ਮੁੱਖ ਮੰਤਰੀ ਵੱਲੋਂ ਬਾਬਾ ਢੱਡਰੀਆਂਵਾਲੇ ਨਾਲ ਗੱਲਬਾਤ

8

ਚੰਡੀਗੜ੍ਹ,19 ਮਈ ( ਪੀਡੀ ਬੇਉਰੋ ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਨਾਲ ਫੋਨ ‘ਤੇ ਗੱਲਬਾਤ ਕਰਕੇ ਬੀਤੇ ਦਿਨ ਲੁਧਿਆਣਾ ਵਿਖੇ ਹੋਏ ਕਾਤਲਾਨਾ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਸਿੱਖ ਪ੍ਰਚਾਰਕ ‘ਤੇ ਹੋਏ ਇਸ ਘਾਤਕ ਤੇ ਕਾਇਰਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ,”ਸੱਭਿਅਕ ਸਮਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਕਿਉਂ ਜੋ ਇਹ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀਆਂ ਸਿੱਖਿਆਵਾਂ ਦੇ ਬਿਲਕੁਲ ਉਲਟ ਹੈ।” ਮੁੱਖ ਮੰਤਰੀ ਨੇ ਇਸ ਹਮਲੇ ਵਿੱਚ ਬਾਬਾ ਢੱਡਰੀਆਂਵਾਲੇ ਦੇ ਨੇੜਲੇ ਸਾਥੀ ਦੀ ਮੌਤ ਹੋ ਜਾਣ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕੀਤਾ। ਸ. ਬਾਦਲ ਨੇ ਇਸ ਹਮਲੇ ਵਿੱਚ ਜ਼ਖਮੀ ਹੋਣ ਵਾਲਿਆਂ ਨਾਲ ਆਪਣੀ ਹਮਦਰਦੀ ਤੇ ਮਦਦ ਦਾ ਇਜ਼ਹਾਰ ਕੀਤਾ।ਇਸੇ ਦੌਰਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਸ਼ਖਤ ਅਲੋਚਨਾ ਕਰਦਿਆਂ ਇੰਸਪੈਕਟਰ ਜਨਰਲ ਆਫ ਪੁਲੀਸ ਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਕੇਸ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਕੇ ਜਾਂਚ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਆਖਿਆ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਹਰ ਹਾਲ ਵਿੱਚ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ,”ਬੁਜ਼ਦਿਲੀ ਵਾਲੇ ਇਸ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਦੇ ਹੱਥਾਂ ਤੋਂ ਬਚਣ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹਮਲਾਵਰਾਂ ਵਿੱਚੋਂ ਪੰਜ ਦੋਸ਼ੀਆਂ ਨੂੰ ਫੜਿਆ ਜਾ ਚੁੱਕਾ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਪੁਲੀਸ ਤੇਜ਼ੀ ਨਾਲ ਅੱਗੇ ਵਧ ਰਹੀ ਹੈ।”

468 ad

Submit a Comment

Your email address will not be published. Required fields are marked *