ਮੋਦੀ ਦੇ ‘ਬੇਟੇ’ ਦੀ ਤਸਵੀਰ ਆਈ ਸਾਹਮਣੇ!

ਮੋਦੀ ਦੇ 'ਬੇਟੇ' ਦੀ ਤਸਵੀਰ ਆਈ ਸਾਹਮਣੇ!

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨੇਪਾਲ ‘ਚ ਇਕ ਧਰਮਪੁੱਤਰ ਵੀ ਹੈ। ਮੋਦੀ ਨੇ ਆਪਣੇ ਇਸ ਧਰਮਪੁੱਤਰ ਨੂੰ ਨਾ ਸਿਰਫ ਪਾਲਿਆ ਪੋਸਿਆ ਹੈ ਸਗੋਂ ਚੰਗੀ ਪੜ੍ਹਾਈ-ਲਿਖਾਈ ਵੀ ਕਰਵਾਈ ਹੈ। ਜੀਤ ਬਹਾਦੁਰ ਦੇ ਪਰਿਵਾਰ ਵਾਲੇ ਉਸ ਨੂੰ ਨਰਿੰਦਰ ਮੋਦੀ ਦਾ ਧਰਮਪੁੱਤਰ ਮੰਨਦੇ ਹਨ। ਜੀਤ ਬਹਾਦੁਰ ਪਿਛਲੇ 12 ਸਾਲਾਂ ਤੋਂ ਮੋਦੀ ਦੇ ਨਾਲ ਹੈ ਅਤੇ ਹੁਣ ਅਹਿਮਦਾਬਾਦ ‘ਚ ਬੀ. ਬੀ. ਏ. ਦੀ ਪੜ੍ਹਾਈ ਕਰ ਰਿਹਾ ਹੈ। 10 ਸਾਲ ਦੀ ਉਮਰ ‘ਚ ਜੀਤ ਬਹਾਦੁਰ ਭਾਰਤ ‘ਚ ਆ ਕੇ ਲਾਪਤਾ ਹੋ ਗਿਆ ਸੀ। ਮੋਦੀ ਨੇ ਨਾ ਸਿਰਫ ਉਸ ਨੂੰ ਪਾਲਿਆ ਅਤੇ ਪੜ੍ਹਾਇਆ ਸਗੋਂ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ‘ਚ ਵੀ ਅਹਿਮ ਭੂਮਿਕਾ ਨਿਭਾਈ। ਇਸ ਲਈ ਜੀਤ ਬਹਾਦੁਰ ਦੀ ਮਾਂ ਵੀ ਉਸ ਨੂੰ ਮੋਦੀ ਦਾ ਧਰਮਪੁੱਤਰ ਮੰਨਦੀ ਹੈ। ਖਗਿਸਰਾ ਸਾਹੂ ਦਾ ਕਹਿਣਾ ਹੈ ਕਿ ਉਸ ਨੇ ਜੀਤ ਬਹਾਦੁਰ ਨੂੰ ਸਿਰਫ ਜਨਮ ਦਿੱਤਾ ਹੈ ਜਦੋਂਕਿ ਮੋਦੀ ਨੇ ਉਸ ਲਈ ਬਹੁਤ ਕੁਝ ਕੀਤਾ ਹੈ। ਓਧਰ ਜੀਤ ਬਹਾਦੁਰ 12 ਸਾਲ ਬਾਅਦ ਜੁਲਾਈ 2011 ‘ਚ ਆਪਣੇ ਘਰ ਆਇਆ ਸੀ। ਉਹ ਆਪਣੇ ਨਾਲ ਇਕ ਤਸਵੀਰ ਲਿਆਇਆ ਸੀ ਜਿਸ ਵਿਚ ਮੋਦੀ ਉਸ ਨਾਲ ਹੱਥ ਮਿਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਜੀਤ ਬਹਾਦੁਰ ਨੇ ਦੱਸਿਆ ਕਿ ਮੋਦੀ ਉਸ ਦਾ ਬਹੁਤ ਧਿਆਨ ਰੱਖਦੇ ਹਨ। ਇੱਥੋਂ ਤੱਕ ਕਿ ਉਸ ਨੂੰ ਛੁੱਟੀਆਂ ‘ਚ ਬਾਹਰ ਘੁੰਮਣ ਲਈ ਵੀ ਭੇਜਦੇ ਹਨ। ਜੀਤ ਬਹਾਦੁਰ ਦਾ ਪਰਿਵਾਰ ਨੇਪਾਲ ਦੇ ਨਵਲਪਰਾਸੀ ਜ਼ਿਲੇ ਦੇ ਕਵਾਸਤੀ ਲੋਕਾਹਾ ਪਿੰਡ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਬਹੁਤ ਗਰੀਬ ਹੈ। 1998 ‘ਚ ਉਹ ਆਪਣੇ ਭਰਾ ਦਸ਼ਰਥ ਨਾਲ ਦਿੱਲੀ ਕੰਮ ਦੀ ਭਾਲ ‘ਚ ਗਿਆ। ਕੁਝ ਦਿਨ ਦਿੱਲੀ ਕੰਮ ਕਰਨ ਤੋਂ ਬਾਅਦ ਉਹ ਰਾਜਸਥਾਨ ਚਲਾ ਗਿਆ। ਰਾਜਸਥਾਨ ‘ਚ ਉਸ ਦਾ ਮਨ ਨਹੀਂ ਲੱਗਾ ਤਾਂ ਉਹ ਉੱਥੋਂ ਭੱਜ ਕੇ ਘਰ ਆਉਣਾ ਚਾਹੁੰਦਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਗੋਰਖਪੁਰ ਦੀ ਟ੍ਰੇਨ ‘ਚ ਬੈਠਣ ਦੀ ਬਜਾਏ ਅਹਿਮਦਾਬਾਦ ਦੀ ਟ੍ਰੇਨ ‘ਚ ਬੈਠ ਗਿਆ। ਇਕ ਮਹਿਲਾ ਨੇ ਉਸ ਨੂੰ ਨਰਿੰਦਰ ਮੋਦੀ ਤੱਕ ਪਹੁੰਚਾਇਆ। ਉਸ ਸਮੇਂ ਤੋਂ ਜੀਤ ਬਹਾਦੁਰ ਮੋਦੀ ਦੇ ਨਾਲ ਹੈ।

468 ad