ਮੋਦੀ ਮਾਮਲੇ ‘ਤੇ ਅਮਰੀਕਾ ਨੇ ਮਾਰੀ ਪਲਟੀ – ਹੁਣ ਮੋਦੀ ਦਾ ਨਾਮ ਗੁਜਰਾਤ ਕਤਲੇਆਮ ਦੀ ਰਿਪੋਰਟ ‘ਚੋਂ ਕੀਤਾ ਗਾਇਬ

Modi-riots

ਅਮਰੀਕੀ ਸਰਕਾਰ ਨੇ ਪਹਿਲੀ ਵਾਰ ਆਪਣੀ ਸਾਲਾਨਾ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਰਿਪੋਰਟ ‘ਚ 2002 ਦੇ ਗੁਜਰਾਤ ਕਤਲੇਆਮ ‘ਚ ਨਰਿੰਦਰ ਮੋਦੀ ਨਾਲ ਸਬੰਧਿਤ ਸਾਰੇ ਅੰਸ਼ ਹਟਾ ਦਿੱਤੇ ਹਨ। ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਰਿਪੋਰਟ 2013 ਸੋਮਵਾਰ ਨੂੰ ਵਾਸ਼ਿੰਗਟਨ ਡੀ. ਸੀ. ‘ਚ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਜਾਰੀ ਕੀਤੀ। ਕੈਰੀ ਨੇ ਭਾਰਤ ਯਾਤਰਾ ਤੋਂ 2 ਦਿਨ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ। ਅਮਰੀਕਾ ਦੇ ਇਸ ਕਦਮ ਨੂੰ ਓਬਾਮਾ ਪ੍ਰਸ਼ਾਸਨ ਦੇ ਨਰਿੰਦਰ ਮੋਦੀ ਨਾਲ ਸਰਗਰਮ ਸਬੰਧ ਰੱਖਣ ਦੀ ਪ੍ਰਮੁੱਖ ਕੋਸ਼ਿਸ਼ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ। ਗੁਜਰਾਤ ਦੇ 2002 ਦੇ ਘੱਟ ਗਿਣਤੀਆਂ ਦੇ ਕਤਲੇਆਮ ਨੂੰ ਲੈ ਕੇ ਅਮਰੀਕਾ ਨੇ ਇਕ ਦਹਾਕੇ ਤੱਕ ਮੋਦੀ ਨੂੰ ਵੀਜ਼ਾ ਨਹੀਂ ਦਿੱਤਾ। ਮੋਦੀ ਨੂੰ ਵੀਜ਼ਾ ਨਾ ਦਿੱਤੇ ਜਾਣ ਨੂੰ ਲੈ ਕੇ ਅਮਰੀਕਾ ਅਤੇ ਐਨ. ਡੀ. ਏ. ਸਰਕਾਰ ਦਰਮਿਆਨ ਵਿਵਾਦ ਦੇ ਮੁੱਖ ਬਿੰਦੂ ਦੇ ਰੂਪ ‘ਚ ਵੇਖਿਆ ਗਿਆ ਪਰ 2014 ਦੀਆਂ ਲੋਕ ਸਭਾ ਚੋਣਾਂ ‘ਚ ਜਿੱਤ ਦੇ ਬਾਅਦ ਭਾਜਪਾ ਸੱਤਾ ‘ਚ ਆਈ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ। ਇਸ ਦੇ ਬਾਅਦ ਅਮਰੀਕਾ ‘ਤੇ ਦਬਾਅ ਵੱਧ ਗਿਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੇਲਵੇ ਕੋਚ ਨੂੰ ਸਾੜਨ ਅਤੇ ਉਸ ਦੇ ਬਾਅਦ ਗੁਜਰਾਤ ‘ਚ ਹੋਈ ਹਿੰਸਾ ਨਾਲ ਮਾਮਲੇ ਵਿਚਾਰ ਅਧੀਨ ਰਹਿਣਗੇ। ਰਿਪੋਰਟ ਅਨੁਸਾਰ ਗੋਧਰਾ ‘ਚ ਰੇਲ ਗੱਡੀ ਨੂੰ ਅੱਗ ਲਗਾਉਣ ਦਾ ਦੋਸ਼ ਮੁਸਲਮਾਨਾਂ ‘ਤੇ ਹੈ। ਇਸ ਘਟਨਾ ‘ਚ 58 ਲੋਕ ਮਾਰੇ ਗਏ ਸਨ। ਇਸ ਦੇ ਬਾਅਦ ਮੁਸਲਮਾਨ ਵਿਰੋਧੀ ਹਿੰਸਾ ਹੋਈ ਜਿਸ ਵਿਚ 790 ਮੁਸਲਮਾਨ ਅਤੇ 254 ਹਿੰਦੂ ਮਾਰੇ ਗਏ। ਪਹਿਲਾਂ ਰਿਪੋਰਟ ‘ਚ ਇਨ੍ਹਾਂ ਗੱਲਾਂ ਦਾ ਜ਼ਿਕਰ ਸੀ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਹਨ ਕੈਰੀ ਦੀ ਸਾਂਝੀ ਪ੍ਰਧਾਨਗੀ ਹੇਠ ਅੱਜ ਇਥੇ ਹੋਈ ਪੰਜਵੀਂ ਭਾਰਤ-ਅਮਰੀਕਾ ਰਣਨੀਤਕ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਸੁਰੱਖਿਆ ਅਤੇ ਊਰਜਾ ਦੇ ਮਹੱਤਵਪੂਰਨ ਖੇਤਰਾਂ ਵਿਚ ‘ਬਦਲਾਅ ਵਾਲੀ ਪਹਿਲ’ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਦੋਵੇਂ ਆਗੂਆਂ ‘ਚ ਕਰੀਬ ਇਕ ਘੰਟੇ ਤੱਕ ਮੀਟਿੰਗ ਹੋਈ, ਜਿਸ ਦੇ ਬਾਅਦ ਉਨ੍ਹਾਂ ਦੋਵੇਂ ਦੇਸ਼ਾਂ ਦੇ ਊਰਜਾ ਅਤੇ ਵਪਾਰ ਸਣੇ ਵੱਖ-ਵੱਖ ਮੰਤਰਾਲਿਆਂ ਦੇ ਸੀਨੀਅਰ ਵਫ਼ਦਾਂ ਨਾਲ ਵਿਚਾਰ ਵਟਾਂਦਰਾ ਕੀਤਾ । ਰਣਨੀਤਕ ਗੱਲਬਾਤ ਤੋਂ ਪਹਿਲਾਂ ਕੈਰੀ ਅਤੇ ਅਮਰੀਕੀ ਵਣਜ ਮੰਤਰੀ ਪੇਨੀ ਪ੍ਰਿਟਜ਼ਕੇਰ ਨੇ ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ। ਭਾਰਤ ‘ਚ ਨਵੀਂ ਸਰਕਾਰ ਦੇ ਗਠਨ ਪਿੱਛੋਂ ਉਬਾਮਾ ਸਰਕਾਰ ਨਾਲ ਸਿਆਸੀ ਪੱਧਰ ‘ਤੇ ਦੋਵਾਂ ਦੇਸ਼ਾਂ ਵੱਲੋਂ ਇਹ ਪਹਿਲੀ ਉੱਚ ਪੱਧਰੀ ਬੈਠਕ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ਤੋਂ ਦੋ ਮਹੀਨੇ ਪਹਿਲਾਂ ਹੋਈ ਇਸ ਬੈਠਕ ਦਾ ਉਦੇਸ਼ ਦੁਵੱਲੇ ਸਬੰਧਾਂ ‘ਚ ਜੋਸ਼ ਭਰਨਾ ਹੈ ਜੋ ਪਿਛਲੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ ਆਖਰੀ ਸਾਲ ‘ਚ ਮੱਧਮ ਪੈ ਗਏ ਸਨ। ਕੈਰੀ ਜੋ ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਕੱਲ੍ਹ ਨਵੀਂ ਦਿੱਲੀ ਪੁੱਜੇ ਸਨ ਨੇ ਕਿਹਾ ਸੀ ਕਿ ਅਮਰੀਕਾ, ਭਾਰਤ ਸਰਕਾਰ ਦੇ ਨਾਲ ‘ਹੱਥ ਨਾਲ ਹੱਥ’ ਮਿਲਾ ਕੇ ਕੰਮ ਕਰਨ ਲਈ ਤਿਆਰ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਅੱਜ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਅਤੇ ਵਿਸ਼ਵ ਵਪਾਰ ਸੰਗਠਨ ਦੇ ਵਪਾਰ ਸਰਲੀਕਰਨ ਸਮਝੌਤੇ ਸਬੰਧੀ ਜਾਰੀ ਗੱਲਬਾਤ ਬਾਰੇ ਭਾਰਤ ਦੇ ਰਵੱਈਏ ਸਬੰਧੀ ਵਿਚਾਰ ਵਟਾਂਦਰਾ ਕੀਤਾ। ਕੈਰੀ ਦੇ ਨਾਲ ਅਮਰੀਕੀ ਵਣਜ ਮੰਤਰੀ ਪੇਨੀ ਪ੍ਰਿਟਜ਼ਕੇਰ ਵੀ ਹਾਜ਼ਰ ਸਨ, ਜੋ ਪਹਿਲਾਂ ਹੀ ‘ਵਪਾਰ ਸਰਲੀਕਰਨ ਸਮਝੌਤੇ’ ਬਾਰੇ ਭਾਰਤ ਦੇ ਫੈਸਲੇ, ਮਾਲ-ਵਸਤਾਂ ਦੇ ਖੁੱਲ੍ਹੇ ਆਦਾਨ-ਪ੍ਰਦਾਨ ਸਬੰਧੀ ਨਿਯਮਾਂ ਨੂੰ ਸਰਲ ਕਰਨ ‘ਤੇ ਨਿਰਾਸ਼ਾ ਪ੍ਰਗਟ ਕਰ ਚੁੱਕੇ ਹਨ। ਮੀਟਿੰਗ ਪਿੱਛੋਂ ਅਧਿਕਾਰਤ ਜਾਣਕਾਰੀ ‘ਚ ਉਨ੍ਹਾਂ ਦੱਸਿਆ ਗਿਆ ਕਿ ਸਾਡੇ ਵਿਚਕਾਰ ਵਧੀਆ ਗੱਲਬਾਤ ਹੋਈ। ਭਾਰਤ ਇਕ ਵੱਡਾ ਬਾਜ਼ਾਰ ਹੈ। ਅਸੀਂ ਮੀਟਿੰਗ ਦੌਰਾਨ ਵਿਸ਼ਵ ਵਪਾਰ ਸੰਗਠਨ ਨਾਲ ਸਬੰਧਿਤ ਮੁੱਦਿਆਂ ਬਾਰੇ ਵੀ ਗੱਲਬਾਤ ਕੀਤੀ।

468 ad