ਮੋਦੀ ਦੀ ਸੁਨਾਮੀ ‘ਚ ਉੱਡੀ ਕਾਂਗਰਸ, ਭਾਜਪਾ ਨੂੰ ਸਪੱਸ਼ਟ ਬਹੁਮਤ

ਮੋਦੀ ਦੀ ਸੁਨਾਮੀ 'ਚ ਉੱਡੀ ਕਾਂਗਰਸ, ਭਾਜਪਾ ਨੂੰ ਸਪੱਸ਼ਟ ਬਹੁਮਤ

16ਵੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਚ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਭਰ ‘ਚ ਸਪੱਸ਼ਟ ਬਹੁਮਤ ਮਿਲਿਆ ਹੈ। 1984 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਦੇਸ਼ ‘ਚ ਕਿਸੇ ਇਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਿਆ ਹੋਵੇ। ਪਿਛਲੇ 10 ਸਾਲ ਤੋਂ ਦੇਸ਼ ਦੀ ਸੱਤਾ ‘ਤੇ ਕਾਬਜ਼ ਕਾਂਗਰਸ 50 ਸੀਟਾਂ ਵੀ ਨਹੀਂ ਜਿੱਤ ਸਕੀ ਅਤੇ ਸਿਰਫ 45 ਸੀਟਾਂ ‘ਤੇ ਹੀ ਅੱਗੇ ਚੱਲ ਰਹੀ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਖੁਦ ਆਪਣੇ ਦਮ ‘ਤੇ 284 ਸੀਟਾਂ ਹਾਸਲ ਕਰਨ ‘ਚ ਕਾਮਯਾਬ ਹੋਈ ਹੈ। ਮੋਦੀ ਦੀ ਅਗਵਾਈ ਵਾਲੇ ਐੱਨ. ਡੀ. ਏ. ਨੂੰ ਇਨ੍ਹਾਂ ਚੋਣਾਂ ‘ਚ 335 ਸੀਟਾਂ ਮਿਲਣ ਦੀ ਆਸ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ‘ਚ ਫਲਾਪ ਰਹੀ। 
ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਹਨ, ਜਦੋਂ ਕਿ ਉੱਤਰ ਪ੍ਰਦੇਸ਼ ‘ਚ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਅਤੇ ਸ਼ਾਜੀਆ ਇਲਮੀ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਵਾਰਾਣਸੀ ‘ਚ ਨਰਿੰਦਰ ਮੋਦੀ ਨੂੰ ਟੱਕਰ ਦੇਣ ਗਏ ਅਰਵਿੰਦ ਕੇਜਰੀਵਾਲ ਵੀ ਤਾਜਾ ਰੁਝਾਨਾਂ ਮੁਤਾਬਕ ਕਰੀਬ 3 ਲੱਖ ਵੋਟ ਤੋਂ ਪਿੱਛੇ ਚੱਲ ਰਹੇ ਹਨ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਤੋਂ ਬਾਅਦ ਏ. ਆਈ. ਏ. ਡੀ. ਐੱਮ. ਕੇ. ਨੂੰ 35 ਸੀਟਾਂ ਮਿਲਣ ਦੀ ਉਮੀਦ ਹੈ, ਜਦੋਂ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ. ਐੱਮ. ਸੀ. ਨੂੰ 33 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। 
ਇਨ੍ਹਾਂ ਤੋਂ ਇਲਾਵਾ ਬਾਕੀ ਰਾਸ਼ਟਰੀ ਪਾਰਟੀਆਂ ਦਹਾਈ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀਆਂ। ਸਿਰਫ ਸ਼ਿਵ ਸੈਨਾ ਨੇ 18 ਅਤੇ ਟੀ. ਡੀ. ਪੀ. ਨੇ 13 ਸੀਟਾਂ ‘ਤੇ ਲੀਡ ਹਾਸਲ ਕੀਤੀ ਹੋਈ ਹੈ, ਜਦੋਂ ਕਿ ਜਨਤਾ ਦਲ (ਯੂ) 2 ਸੀਟਾਂ, ਐੱਨ. ਸੀ. ਪੀ. 2 ਸੀਟਾਂ, ਸਪਾ 5 ਸੀਟਾਂ, ਸੀ. ਪੀ. ਆਈ. 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਬਹੁਜਨ ਸਮਾਜ ਪਾਰਟੀ ਦਾ ਇਨ੍ਹਾਂ ਚੋਣਾਂ ‘ਚ ਖਾਤਾ ਵੀ ਨਹੀਂ ਖੁੱਲ ਸਕਿਆ ਹੈ।

468 ad