ਮਾੜੇ ਨਤੀਜੇ ਦੇਣ ਵਾਲੇ 5 ਪ੍ਰਿੰਸੀਪਲਾਂ ਤੇ 11 ਅਧਿਆਪਕਾਂ ਨੂੰ ਪਾਇਆ ”ਪੜ੍ਹਣੇ”

4ਮੁਹਾਲੀ , 18 ਮਈ (ਜਗਦੀਸ਼ ਬਾਮਬਾ ) ਸਿੱਖਿਆ ਮੰਤਰੀ ਪੰਜਾਬ ਦਲਜੀਤ ਸਿੰਘ ਚੀਮਾ ਨੇ ਮੰਗਲਵਾਰ ਨੂੰ ਫੇਜ਼-3 ਬੀ 1 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਜ਼ਿਲਾ ਮੁਹਾਲੀ ਦੇ 36 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹਾਲ ਹੀ ਵਿਚ ਐਲਾਨੇ ਗਏ 12ਵੀਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ। ਉਨ੍ਹਾਂ ਮਾੜਾ ਨਤੀਜਾ ਦੇਣ ਵਾਲੇ ਸਰਕਾਰੀ ਸਕੂਲਾਂ ਦੇ 5 ਪ੍ਰਿੰਸੀਪਲਾਂ ਸਮੇਤ 11 ਅਧਿਆਪਕਾਂ ਨੂੰ ‘ਕਾਰਣ ਦੱਸੋ’ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਉਨ੍ਹਾਂ ਚੰਗੇ ਨਤੀਜੇ ਵਾਲੇ ਸਕੂਲਾਂ ਦੇ ਅਧਿਆਪਕਾਂ ਨੂੰ ਸ਼ਾਬਾਸ਼ ਵੀ ਦਿੱਤੀ। ਚੀਮਾ ਨੇ ਕਿਹਾ ਕਿ ਭਾਵੇਂ ਇਸ ਸਾਲ ਮੁਹਾਲੀ ਜ਼ਿਲੇ ਦਾ ਬਾਰ੍ਹਵੀਂ ਦਾ ਨਤੀਜਾ ਪਿਛਲੇ ਸਾਲ ਨਾਲੋਂ ਕੁਝ ਚੰਗਾ (80.7 ਫੀਸਦੀ) ਰਿਹਾ ਹੈ, ਪਰ ਫਿਰ ਵੀ 6 ਸਕੂਲਾਂ-ਪੰਡਵਾਲਾ, ਖਿਜ਼ਰਾਬਾਦ, ਮੁੰਧੋਂ ਸੰਗਤੀਆਂ, ਜੜੌਤ, ਹੰਡੇਸਰਾ ਅਤੇ ਨਾਡਾ ਦਾ ਨਤੀਜਾ ਬੱਹੇਦ ਮਾੜਾ ਰਿਹਾ ਹੈ। ਉਨ੍ਹਾਂ ਨਾਡਾ ਸਕੂਲ ਦੇ ਸਾਇੰਸ ਵਿਸ਼ੇ ਦੇ 15 ‘ਚੋਂ 12 ਵਿਦਿਆਰਥੀ ਦੇ ਫੇਲ੍ਹ ਹੋਣ ਦਾ ਗੰਭੀਰ ਨੋਟਿਸ ਲਿਆ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਦਾ ਵੀ ਕੋਈ ਵਿਦਿਆਰਥੀ ਮੈਰਿਟ ਲਿਸਟ ਵਿਚ ਨਹੀਂ ਆਇਆ। ਇਹ ਸਕੂਲ ਮੁੱਖ ਸੰਸਦੀ ਸਕੱਤਰ ਐੱਨ. ਕੇ. ਸ਼ਰਮਾ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਹਲਕਿਆਂ ਨਾਲ ਸਬੰਧਤ ਹਨ, ਜਿਥੇ ਜ਼ਿਆਦਾਤਰ ਸਰਕਾਰੀ ਅਧਿਆਪਕ ਸਿਫਾਰਸ਼ੀ ਹਨ।ਇਸ ਮੌਕੇ ਡੀ. ਪੀ. ਆਈ. (ਸ) ਬਲਬੀਰ ਸਿੰਘ ਢੋਲ ਅਤੇ ਜ਼ਿਲਾ ਸਿੱਖਿਆ ਅਫ਼ਸਰ (ਸ) ਮੇਵਾ ਸਿੰਘ ਸਿੱਧੂ ਵੀ ਹਾਜ਼ਰ ਸਨ। ਕਾਬਿਲੇਗੌਰ ਹੈ ਕਿ ਡਾ. ਚੀਮਾ ਵਲੋਂ ਬਾਰ੍ਹਵੀਂ ਦੇ ਨਤੀਜੇ ਦਾ ਮੁਲਾਂਕਣ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਮੋਹਾਲੀ ਤੋਂ ਬਾਅਦ ਦੂਜਿਆਂ ਜ਼ਿਲਿਆਂ ਦੇ ਸਕੂਲਾਂ ਦੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਜਾਵੇਗੀ।

468 ad

Submit a Comment

Your email address will not be published. Required fields are marked *