ਮੈਂਬਰ ਗੁਰਲਾਡ ਸਿੰਘ ਨੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ

ਦਿੱਲੀ ‘ਚ ਅਕਾਲੀ ਸਿਆਸਤ ਗਰਮਾਈ
ਜਲੰਧਰ- ਦੇਸ਼ ‘ਚ ਜਿਥੇ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚਲ ਰਹੀ ਹੈ, ਉਥੇ ਦੂਜੇ ਪਾਸੇ ਦਿੱਲੀ ‘ਚ ਅਕਾਲੀ ਸਿਆਸਤ ਗਰਮਾ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਰਾਣੀ ਬਾਗ ਤੋਂ ਮੈਂਬਰ ਗੁਰਲਾਡ ਸਿੰਘ ਕਾਹਲੋਂ ਨੇ ਸ਼੍ਰੋਮਣੀ ਅਕਾਲੀ ਦਲ Gurlad(ਬਾਦਲ) ਦੀ ਮੈਂਬਰੀ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਭੇਜੇ ਆਪਣੇ ਅਸਤੀਫੇ ‘ਚ ਗੁਰਲਾਡ ਸਿੰਘ ਨੇ ਕਿਹਾ ਕਿ ਪਾਰਟੀ ਹੁਣ ਦੋਹਰੇ ਮਾਪਦੰਡ ਅਪਣਾ ਰਹੀ ਹੈ  ਜਿਹੜੇ ਆਪਣੇ ਨੇਤਾਵਾਂ ਲਈ ਕੁਝ ਹੋਰ ਅਤੇ ਹੋਰ ਪਾਰਟੀਆਂ ਦੇ ਲਈ ਕੁਝ ਹੋਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਹੋਰ ਦਲਾਂ ਵਿਰੁੱਧ ਧਰਨੇ ਦੇ ਕੇ ਖੁਦ ਨੂੰ ਪੰਥਕ ਕਹਾ ਰਹੀ ਹੈ ਪਰ ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ‘ਚ ਸਾਰਿਆਂ ਨੇ ਚੁੱਪ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦੇਸ਼-ਵਿਦੇਸ਼ ‘ਚ ਸਿੱਖਾਂ ਦੀ ਰੱਖਿਆ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਪੰਜਾਬ ‘ਚ ਨਸ਼ਿਆਂ ਦਾ ਕਾਰੋਬਾਰ ਇੰਨਾ ਵਧ ਗਿਆ ਹੈ ਕਿ ਸਿੱਖ ਨੌਜਵਾਨ ਨਸ਼ਿਆਂ ਦੀ ਲਪੇਟ ‘ਚ ਤੇਜ਼ੀ ਨਾਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਰਕਾਬਗੰਜ ‘ਚ 1984 ਦੇ ਸ਼ਹੀਦਾਂ ਦੇ ਮੈਮੋਰੀਅਲ ਦੇ ਨੀਂਹ ਪੱਥਰ ਦੀ ਸਥਾਪਨਾ ਦੇ ਸਮੇਂ ਭਾਜਪਾ ਨੇਤਾਵਾਂ ਨੂੰ ਲੋੜ ਤੋਂ ਵੱਧ ਪਹਿਲ ਦਿੱਤੀ ਗਈ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕਮੇਟੀ ਦੀਆਂ ਸੰਸਥਾਵਾਂ ਦੇ ਸਟਾਫ ਨੂੰ ਪਾਰਟੀ ਦੇ ਲਈ ਉਮੀਦਵਾਰ ਦੇ ਪ੍ਰਚਾਰ ਲਈ ਪ੍ਰਯੋਗ ਕੀਤਾ ਗਿਆ ਅਤੇ ਗੁਰਦੁਆਰਾ ਕਮੇਟੀ ‘ਚ ਭ੍ਰਿਸ਼ਟਾਚਾਰ ‘ਚ ਸ਼ਾਮਲ ਕਰਮਚਾਰੀਆਂ ਨੂੰ ਮਹੱਤਵਪੂਰਨ ਅਹੁਦਿਆਂ ‘ਤੇ ਬਿਠਾਇਆ ਜਾ ਰਿਹਾ ਹੈ। ਆਲੀਸ਼ਾਨ ਗੱਡੀਆਂ ਖਰੀਦੀਆਂ ਜਾ ਰਹੀਆਂ ਹਨ। ਸੰਗਤ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਸਿੱਖਾਂ ਦੇ ਅੰਦਰ ਹੁਣ ਕਮੇਟੀ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਰੋਸ ਫੈਲ ਰਿਹਾ ਹੈ ਅਤੇ ਨਿਰਾਸ਼ਾ ਦੀ ਭਾਵਨਾ ਦੇਖੀ ਗਈ ਹੈ, ਇਸ ਲਈ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।

 

ਦਿੱਲੀ ਕਮੇਟੀ ਦੇ ਹੋਰ ਮੈਂਬਰ ਜਲਦੀ ਹੀ ਛੱਡਣਗੇ ਬਾਦਲ ਦਾ ਸਾਥ : ਸਰਨਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰਲਾਡ ਸਿੰਘ ਵਲੋਂ ਦਿੱਤੇ ਗਏ ਅਸਤੀਫੇ ਨੂੰ ਇਕ ਚੰਗਾ ਕਦਮ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਹੁਣ ਜਲਦੀ ਹੀ ਦਿੱਲੀ ਕਮੇਟੀ ਦੇ ਕੁਝ ਹੋਰ ਮੈਂਬਰ ਬਾਦਲ ਦਲ ਦਾ ਸਾਥ ਛੱਡ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਦਿੱਲੀ ਕਮੇਟੀ ਨੇ ਆਪਣੀ ਕਾਰਜਪ੍ਰਣਾਲੀ ਅਪਣਾਈ ਹੋਈ ਹੈ, ਉਹ ਸਿੱਖ ਭਾਈਚਾਰੇ ਨੂੰ ਸਵੀਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਹੁਣ ਇਹ ਮਹਿਸੂਸ ਕਰ ਰਿਹਾ ਹੈ ਕਿ ਬਾਦਲ ਦਲ ਨੇ ਉਨ੍ਹਾਂ ਨੂੰ ਧੋਖੇ ‘ਚ ਰੱਖਿਆ। ਉਨ੍ਹਾਂ ਕਿਹਾ ਕਿ ਗੁਰਲਾਡ ਸਿੰਘ ਵਲੋਂ ਲਗਾਏ ਗਏ ਦੋਸ਼ਾਂ ਨਾਲ ਬਾਦਲ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਭਾਵੇਂ ਇਕ ਮੈਂਬਰ ਦੇ ਜਾਣ ਨਾਲ ਸ਼੍ਰੋਮਣੀ ਕਮੇਟੀ ‘ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ ਪਰ ਸੱਤਾਧਾਰੀ ਬਾਦਲ ਦਲ ਦੇ ਅੰਦਰ ਮੈਂਬਰਾਂ ‘ਚ ਨਾਰਾਜ਼ਗੀ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਸੰਬੰਧੀ ਸਾਰੇ ਫੈਸਲੇ ਬਾਦਲ ਪਰਿਵਾਰ ਵਲੋਂ ਲਏ ਜਾਂਦੇ ਹਨ, ਇਸ ਲਈ ਇਸ ਪਾਰਟੀ ‘ਚ ਕੋਈ ਲੋਕਤੰਤਰ ਨਹੀਂ ਹੈ। ਮੈਂਬਰ ਆਪਣੀ ਅਵਾਜ਼ ਉਠਾ ਨਹੀਂ ਸਕਦੇ ਹਨ। ਸਰਨਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਦਿੱਲੀ ਕਮੇਟੀ ਦੇ ਹੋਰ ਮੈਂਬਰਾਂ ਨੂੰ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ। ਨਹੀਂ ਤਾਂ ਸਿੱਖ ਭਾਈਚਾਰਾ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ।

468 ad