਕਾਲੀਆਂ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ।

468 ad