ਮੋਦੀ ਨੇ ਹਿੰਦੂ ਪੱਤਾ ਖੇਡ ਕੇ ਪ੍ਰਾਪਤ ਕੀਤੀ ਵੱਡੀ ਜਿੱਤ

 

1984 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। 84 ਵਿਚ ਰਾਜੀਵ ਗਾਂਧੀ ਨੇ ਹਿੰਦੂ ਪੱਤਾ ਖੇਡ ਕੇ ਦੋ ਤਿਹਾਈ ਸੀਟਾਂ ਪ੍ਰਾਪਤ ਕਰ ਲਈਆਂ ਸਨ। ਇਸ ਵਾਰ ਨਰਿੰਦਰ ਮੋਦੀ ਨੇ ਵੀ, ਰਾਜੀਵ ਗਾਂਧੀ ਦੀ ਤਰਜ਼ ਤੇ, ਹਿੰਦੂ ਲਹਿਰ ਖੜੀ ਕਰ ਕੇ, ਰਾਜੀਵ ਵਰਗੀ ਹੀ ਸਫ਼ਲਤਾ ਪ੍ਰਾਪਤ ਕਰ ਲਈ ਹੈ। 2009 ਦੀਆਂ ਚੋਣਾਂ ਵਿਚ ਭਾਜਪਾ ਨੂੰ ਸਿਰਫ਼ 116 ਸੀਟਾਂ ਹੀ ਮਿਲੀਆਂ ਸਨ ਪਰ ਇਸ ਵਾਰ ਭਗਵਾਂ ਪਾਰਟੀ ਨੇ ਗੁਜਰਾਤ, ਰਾਜਸਥਾਨ, ਉਤਰਾਖੰਡ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਗੋਆ ਵਰਗੇ ਸੂਬਿਆਂ ਵਿਚ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹਣ ਦਿਤਾ।

ਲੋਕ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕਰਦਿਆਂ ਭਾਜਪਾ ਅਪਣੇ ਦਮ ‘ਤੇ ਸਰਕਾਰ ਬਣਾਉਣ ਦੇ ਸਮਰੱਥ ਹੋ ਗਈ ਹੈ ਜਦਕਿ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ 283 ਸੀਟਾਂ ਮਿਲੀਆਂ ਹਨ ਜੋ 543 ਮੈਂਬਰੀ ਲੋਕ ਸਭਾ ਵਿਚ ਸਧਾਰਣ ਬਹੁਮਤ ਦੇ ਅੰਕੜੇ 272 ਤੋਂ ਅੱਠ ਜ਼ਿਆਦਾ ਹਨ।

ਕਾਂਗਰਸ ਦੀ ਅਗਵਾਈ ਵਾਲਾ ਯੂਪੀਏ 58 ਸੀਟਾਂ ‘ਤੇ ਸੀਮਤ ਹੋ ਗਿਆ ਹੈ ਜਦਕਿ ਤਾਮਿਲਨਾਡੂ ਵਿਚ ਜੈਲਲਿਤਾ ਦੀ ਅੰਨਾ ਡੀ.ਐਮ.ਕੇ., ਪਛਮੀ ਬੰਗਾਲ ਵਿਚ ਮਮਤਾ ਬੈਨਰਜੀ ਅਤੇ ਉੜੀਸਾ ਵਿਚ ਬੀਜੂ ਜਨਤਾ ਦਲ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਜੈਲਲਿਤਾ ਦੀ ਪਾਰਟੀ ਨੇ ਸੂਬੇ ਦੀਆਂ ਕੁਲ 39 ਸੀਟਾਂ ਵਿਚੋਂ 36, ਤ੍ਰਿਣਮੂਲ ਕਾਂਗਰਸ ਨੇ 42 ਵਿਚੋਂ 34 ਅਤੇ ਬੀਜੂ ਜਨਤਾ ਦਲ ਨੇ 19 ਵਿਚੋਂ 17 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।

ਲੋਕ ਸਭਾ ਸੀਟਾਂ ਦੀ ਗਿਣਤੀ ਪੱਖੋਂ ਦੇਸ਼ ਦਾ ਸੱਭ ਤੋਂ ਵੱਡਾ ਸੂਬਾ ਮੰਨੇ ਜਾਂਦੇ ਉਤਰ ਪ੍ਰਦੇਸ਼ ਦੀਆਂ 80 ਸੀਟਾਂ ਵਿਚੋਂ 71 ਭਾਜਪਾ ਦੀ ਝੋਲੀ ਵਿਚ ਗਈਆਂ ਹਨ ਜਦਕਿ ਬਾਕੀ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਹਿੱਸੇ ਵਿਚ ਆਈਆਂ ਹਨ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਸ ਅਨੁਸਾਰ ਕੋਈ ਕ੍ਰਿਸ਼ਮਾ ਨਾ ਵਿਖਾ ਸਕੀ। ਇਥੋਂ ਤਕ ਕਿ ਕੌਮੀ ਰਾਜਧਾਨੀ ਵਿਚ ਵੀ ਉਸ ਨੂੰ ਕੋਈ ਸੀਟ ਨਹੀਂ ਮਿਲੀ ਜਿਥੇ ਕੁੱਝ ਮਹੀਨੇ ਪਹਿਲਾਂ ਪਾਰਟੀ ਨੇ ਵਿਧਾਨ ਸਭਾ ਚੋਣਾਂ ਰਾਹੀਂ ਧਮਾਕੇਦਾਰ ਸ਼ੁਰੂਆਤ ਕੀਤੀ ਸੀ।

ਉਤਰ ਪ੍ਰਦੇਸ਼ ਵਿਚ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ ਜਦਕਿ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਪਰਵਾਰਕ ਮੈਂਬਰਾਂ ਨੂੰ ਹੀ ਜਿੱਤ ਨਸੀਬ ਹੋਈ।

ਵੋਟਾਂ ਦੇ ਪ੍ਰਤੀਸ਼ਤ ਦੇ ਹਿਸਾਬ ਨਾਲ ਬਸਪਾ ਨੂੰ ਸਮਾਜਵਾਦੀ ਪਾਰਟੀ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ ਪਰ ਸੀਟ ਇਕ ਵੀ ਨਹੀਂ ਮਿਲੀ।

ਉਧਰ ਦਿੱਲੀ ਵਿਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਕੌਮੀ ਰਾਜਧਾਨੀ ਦੀ ਕੋਈ ਸੀਟ ਨਾ ਜਿੱਤ ਸਕੀ। ਕੇਜਰੀਵਾਲ ਦੀ ਪਾਰਟੀ ਲਈ ਤਸੱਲੀ ਵਾਲੀ ਗੱਲ ਇਹ ਰਹੀ ਕਿ ਇਸ ਨੂੰ ਪਈਆਂ ਵੋਟਾਂ ਦੇ ਪ੍ਰਤੀਸ਼ਤ ਵਿਚ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਤਿੰਨ ਫ਼ੀ ਸਦੀ ਵਾਧਾ ਹੋਇਆ ਹੈ। ਕੇਜਰੀਵਾਲ ਦੀ ਪਾਰਟੀ ਨੂੰ ਪੰਜਾਬੀਆਂ ਨੇ ਮਾਣ ਬਖ਼ਸ਼ਿਆ ਅਤੇ ਪਾਰਟੀ ਚਾਰ ਸੀਟਾਂ ਜਿੱਤਣ ਵਿਚ ਸਫ਼ਲ ਰਹੀ।

ਬਸਪਾ ਵਰਗਾ ਹਾਲ ਤਾਮਿਲਨਾਡੂ ਵਿਚ ਕਰੁਣਾਨਿਧੀ ਦੀ ਪਾਰਟੀ ਨਾਲ ਹੋਇਆ ਜੋ ਇਕ ਵੀ ਸੀਟ ਨਾ ਜਿੱਤ ਸਕੀ। ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਸ ਵਿਚ ਬਹੁਤ ਸਹਿਣ ਸ਼ਕਤੀ ਹੈ ਅਤੇ ਉਹ ਇਸ ਤੋਂ ਵੀ ਮਾੜੇ ਹਾਲਾਤ ਦਾ ਸਾਹਮਣਾ ਕਰ ਸਕਦੀ ਹੈ।

ਖੱਬੇ ਪੱਖੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਹਾਲਤ 2009 ਦੀਆਂ ਲੋਕ ਸਭਾ ਚੋਣਾਂ ਤੋਂ ਵੀ ਮਾੜੀ ਹੋ ਗਈ ਹੈ। ਪਛਮੀ ਬੰਗਾਲ ਵਿਚ ਭਾਜਪਾ ਮੁੱਖ ਵਿਰੋਧੀ ਧਿਰ ਬਣ ਕੇ ਉਭਰੀ ਹੈ ਜਦਕਿ ਖੱਬੇ ਪੱਖੀਆਂ ਨੂੰ ਸੂਬੇ ਵਿਚ ਸਿਰਫ਼ ਦੋ ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਕੌਮੀ ਪੱਧਰ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਾਰ ਖੱਬੂਆਂ ਨੂੰ 12 ਸੀਟਾਂ ਨਾਲ ਸਬਰ ਕਰਨਾ ਪਵੇਗਾ ਜਦਕਿ ਪਿਛਲੀ ਵਾਰ ਉਨ੍ਹਾਂ ਕੋਲ 24 ਸੀਟਾਂ ਸਨ। ਸੀਪੀਆਈ ਦੇ ਡੀ. ਰਾਜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦੀ ਗੰਭੀਰਤਾ ਨਾਲ ਪੜਚੋਲ ਕੀਤੀ ਜਾਵੇਗੀ।

468 ad