ਮੋਗਾ ‘ਚ ਬਿਜਲੀ ਗ੍ਰਿਡ ਨੂੰ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ

ਮੋਗਾ- ਸ਼ਨੀਵਾਰ ਦੁਪਹਿਰ 2 ਵਜੇ ਦੇ ਕਰੀਬ ਮੋਗਾ-ਕੋਟਕਪੂਰਾ ਰੋਡ ਤੇ ਬਣੇ 220 ਕੇ.ਵੀ. ਗ੍ਰਿਡ ਸਬ ਸਟੇਸ਼ਨ ਸਿੰਘਾ ਵਾਲਾ ਵਿਖੇ ਅਚਾਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੀ ਮਸ਼ੀਨਰੀ ਸਾੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਗ੍ਰਿਡ ਤੋਂ ਕੁਝ ਹੀ ਦੂਰ ਬਿਜਲੀ ਲਾਈਨਾਂ ‘ਚ ਸਪਾਰਕਿੰਗ ਹੋਈ ਜੋ ਕਿ ਦੇਖਦਿਆਂ ਹੀ ਦੇਖਦਿਆਂ ਕੰਟਰੋਲ ਰੂਮ ‘ਚ ਪਹੁੰਚ ਗਈ ਜਿਥੇ ਕਿ ਇਕ ਦਮ ਵੱਡਾ ਧਮਾਕਾ ਹੋਇਆ ਅਤੇ ਕੰਟਰੋਲ ਰੂਮ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ ਅਤੇ ਨਾਲੋ ਨਾਲ ਹੀ ਕੰਟਰੋਲ ਰੂਮ ਤੋਂ Fire Gridਥੋੜੀ ਦੂਰ ਪਏ ਇਕ ਵੱਡੇ ਟਰਾਂਸਫਾਰਮ ਨੂੰ ਵੀ ਅੱਗ ਲੱਗ ਗਈ। ਘਟਨਾ ਦਾ ਪਤਾ ਲੱਗਦਿਆਂ ਤੁਰੰਤ ਮੋਗਾ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ਤੇ ਪੁੱਜ ਗਈਆਂ ਜਿੰਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਟਰਾਂਸਫਾਰਮ ਵਿਚ ਹਜ਼ਾਰਾਂ ਲੀਟਰ ਤੇਲ ਹੋਣ ਕਰਕੇ ਅੱਗ ਪਾਣੀ ਨਾਲ ਕਾਬੂ ਨਹੀਂ ਸੀ ਹੋ ਰਹੀ ਜਿਸ ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ‘ਚ ਪਾਣੀ ਦੇ ਨਾਲ-ਨਾਲ ਫੋਮ ਕੈਮੀਕਲ ਮਿਕਸ ਕਰਕੇ ਲਿਆਂਦਾ ਗਿਆ ਜਿਸ ਦੀ ਸਹਾਇਤਾ ਨਾਲ ਲਗਭਗ ਡੇਢ ਤੋਂ ਦੋ ਘੰਟੇ ਦੀ ਜੱਦੋ ਜਹਿਦ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਫ਼ਰੀਦਕੋਟ, ਫਿਰੋਜ਼ਪੁਰ, ਮੁਕਤਸਰ ਅਤੇ ਮੋਗਾ ਦੇ ਕੁਝ ਹਿੱਸੇ ਨੂੰ ਬਿਜਲੀ ਸਪਲਾਈ ਜਾਂਦੀ ਹੈ। ਇਸੇ ਗ੍ਰਿਡ ‘ਚੋਂ ਮੋਗਾ ਸਿਵਲ ਹਸਪਤਾਲ ਨੂੰ ਹਾਟ ਲਾਈਨ ਸਪਲਾਈ ਵੀ ਦਿੱਤੀ ਹੋਈ ਹੈ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਅਨੁਸਾਰ ਇਸ ਅੱਗ ਲੱਗਣ ਦੀ ਘਟਨਾ ਨਾਲ 25-26 ਦੇ ਕਰੀਬ 11 ਕੇ.ਵੀ. ਪੈਨਲ, 12.5 ਐਮ.ਬੀ.ਏ, 132/11 ਕੇ.ਵੀ. ਦਾ ਟਰਾਂਸਫਾਰਮ ਅਤੇ ਬਿਜਲੀ ਸਪਲਾਈ ਨੂੰ ਕੰਟਰੋਲ ਕਰਨ ਲਈ ਸਥਾਪਿਤ ਕੰਟਰੋਲ ਰੂਮ ਸੜ•ਕੇ ਸੁਆਹ ਹੋ ਗਿਆ। ਅਧਿਕਾਰੀਆਂ ਅਨੁਸਾਰ ਇਸ ਘਟਨਾ ਨਾਲ ਮਹਿਕਮੇ ਦਾ ਲਗਭਗ 5 ਤੋਂ 6 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਹਿਕਮੇ ਨੇ ਫਿਰੋਜ਼ਪੁਰ, ਮੁਕਤਸਰ ਅਤੇ ਫ਼ਰੀਦਕੋਟ ਤੋਂ ਇਲਾਵਾ ਮੋਗਾ ਦੀ ਸਪਲਾਈ ਚਾਲੂ ਰੱਖਣ ਲਈ ਬਦਲਵੇਂ ਪ੍ਰਬੰਧ ਕਰ ਦਿੱਤੇ ਹਨ ਅਤੇ ਇਸ ਕੰਟਰੋਲ ਰੂਮ ਨੂੰ ਦੁਬਾਰਾ ਤੋਂ ਸਥਾਪਤ ਕਰਨ ਲਈ ਘੱਟੋ ਘੱਟ 10 ਤੋਂ 15 ਦਿਨ ਦਾ ਸਮਾਂ ਲੱਗੇਗਾ, ਜਿਸ ਵਿਚ ਪੰਜਾਬ ਭਰ ਤੋਂ ਤਕਨੀਕੀ ਕਾਮੇ ਅਤੇ ਇੰਜਨੀਅਰ ਪਹੁੰਚ ਕੇ ਇਸ ਕੰਟਰੋਲ ਰੂਮ ਦੀ ਸਥਾਪਨਾ ਕਰਨਗੇ। ਸ਼ਨੀਵਾਰ ਨੂੰ ਘਟਨਾ ਦਾ ਪਤਾ ਚੱਲਦਿਆਂ ਹੀ ਤਹਿਸੀਲਦਾਰ ਲਖਵੀਰ ਸਿੰਘ, ਡੀ.ਐਸ.ਪੀ. ਜਸਪਾਲ ਸਿੰਘ, ਨਗਰ ਕੌਂਸਲ ਮੋਗਾ ਦੇ ਕਾਰਜ ਸਾਧਕ ਅਫ਼ਸਰ ਕੁਲਵੀਰ ਸਿੰਘ ਬਰਾੜ, ਪਾਵਰਕਾਮ ਦੇ ਐਸ.ਸੀ. ਮਹਿੰਦਰ ਸਿੰਘ ਬਰਾੜ,ਐਕਸੀਅਨ ਜਸਪ੍ਰੀਤ ਸਿੰਘ ਸਰਾਂ, ਐਕਸੀਅਨ ਕੁਲਦੀਪ ਸਿੰਘ ਧੰਜੂ ਬਾਘਾ ਪੁਰਾਣਾ, ਐਕਸੀਅਨ ਗ੍ਰਿਡ ਦਰਸ਼ਨ ਸਿੰਘ, ਐਸ. ਐਚ. ਓ ਸਿਟੀ ਸਾਊਥ ਜਤਿੰਦਰਜੀਤ ਸਿੰਘ ਸਮੇਤ ਪਾਵਰਕਾਮ ਦੇ ਅਨੇਕਾਂ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿੰਨਾਂ ਨੇ ਅੱਗ ਬੁਝਾਉਣ ਲਈ ਰਾਹਤ ਕਾਰਜਾਂ ‘ਚ ਸਹਿਯੋਗ ਦਿੱਤਾ। ਅੱਗ ਤੇ ਕਾਬੂ ਪਾਉਣ ਲਈ ਮੋਗਾ ਦੇ ਫਾਇਰ ਅਫ਼ਸਰ ਭੁਪਿੰਦਰ ਸਿੰਘ ਸਿੱਧੂ ਅਤੇ ਅਰੁਣ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਸਿਰ ਤੋੜ ਯਤਨ ਕੀਤੇ। ਇਸ ਘਟਨਾ ਦੌਰਾਨ ਅੱਗ ਤੇ ਕਾਬੂ ਪਾਉਣ ਲਈ ਜਗਰਾਓਂ ਤੋਂ ਇਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਜੋ ਕਿ ਸਰਕਾਰ ਨੇ ਅਜੇ ਹੁਣੇ-ਹੁਣੇ ਹੀ ਜਗਰਾਓਂ ਨੂੰ ਅਲਾਟ ਕੀਤੀ ਹੈ ਅਤੇ ਇਸ ਦਾ ਅਜੇ ਰਸਮੀ ਤੌਰ ਤੇ ਉਦਘਾਟਨ ਵੀ ਹੋਣਾ ਹੈ। ਇਸ ਘਟਨਾ ਸਬੰਧੀ ਗੱਲਬਾਤ ਕਰਦਿਆਂ ਐਕਸੀਅਨ ਗਰਿੱਡ ਦਰਸ਼ਨ ਸਿੰਘ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਟੀਮ ਪਹੁੰਚ ਕੇ ਮੁਆਇਨਾ ਕਰੇਗੀ ਅਤੇ ਬਾਅਦ ‘ਚ ਹੀ ਹੋਏ ਨੁਕਸਾਨ ਅਤੇ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ।

468 ad