ਮਰਿਯਾਦਾ ਤੇ ਜੱਥੇਦਾਰ/ ਕੁੱਝ ਖਬਰਾਂ ਕੁਝ ਟਿੱਪਣੀਆਂ – ਭਾਈ ਗਜਿੰਦਰ ਸਿੰਘ, ਦਲ ਖਾਲਸਾ

1017 ਮਈ ( ਪੀਡੀ ਬਿਉਰੋ ) ਖਬਰ ਪੜ੍ਹਨ ਸੁਣਨ ਨੂੰ ਮਿੱਲ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵਾਲੇ ਜੱਥੇਦਾਰ ਅਮਰੀਕਾ ਦੇ ਇੱਕ ਗੁਰਦਵਾਰੇ ਵਿੱਚ ਅਮ੍ਰਤਿ ਛਕਾਉਣ ਦੀ ਮਰਿਯਾਦਾ ਵਿੱਚ ਤਬਦੀਲੀ ਕੀਤੇ ਜਾਣ ਦੇ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੇ ਹਨ । ਉਹਨਾਂ ਇਹ ਵੀ ਕਿਹਾ ਹੈ ਕਿ ਪੰਥ ਦੀ ਪ੍ਰਵਾਨਤ ਮਰਿਯਾਦਾ ਵਿੱਚ ਕਿਸੇ ਤੋੜ੍ਹ ਭੰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਦਾਸ ਦਾ ਵਿਸਵਾਸ਼ ਨਾ ਇਸ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿੱਪ ਵਿੱਚ ਹੈ, ਤੇ ਨਾ ਇਹਨਾਂ ਵੱਲੋਂ ਥਾਪੇ ਜੱਥੇਦਾਰਾਂ ਵਿੱਚ ਹੈ । ਇੱਥੇ ਇਹ ਵੀ ਦੁਹਰਾਣਾ ਚਾਹਾਂਗਾ ਕਿ ਦਾਸ ਪੰਥ ਨੂੰ ਇੱਕਸੁਰ ਰੱਖਣ ਲਈ ‘ਪੰਥ ਦੀ ਪ੍ਰਵਾਨਤ’ ਮਰਿਯਾਦਾ ਨੂੰ ਹੀ ਇੱਕੋ ਇੱਕ ਆਧਾਰ ਮੰਨਦਾ ਹੈ, ਤੇ ਸ਼ੁਰੂ ਤੋਂ ਇਸ ਦਾ ਹੀ ਧਾਰਨੀ ਹੈ । ਅਮਰੀਕਾ ਵਿੱਚ ਭੰਗ ਕੀਤੀ ਗਈ ਮਰਿਯਾਦਾ ਦੇ ਖਿਲਾਫ ਇਹਨਾਂ ਦੀ ਕਾਰਵਾਈ ਸ਼ਲਾਘਾਯੋਗ ਹੋਣ ਦੇ ਬਾਵਜੂਦ, ਇਹਨਾਂ ਦੀ ਸ਼ਲਾਘਾ ਨਹੀਂ ਕਰੇਗਾ । ਕਿਓਂਕਿ ਜਦੋਂ ਪੰਜਾਬ ਵਿੱਚ ਇਹਨਾਂ ਦੇ ਬਹੁਤ ਨੇੜੇ ਤੇੜੇ ਪੰਥ ਪ੍ਰਵਾਨਤ ਮਰਿਯਾਦਾ ਰੋਜ਼ ਭੰਗ ਹੁੰਦੀ ਹੈ, ਤਾਂ ਉਸ ਵੇਲੇ ਇਹਨਾਂ ਨੂੰ ਕੁੱਝ ਗਲਤ ਮਹਿਸੂਸ ਨਹੀਂ ਹੁੰਦਾ । ਕਿੰਨੇ ਡੇਰੇ ਹਨ ਪੰਜਾਬ ਵਿੱਚ ਜੋ ਪ੍ਰਵਾਨਤ ਮਰਿਯਾਦਾ ਦੀਆਂ ਧੱਝੀਆਂ ਰੋਜ਼ ਉਡਾਉਂਦੇ ਹਨ, ਪਰ ਜੱਥੇਦਾਰਾਂ ਦੀ ਜ਼ੁਬਾਨ ਤੱਕ ਨਹੀਂ ਹਿੱਲਦੀ । ਕਿੰਨੀ ਵਾਰੀ ਬਾਦਲ ਦਲ ਦੇ ਆਗੂ ਮੂਰਤੀਆਂ ਪੂਜਦੇ, ਤੇ ਹੋਰ ਕਈ ਤਰ੍ਹਾਂ ਦੀ ਅਵਗਿਆ ਕਰਦੇ ਅਖਬਾਰਾਂ ਦਾ ਸ਼ਿੰਗਾਰ ਬਣੇ ਹੋਏ ਹੁੰਦੇ ਹਨ, ਪਰ ਜੱਥੇਦਾਰਾਂ ਦੀ ਜ਼ੁਬਾਨ ਤੱਕ ਨਹੀਂ ਹਿੱਲਦੀ । ਅਗਰ ਇਹਨਾਂ ਨੇ ਸਹੀ ਅਰਥਾਂ ਵਿੱਚ ਤਖੱਤ ਸਾਹਿਬਾਨ ਦੀ ਸੇਵਾ ਨਿਭਾਈ ਹੁੰਦੀ, ਆਪਣੇ ਸਿਆਸੀ ਆਕਿਆਂ ਦੀ ਨਹੀਂ, ਤਾਂ ਅੱਜ ਪੰਥ ਇਸ ਟੁੱਟ ਭੱਜ ਦੇ ਮਾੜੇ ਹਾਲਾਤ ਵਿੱਚ ਨਾ ਹੁੰਦਾ । ਦੂਜੀ ਖਬਰ ਜਿਸ ਦਾ ਜ਼ਿਕਰ ਕਰਨਾ ਚਾਹ ਰਿਹਾ ਹਾਂ, ਉਹ ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਬਣਵਾਏ ਜਾ ਰਹੇ ਬੁੱਤ ਦੇ ਬਾਰੇ ਹੈ । ਇਸ ਬਣ ਰਹੇ ਬੁੱਤ ਦੀ ਜੋ ਤਸਵੀਰ ਅਖਬਾਰਾਂ ਵਿੱਚ ਛਪੀ ਹੈ, ਉਸ ਤਸਵੀਰ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਇੱਕ ਸਿੰਘ ਯੋਧੇ ਨਾਲੋਂ ਜ਼ਿਆਦਾ ਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਬਹੁਤ ਨੇੜੇ ਲੱਗਦਾ ਹੈ । ਬੁੱਤ ਦੇ ਇੱਕ ਹੱਥ ਵਿੱਚ ਸ੍ਰੀ ਸਾਹਿਬ ਦੀ ਥਾਂ ਤੇ ਸੋਟੀ ਹੈ, ਤੇ ਦੂਜੇ ਹੱਥ ਥੱਲੇ ਢਾਲ ਵੀ ਨਹੀਂ ਹੈ । ਇਸ ਤਰ੍ਹਾਂ ਦਾ ਬੁੱਤ ਬਣਵਾ ਕੇ ਦਿੱਲੀ ਕਮੇਟੀ ਖੁੱਦ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਹਿੰਦੂ ਯੋਧਾ ਸਾਬਤ ਕਰਨ ਵਾਲਿਆਂ ਦੀ ਸਹਾਇਤਾ ਕਰਦੀ ਲੱਗਦੀ ਹੈ । ਜਦੋਂ ਬਾਬਾ ਬੰਦਾ ਸਿੰਘ ਬਹਾਦੁਰ, ਜਨਰਲ ਜ਼ੋਰਾਵਰ ਸਿੰਘ ਤੇ ਹੋਰ ਕਈ ਸਿੱਖ ਯੋਧਿਆਂ ਦੇ ਹਿੰਦੂਕਰਣ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਤਾਂ ਦਿੱਲੀ ਕਮੇਟੀ ਨੂੰ ਚਾਹੀਦਾ ਤਾਂ ਇਹ ਹੈ ਕਿ ਇਹਨਾਂ ਕੋਸ਼ਿਸ਼ਾਂ ਦੇ ਵਿਰੁੱਧ ਖੜ੍ਹੀ ਹੋਵੇ, ਨਾ ਕਿ ਉਹਨਾਂ ਦੀ ਸਹਾਇਕ ਬਣੇ । ਸਿੱਖ ਸਿਧਾਂਤ ਦੀ ਗੱਲ ਕਰੀਏ ਤਾਂ ਸਿੱਖੀ ਵਿੱਚ ਕਿਸੇ ਤਰ੍ਹਾਂ ਦੀ ਵੀ ਬੁੱਤ ਪ੍ਰਸਤੀ ਦੀ ਇਜਾਜ਼ਤ ਨਹੀਂ ਹੈ । ਸਿੱਖ ਯੋਧਿਆਂ ਦੀਆਂ ਯਾਦਾਂ ਨੂੰ ਲੋਕਾਂ ਦੇ ਮੰਨ ਵਿੱਚ ਵਸਾਉਣ ਦੇ ਹੋਰ ਵੀ ਬਹੁਤ ਤਰੀਕੇ ਹੋ ਸਕਦੇ ਹਨ । ਬੁੱਤਾਂ ਦਾ ਸਹਾਰਾ ਲੈਣਾ ਵੀ ਇੱਕ ਤਰ੍ਹਾਂ ਹਿੰਦੂਕਰਣ ਦੀ ਚੱਲ ਰਹੀ ਪ੍ਰਕਿਰਿਆ ਦਾ ਹਿੱਸਾ ਬਣਨ ਵਾਲੀ ਗੱਲ ਹੀ ਹੈ । ਸਮੁੱਚੀ ਕੌਮ ਨੰਈ ਚਾਹੀਦਾ ਹੈ ਕਿ ਅੱਜ ਹੀ ਦਿੱਲੀ ਕਮੇਟੀ ਦੀ ਇਸ ਗਲਤੀ ਦੇ ਵਿਰੁੱਧ ਆਵਾਜ਼ ਬੁਲੰਦ ਕਰੇ, ਤੇ ਉਹਨਾਂ ਨੂੰ ਇਸ ਅਪਰਾਧ ਤੋਂ ਰੋਕੇ । ਤੀਜੀ ਖਬਰ ਜਿਸ ਦਾ ਜ਼ਿਕਰ ਕਰਨਾ ਚਾਹ ਰਿਹਾ ਹਾਂ, ਉਹ ਦੋ ਦਿਨ ਪਹਿਲਾਂ ਪਹਿਰੇਦਾਰ ਅਖਬਾਰ ਵਿੱਚ ਛਪੇ ਇੱਕ ਲੇਖ ਰਾਹੀਂ ਪੜ੍ਹਨ ਨੂੰ ਮਿਲੀ ਸੀ । ਇਸ ਲੇਖ ਦੇ ਲੇਖਕ ਦੇ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਆਰ ਐਸ ਐਸ ਵੱਲੋਂ ਐਸੇ ਪੈਂਫਲਟ ਵੰਡੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸਿੱਖਾਂ ਦੀ ਹਮਾਇਤ ਦੇ ਪਰਦੇ ਹੇਠ, ਉਹਨਾਂ ਨੂੰ ਇਸਾਈ ਭਾਈਚਾਰੇ ਦੇ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਲੇਖਕ ਤੇ ਅਖਬਾਰ ਨੂੰ ਚਾਹੀਦਾ ਸੀ, ਕਿ ਆਰ ਐਸ ਐਸ ਦੇ ਇਸ ਪੈਂਫਲਟ ਨੂੰ ਵੀ ਨਾਲ ਛਾਪ ਦਿੰਦੇ, ਤਾਂ ਜੋ ਹਰ ਸੋਚਣ ਤੇ ਸਮਝਣ ਵਾਲਾ ਸਿੱਖ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਸਕਦਾ । ਪਰ ਫਿਰ ਵੀ ਇਸ ਵਿਸ਼ੇ ਵੱਲ ਧਿਆਨ ਖਿੱਚਣ ਲਈ ਅਖਬਾਰ ਤੇ ਲੇਖਕ ਦੋਵੇਂ ਸ਼ਲਾਘਾ ਦੇ ਪਾਤਰ ਹਨ । ਅਸੀਂ ਸਿੱਖ ਜਿੰਨੇ ਜ਼ਿਆਦਾ ਅਨ-ਆਰਗੇਨਾਈਜ਼ਡ ਹਾਂ, ਆਰ ਐਸ ਐਸ ਉਨੀ ਹੀ ਜ਼ਿਅਦਾ ਆਰਗੇਨਾਈਜ਼ਡ ਜਮਾਤ ਹੈ, ਤੇ ਸਿੱਖੀ ਦਾ ਹਿੰਦੂਕਰਣ ਕਰਨਾ ਉਹਨਾਂ ਦੇ ਏਜੰਡੇ ਵਿੱਚ ਸ਼ਾਮਿਲ ਹੈ । ਉਹ ਸਿੱਖਾਂ ਨੂੰ ਵਿਲੱਖਣ ਕੌਮ ਤਾਂ ਕੀ, ਧਰਮ ਵੀ ਨਹੀਂ ਮੰਨਦੇ । ਉਹਨਾਂ ਦੇ ਅਨੁਸਾਰ ਸਿੱਖ ਧਰਮ, ਹਿੰਦੂ ਧਰਮ ਦਾ ਹੀ ਇੱਕ ਅੰਗ, ਇੱਕ ਫਿਰਕਾ ਹੈ । ਸਾਡੇ ਉਹ ਵਿਦਵਾਨ ਤੇ ਸੰਪ੍ਰਦਾਵਾਂ ਜਿਹੜੀਆਂ ਗੁਰੁ ਨਾਨਕ ਸਾਹਿਬ ਤੇ ਗੁਰੁ ਗੋਬਿੰਦ ਸਿੰਘ ਸਾਹਿਬ ਨੂੰ ‘ਲਵ-ਕੁੱਸ਼’ ਦੇ ਅਵਤਾਰ, ਅਤੇ ਪੰਜ ਪਿਆਰਿਆਂ ਨੂੰ ਪੰਜ ਹਿੰਦੂ ਦੇਵਤਿਆਂ ਦੇ ਅਵਤਾਰ ਮੰਨਦੀਆਂ ਤੇ ਪ੍ਰਚਾਰਦੀਆਂ ਹਨ, ਉਹ ਜਾਣੇ ਅਣਜਾਣੇ ਆਰ ਐਸ ਐਸ ਵੱਲੋਂ ਸਿੱਖ ਕੌਮ ਤੇ ਧਰਮ ਨੂੰ ਹਿੰਦੂਆਂ ਦਾ ਅੰਗ ਕਹੇ ਜਾਣ ਦੀ ਹੀ ਤਾਈਦ ਕਰ ਰਹੀਆਂ ਹੁੰਦੀਆਂ ਹਨ । ਲੋੜ੍ਹ ਹੈ, ਪੰਥ ਦੀ ਵਿਲੱਖਣ ਤੇ ਆਜ਼ਾਦ ਹਸਤੀ ਨੂੰ ਉਭਾਰਨ ਤੇ ਮੰਨਵਾਉਣ ਦੀ, ਆਪੋ ਆਪਣੇ ਡੇਰਿਆਂ ਤੇ ਸੰਪ੍ਰਦਾਵਾਂ ਦੀ ਸੋਚ ਬਾਦ ਵਿੱਚ ਆਣੀ ਚਾਹੀ ਦੀ ਹੈ । ਜਿਹੜੇ ਡੇਰੇ ਤੇ ਸੰਪਰਦਾਵਾਂ ਪੰਥ ਤੇ ਕੌਮ ਨੂੰ ਸਮ੍ਰਪਿਤ ਹਨ, ਤੇ ਪੰਥ ਦੀ ਪ੍ਰਵਾਨਤ ਮਰਿਯਾਦਾ ਦੇ ਵਿੱਚ ਵਿਸਵਾਸ਼ ਰੱਖਦੇ ਹਨ, ਉਹਨਾਂ ਨੂੰ ਅੱਜ ਇਹ ਸੋਚਣਾ ਤੇ ਸਮਝਣਾ ਚਾਹੀਦਾ ਹੈ ਕਿ ਉਹਨਾਂ ਦੀ ਕਿਹੜੀ ਸੋਚ ਤੇ ਕਿਹੜਾ ਕੰਮ ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ ਉਭਾਰਦਾ ਹੈ, ਤੇ ਕਿਹੜਾ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਫਿਰਕਾ ਸਾਬਤ ਕਰਨ ਵਿੱਚ ਸਹਾਈ ਹੁੰਦਾ ਹੈ ।

468 ad

Submit a Comment

Your email address will not be published. Required fields are marked *