ਮਾਮੂਲੀ ਜਿਹੀ ਰੰਜਿਸ਼ ‘ਤੇ ਹੀ ਦੇ ਦਿੱਤਾ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ

ਬਠਿੰਡਾ-ਨਜ਼ਦੀਕੀ ਪਿੰਡ ਫੂਲੇਵਾਲਾ ਵਾਸੀ ਇਕ ਟਰੱਕ ਡਰਾਈਵਰ ਨੂੰ ਉਸ ਦੇ ਹੀ 3 ਸਾਥੀਆਂ ਨੇ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿਚ ਉਸ ਦੀ ਲਾਸ਼ ਖੁਰਦ-Vardatਬੁਰਦ ਕਰਨ ਲਈ ਉਸ ਨੂੰ ਨਹਿਰ ‘ਚ ਸੁੱਟ ਦਿੱਤਾ। ਉਕਤ ਡਰਾਈਵਰ ਪਿਛਲੇ 2 ਦਿਨਾਂ ਤੋਂ ਲਾਪਤਾ ਸੀ ਤੇ ਪਿਛਲੇ ਦਿਨ ਉਸ ਦੀ ਲਾਸ਼ ਪਿੰਡ ਚੰਨੂਵਾਲਾ ਨੇੜੇ ਨਹਿਰ ‘ਚੋਂ ਮਿਲਣ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਉਸ ਦੇ 3 ਸਾਥੀ ਟਰੱਕ ਡਰਾਈਵਰਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਦੇ ਅਨੁਸਾਰ ਉਕਤ ਤਿੰਨੋਂ ਮੁਲਜ਼ਮ ਵੀ ਡਰਾਈਵਰ ਹਨ ਜਿਨ੍ਹਾਂ ਦਾ ਮ੍ਰਿਤਕ ਨਾਲ ਕੁਝ ਵਿਵਾਦ ਚੱਲ ਰਿਹਾ ਸੀ ਤੇ ਇਸੇ ਕਾਰਨ ਉਹ ਇਸ ਨਾਲ ਰੰਜਿਸ਼ ਰੱਖਦੇ ਸਨ। ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਵਾਸੀ ਫੂਲੇਵਾਲਾ ਨੇ ਥਾਣਾ ਫੂਲ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਜਗਸੀਰ ਸਿੰਘ (45) ਟਰੱਕ ਚਲਾਉਂਦਾ ਸੀ ਤੇ ਉਸ ਨਾਲ ਹੀ ਵਿਪਨ ਸਿੰਘ, ਗੋਰਾ ਸਿੰਘ ਤੇ ਗੁਰਜੀਤ ਸਿੰਘ ਵੀ ਉਸੇ ਕੰਪਨੀ ਦੇ ਟਰੱਕ ਚਲਾਉਂਦੇ ਸਨ। ਕੁਝ ਸਮੇਂ ਪਹਿਲਾਂ ਜਗਸੀਰ ਸਿੰਘ ਨੇ ਕਿਸੇ ਗੱਲ ਨੂੰ ਲੈ ਕੇ ਉਕਤ ਤਿੰਨਾਂ ਦੀ ਸ਼ਿਕਾਇਤ ਕੰਪਨੀ ਮਾਲਕ ਨੂੰ ਕਰ ਦਿੱਤੀ ਜਿਸ ਤੋਂ ਬਾਅਦ ਉਹ ਤਿੰਨੋਂ ਉਸ ਨਾਲ ਰੰਜਿਸ਼ ਰੱਖਣ ਲੱਗੇ ਤੇ ਇਸੇ ਗੱਲ ਨੂੰ ਲੈ ਕੇ ਪਿਛਲੇ ਦਿਨੀਂ ਉਨ੍ਹਾਂ ਦਾ ਜਗਸੀਰ ਸਿੰਘ ਨਾਲ ਝਗੜਾ ਵੀ ਹੋਇਆ।
ਪਿਛਲੀ 13 ਅਗਸਤ ਨੂੰ ਉਕਤ ਤਿੰਨਾਂ ਨੇ ਮਿਲ ਕੇ ਜਗਸੀਰ ਸਿੰਘ ਨੂੰ ਅਗਵਾ ਕਰ ਲਿਆ। ਉਸ ਨੇ ਦੱਸਿਆ ਕਿ ਅਗਵਾ ਕਰਨ ਤੋਂ ਬਾਅਦ ਉਕਤ ਤਿੰਨਾਂ ਨੇ ਰਾਡ ਨਾਲ ਹਮਲਾ ਕਰਕੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਤੇ ਲਾਸ਼ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਉਸ ਨੂੰ ਨਹਿਰ ‘ਚ ਸੁੱਟ ਦਿੱਤਾ। ਮਾਮਲੇ ਦੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਬਲਜੀਤ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ‘ਤੇ ਰਾਡ ਆਦਿ ਨਾਲ ਮਾਰੀਆਂ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਜਿਸ ਤੋਂ ਸਪੱਸ਼ਟ ਹੈ ਕਿ ਉਸ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ।

 

 

468 ad