”ਮਹਾਰਾਜ” ਨਹੀਂ ”ਕੈਪਟਨ ਸਾਹਿਬ” ਕਹੋ

1ਚੰਡੀਗੜ੍ਹ, 7 ਮਈ (ਜਗਦੀਸ਼ ਬਾਮਬਾ ) ਪੰਜਾਬ ਕਾਂਗਰਸ ਦੀ ਚੋਣ ਰਣਨੀਤੀ ਤਿਆਰ ਕਰ ਰਹੀ ਟੀਮ ਪ੍ਰਸ਼ਾਂਤ ਕਿਸ਼ੋਰ ਲਈ ਸੂਬਾ ਪ੍ਰਧਾਨ ਕੈ. ਅਮਰਿੰਦਰ ਸਿੰਘ ਦੇ ਅਕਸ ਵਿਚ ਤਬਦੀਲੀ ਲਿਆਉਣ ਦਾ ਕੰਮ ਆਰੰਭ ਕਰ ਦਿੱਤਾ ਹੈ। ਕੈਪ. ਅਮਰਿੰਦਰ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੂੰ ਕਾਂਗਰਸ ਦੇ ਅੰਦਰ ਤੇ ਬਾਹਰ ਮਹਾਰਾਜਾ ਸਾਹਿਬ ਦੇ ਤੌਰ ‘ਤੇ ਦੇਖਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਕਾਰਜਸ਼ੈਲੀ ਤੇ ਕਈ ਆਦਤਾਂ ਵੀ ਸਿਆਸਤਦਾਨਾਂ ਦੀ ਬਜਾਏ ਸ਼ਾਹੀ ਘਰਾਣੇ ਵਾਲੀਆਂ ਹੀ ਹਨ। ਉਨ੍ਹਾਂ ਦੇ ਇਰਦ-ਗਿਰਦ ਦਿਖਣ ਵਾਲੇ ਦਰਬਾਰੀ ਕਲਚਰ ਨੂੰ ਲੈ ਕੇ ਵੀ ਆਲੋਚਨਾ ਹੁੰਦੀ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇਨ੍ਹਾਂ ਸਾਰੇ ਬਿੰਦੂਆਂ ਦੀ ਪਛਾਣ ਕਰਕੇ ਅਮਰਿੰਦਰ ਖਿਲਾਫ਼ ਅਤੀਤ ਵਿਚ ਹੋਈਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਇਕ ਵਿਸਤ੍ਰਿਤ ਰਣਨੀਤੀ ਤਿਆਰ ਕਰਕੇ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰਿੰਦਰ ਖਿਲਾਫ਼ ਸਭ ਤੋਂ ਪਹਿਲੀ ਸ਼ਿਕਾਇਤ ਸੀ ਕਿ 74 ਸਾਲਾ ਅਮਰਿੰਦਰ ਸਿੰਘ ਸਵੇਰੇ ਦੇਰ ਨਾਲ ਉੱਠਦੇ ਹਨ ਤੇ ਸ਼ਾਮ ਨੂੰ ਜਲਦੀ ‘ਰਿਟਾਇਰ’ ਹੋ ਜਾਂਦੇ ਹਨ, ਜਿਸ ਕਾਰਨ ਉਹ ਆਮ ਜਨਤਾ ਨਾਲ ਸੰਪਰਕ ਸਥਾਪਿਤ ਨਹੀਂ ਕਰ ਪਾਉਂਦੇ ਪਰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਕਾਰਨ ਹੀ ਹੁਣ ਅਮਰਿੰਦਰ ਆਪਣਾ ਅਕਸ ਮਹਾਰਾਜੇ ਤੋਂ ਭਾਰਤੀ ਸੈਨਾ ਦੇ ਇਕ ਸਾਬਕਾ ਅਧਿਕਾਰੀ ਕੈਪਟਨ ਦੇ ਰੂਪ ਵਿਚ ਬਦਲ ਰਹੇ ਹਨ। ਅਮਰਿੰਦਰ ਆਪਣੇ ਆਪ ਨੂੰ ਵੀ ਜਨਤਾ ਨਾਲ ਮੇਲ-ਜੋਲ ਲਈ ਜ਼ਿਆਦਾ ਉਪਲੱਬਧ ਕਰਵਾ ਰਹੇ ਹਨ।
ਟੀਮ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਅਮਰਿੰਦਰ ਹੁਣ ਸਵੇਰੇ ਜਲਦੀ ਉੱਠ ਕੇ 7:30 ਵਜੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੰਦੇ ਹਨ। ਇਹ ਕੰਮ ਦੇਰ ਸ਼ਾਮ ਤਕ ਚੱਲਦਾ ਰਹਿੰਦਾ ਹੈ। ਲੋਕਾਂ ਨਾਲ ਮੇਲ-ਜੋਲ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ‘ਕੌਫੀ ਵਿਦ ਕੈਪਟਨ’ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜੋ ਸ਼ਾਮ ਨੂੰ 6:30 ਵਜੇ ਆਰੰਭ ਹੁੰਦਾ ਹੈ ਤੇ ਰਾਤ 8 ਵਜੇ ਤਕ ਚੱਲਦਾ ਹੈ। ਆਉਣ ਵਾਲੇ ਦਿਨਾਂ ਵਿਚ ਕੁਝ ਇਸੇ ਤਰ੍ਹਾਂ ਦੇ ਪ੍ਰੋਗਰਾਮ ਢਾਬਿਆਂ, ਰੈਸਟੋਰੈਂਟਾਂ ਤੇ ਖਾਣ-ਪੀਣ ਦੇ ਹੋਰ ਸਥਾਨਾਂ ‘ਤੇ ਵੀ ਆਯੋਜਿਤ ਕੀਤੇ ਜਾਣਗੇ, ਤਾਂ ਕਿ ਇਸ ਪ੍ਰਭਾਵ ਨੂੰ ਖਤਮ ਕੀਤਾ ਜਾ ਸਕੇ ਕਿ ਅਮਰਿੰਦਰ ਹਨੇਰਾ ਹੁੰਦੇ ਹੀ ਲੁਪਤ ਹੋ ਜਾਂਦੇ ਹਨ।
ਇਥੇ ਇਹ ਦਿਲਚਸਪ ਗੱਲ ਹੈ ਕਿ ਅਮਰਿੰਦਰ ਨੇ ਹਾਲ ਹੀ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਪਾਰਟੀ ਵਰਕਰਾਂ ਦੀਆਂ ਕਈ ਬੈਠਕਾਂ ਨੂੰ ਸੰਬੋਧਨ ਕੀਤਾ ਹੈ। ਇਹ ਬੈਠਕਾਂ ਕਈ ਥਾਵਾਂ ‘ਤੇ ਲੰਬੀਆਂ ਖਿੱਚੀਆਂ ਹਨ। ਕਈ ਹੋਰ ਥਾਵਾਂ ‘ਤੇ ਕਾਂਗਰਸੀ ਵਲੰਟੀਅਰਜ਼ ਦੀ ਖਿੱਚੋਤਾਣ ਵੀ ਦੇਖਣ ਨੂੰ ਮਿਲੀ ਹੈ ਪਰ ਸਾਰਾ ਕੁਝ ਮਿਲਾ ਕੇ ਜਨਤਾ ‘ਤੇ ਪ੍ਰਭਾਵ ਚੰਗਾ ਹੀ ਗਿਆ ਹੈ ਕਿਉਂਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿਚ ਅਮਰਿੰਦਰ ਖੁਦ ਮੌਜੂਦ ਰਹੇ ਹਨ। ਕਈ ਬੈਠਕਾਂ ਵਿਚ ਅਮਰਿੰਦਰ ਨੂੰ ਬੜੇ ਟੇਢੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ, ਜਿਸ ਦੇ ਉਨ੍ਹਾਂ ਨੇ ਬਿਨਾਂ ਕਿਸੇ ਹਿਚਕਿਚਾਹਟ ਦੇ ਸਾਫ਼ ਸ਼ਬਦਾਂ ‘ਚ ਉੱਤਰ ਵੀ ਦਿੱਤੇ ਹਨ।

468 ad

Submit a Comment

Your email address will not be published. Required fields are marked *