ਮੈਨੂੰ ਕੁਝ ਹੁੰਦਾ ਹੈ ਤਾਂ ਡਰੱਗਜ਼ ਦੇ ਕਾਰੋਬਾਰੀ ਹੋਣਗੇ ਇਸ ਦੇ ਜ਼ਿੰਮੇਵਾਰ-ਸ਼ਸ਼ੀਕਾਂਤ

ਮੈਨੂੰ ਕੁਝ ਹੁੰਦਾ ਹੈ ਤਾਂ ਡਰੱਗਜ਼ ਦੇ ਕਾਰੋਬਾਰੀ ਹੋਣਗੇ ਇਸ ਦੇ ਜ਼ਿੰਮੇਵਾਰ

ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਅਜਿਹੇ ਵਿਚ ਇਸ ਦੀ ਜ਼ਿੰਮੇਵਾਰੀ ਪੰਜਾਬ ਦੇ ਡਰੱਗ ਮੈਟਰ ਵਿਚ ਸ਼ਾਮਲ ਰਾਜ ਨੇਤਾ ਤੇ ਪੁਲਸ ਹੀ ਹੋਵੇਗੀ। ਹਾਈਕੋਰਟ ਵਲੋਂ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਹ ਗੱਲ ਕਹੀ। ਹਾਈਕੋਰਟ ਵਿਚ ਸ਼ਸ਼ੀਕਾਂਤ ਦੀ ਪਟੀਸ਼ਨ ਦਾ ਠੋਸ ਆਧਾਰ ਨਾ ਹੋਣ ਕਾਰਨ ਮੁੜ ਹਾਈਕੋਰਟ ਆਉਣ ਦੀ ਆਜ਼ਾਦੀ ਦਿੰਦਿਆਂ ਖਾਰਿਜ ਕਰ ਦਿੱਤੀ ਗਈ। ਸ਼ਸ਼ੀਕਾਂਤ ਨੇ ਇਸ ਤੋਂ ਬਾਅਦ ਆਪਣੀ ਪਟੀਸ਼ਨ ਵਾਪਸ ਲੈ ਲਈ ਸੀ। ਧਿਆਨਯੋਗ ਹੈ ਕਿ ਮੰਗਲਵਾਰ ਨੂੰ ਸ਼ਸ਼ੀਕਾਂਤ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਅਤੇ ਹਾਈਕੋਰਟ ਨੂੰ ਅਪੀਲ ਕੀਤੀ ਸੀ ਕਿ ਡਰੱਗ ਮਾਮਲੇ ਵਿਚ ਉਨ੍ਹਾਂ ਪੰਜਾਬ ਦੇ ਕਈ ਹਾਈਪ੍ਰੋਫਾਈਲ ਲੋਕਾਂ ਦੇ ਨਾਮ ਉਜਾਗਰ ਕੀਤੇ ਹਨ। ਇਸ ਤੋਂ ਇਲਾਵਾ ਕਈ ਪੁਲਸ ਅਧਿਕਾਰੀ ਵੀ ਇਸ ਮਾਮਲੇ ਵਿਚ ਸ਼ਾਮਲ ਪਾਏ ਗਏ ਸਨ, ਜਿਨ੍ਹਾਂ ਖਿਲਾਫ਼ ਉਨ੍ਹਾਂ ਮੁਹਿੰਮ ਚਲਾਈ ਹੈ। ਅਜਿਹੇ ਵਿਚ ਕਦੇ ਵੀ ਉਨ੍ਹਾਂ ਖਿਲਾਫ਼ ਸਾਜ਼ਿਸ਼ ਤਹਿਤ ਕੋਈ ਝੂਠਾ ਮਾਮਲਾ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਮਾਮਲਾ ਬਣਾਉਣ ਦੇ ਸ਼ੱਕ ਦੇ ਚਲਦਿਆਂ ਉਨ੍ਹਾਂ ਨੂੰ ਹਾਈਕੋਰਟ ਅਗਾਊਂ ਜ਼ਮਾਨਤ ਦੇਵੇ। ਨਾਲ ਹੀ ਉਨ੍ਹਾਂ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਮਾਮਲੇ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸ਼ਸ਼ੀਕਾਂਤ ਨੂੰ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਸਿਰਫ਼ ਇਸ ਗੱਲ ਦਾ ਸ਼ੱਕ ਹੈ ਕਿ ਉਨ੍ਹਾਂ ਖਿਲਾਫ਼ ਕੋਈ ਸਾਜ਼ਿਸ਼ ਹੋ ਸਕਦੀ ਹੈ ਅਤੇ ਸ਼ੱਕ ਦੇ ਚਲਦਿਆਂ ਉਨ੍ਹਾਂ ਦੀ ਪਟੀਸ਼ਨ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਹਾਈਕੋਰਟ ਨੇ ਇਸ ਮਾਮਲੇ ਵਿਚ ਪਟੀਸ਼ਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ‘ਤੇ ਅਜਿਹੀ ਕੋਈ ਸਮੱਸਿਆ ਆਈ ਜਾਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਵੇ ਤਾਂ ਉਹ ਅਦਾਲਤ ਵਿਚ ਪਹੁੰਚ ਸਕਦੇ ਹਨ। ਅਦਾਲਤ ਦੇ ਇਸ ਰੁਖ਼ ਤੋਂ ਬਾਅਦ ਸ਼ਸ਼ੀਕਾਂਤ ਨੇ ਆਪਣੀ ਪ੍ਰਤੀਕਿਰਿਆ ਵਿਚ ਕਿਹਾ ਕਿ ਇਸ ਮਾਮਲੇ ਵਿਚ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਡਰੱਗਜ਼ ਖਿਲਾਫ਼ ਉਹ ਆਪਣੀ ਜੰਗ ਆਖਰੀ ਸਾਹ ਤੱਕ ਜਾਰੀ ਰੱਖਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਡਰੱਗਜ਼ ਦੇ ਇੰਨੇ ਵੱਡੇ ਮਾਮਲਿਆਂ ਦਾ ਖੁਲਾਸਾ ਕਰਨ ਤੋਂ ਬਾਅਦ ਕਦੇ ਵੀ ਉਨ੍ਹਾਂ ‘ਤੇ ਕੋਈ ਵੀ ਕਾਰਵਾਈ ਜਾਂ ਹਮਲਾ ਹੋ ਸਕਦਾ ਹੈ।

468 ad