ਮੁੜ ਖੁੱਲ੍ਹੇ ਸ਼ਹੀਦ ਭਗਤ ਸਿੰਘ ਫਾਂਸੀ ਮਾਮਲੇ ”ਚ ਖੁਲਾਸਾ ; 451 ਵਿਅਕਤੀਆਂ ਨੇ ਦਿੱਤੀ ਸੀ ਝੂਠੀ ਗਵਾਹੀ

14ਅੰਮ੍ਰਿਤਸਰ, 16 ਮਈ ( ਜਗਦੀਸ਼ ਬਾਮਬਾ ) ਬੇਸ਼ੱਕ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਇਨਸਾਫ ਦਿਵਾਉਣ ਦੀ ਕਾਨੂੰਨੀ ਲੜਾਈ ਪਾਕਿਸਤਾਨ ਦੀ ਧਰਤੀ ‘ਤੇ ਲੜੀ ਜਾ ਰਹੀ ਹੈ ਪਰ ਉਨ੍ਹਾਂ ਦੀ ਬੇਗੁਨਾਹੀ ਸਾਬਿਤ ਕਰਨ ਵਿਚ ਹਿੰਦੁਸਤਾਨ ਵੀ ਮਦਦ ਕਰੇਗਾ। ਸ਼ਹੀਦ ਭਗਤ ਸਿੰਘ ‘ਤੇ ਦੋਸ਼ਾਂ ਨੂੰ ਲੈ ਕੇ ਬ੍ਰਿਟਿਸ਼ ਹਕੂਮਤ ਵਲੋਂ ਤਿਆਰ 287 ਪੇਜਾਂ ਦੇ ਫੈਸਲੇ ਤੋਂ ਇਲਾਵਾ ਚਾਰ ਕਿਤਾਬਾਂ ਦੇ ਦਸਤਾਵੇਜ਼ ਭਾਰਤੀ ਵਕੀਲ ਮੁਹੰਮਦ ਮੋਮਿਨ ਮਲਿਕ ਨੂੰ ਸੌਂਪੇ ਗਏ ਹਨ। ਮਲਿਕ ਇਨ੍ਹਾਂ ਦਸਤਾਵੇਜ਼ਾਂ ਦੇ ਅਧਿਐਨ ਤੋਂ ਬਾਅਦ ਪਾਕਿਸਤਾਨ ਜਾ ਕੇ ਕੇਸ ਦੀ ਪੈਰਵਾਈ ਕਰਨਗੇ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖੇਦਵ ਨੂੰ ਗੈਰ-ਕਾਨੂੰਨੀ ਢੰਗ ਨਾਲ ਦਿੱਤੀ ਗਈ ਫਾਂਸੀ ਦੇ ਮਾਮਲੇ ਨੂੰ ਪਾਕਿਸਤਾਨ ਦੀ ਅਦਾਲਤ ਵਿਚ ਮੁੜ ਖੋਲ੍ਹੇ ਜਾਣ ਤੋਂ ਬਾਅਦ ਇਸ ਦੀ ਸਟੱਡੀ ਹਿੰਦੁਸਤਾਨ ਵਿਚ ਹੋਵੇਗੀ। ਬੀਤੇ ਦਿਨ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਜਲਿਆਂ ਵਾਲਾ ਬਾਗ ਵਿਚ ਭਾਰਤੀ ਐਡਵੋਕੇਟ ਮੋਮਿਨ ਮਲਿਕ ਨੂੰ ਸਟੱਡੀ ਸਬੰਧੀ ਦਸਤਾਵੇਜ਼ ਭੇਟ ਕੀਤੇ ਅਤੇ ਇਸ ਮਾਮਲੇ ਵਿਚ ਇਨਸਾਫ ਹਾਸਲ ਕਰਨ ਦਾ ਦਾਅਵਾ ਵੀ ਕੀਤਾ। ਕੁਰੈਸ਼ੀ ਨੇ ਦੱਸਿਆ ਕਿ ਉਹ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬਚਪਨ ਵਿਚ ਉਹ ਇਨ੍ਹਾਂ ਸ਼ਹੀਦਾਂ ਦੀਆਂ ਕਹਾਣੀਆਂ ਸੁਣਿਆ ਕਰਦੇ ਸਨ। ਸ਼ਹੀਦ ਭਗਤ ਸਿੰਘ ਸਬੰਧੀ ਉਨ੍ਹਾਂ ਤਿੰਨ ਸਾਲਾਂ ਤੱਕ ਸਟੱਡੀ ਕੀਤੀ ਅਤੇ ਸਾਰੇ ਦਸਤਾਵੇਜ਼ ਲੈਣ ਲਈ ਅਦਾਲਤੀ ਲੜਾਈ ਲੜੀ। ਪ੍ਰਾਪਤ ਦਸਤਾਵੇਜ਼ਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਤਤਕਾਲੀਨ ਸਰਕਾਰ ਨੇ ਸਾਰੀ ਨਿਆ ਪ੍ਰਕਿਰਿਆ ਨੂੰ ਛਿੱਕੇ ਟੰਗਦਿਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਉਸ ਸਮੇਂ ਤਿੰਨ ਜੱਜਾਂ ਦਾ ਪੈਨਲ ਬਣਾਇਆ ਗਿਆ ਸੀ, ਜਿਸਦੀ ਮਿਆਦ ਵੀ ਖਤਮ ਹੋ ਗਈ ਸੀ। ਇਸ ਤੋਂ ਇਲਾਵਾ ਪੁਲਸ ਵਿਚ ਉਸ ਸਮੇਂ ਉਨ੍ਹਾਂ (ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ) ਦੇ ਖਿਲਾਫ ਦਰਜ ਐੱਫ. ਆਈ. ਆਰ. ਕਢਵਾਈ ਗਈ ਤਾਂ ਉਸ ਵਿਚ ਉਨ੍ਹਾਂ ਦੇ ਨਾਂ ਹੀ ਨਹੀਂ ਹਨ, ਮਤਲਬ ਸਰਕਾਰ ਨੇ ਉਨ੍ਹਾਂ ਨੂੰ ਜਬਰਨ ਫਾਂਸੀ ‘ਤੇ ਲਟਕਾ ਦਿੱਤਾ ਸੀ। ਕੁਰੈਸ਼ੀ ਨੇ ਆਪਣੀ ਸਟੱਡੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਝੂਠ ਨੂੰ ਸੱਚ ਬਣਾਉਣ ਲਈ ਬ੍ਰਿਟਿਸ਼ ਸਰਕਾਰ ਨੇ ਝੂਠਿਆਂ ਦੀ ਫੌਜ ਖੜ੍ਹੀ ਕੀਤੀ ਸੀ, ਜਿਨ੍ਹਾਂ ਵਿਚੋਂ 451 ਵਿਅਕਤੀਆਂ ਨੇ ਝੂਠੀ ਗਵਾਹੀ ਦੇ ਕੇ ਸਾਡੇ ਯੋਧਿਆਂ ਨੂੰ ਫਾਂਸੀ ‘ਤੇ ਚੜ੍ਹਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਉਸ ਦੌਰ ਦੇ ਕਈ ਪ੍ਰਮੁੱਖ ਅਤੇ ਸੀਨੀਅਰ ਨੇਤਾਵਾਂ ਦੇ ਨਾਂ ਵੀ ਦਰਜ ਹਨ, ਜਿਨ੍ਹਾਂ ਨੂੰ ਜਨਤਕ ਕੀਤਾ ਜਾਵੇਗਾ।

468 ad

Submit a Comment

Your email address will not be published. Required fields are marked *