ਮਜੀਠੀਆ ਵਲੋਂ ਚਾਰ ਤਖਤ ਸਾਹਿਬਾਨ ‘ਤੇ ‘ਸੇਵਾ’ ਮੁਕੰਮਲ

majithia saza

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚਾਰ ਤਖਤਾਂ ‘ਤੇ ਨਿਭਾਈ ਗਈ ਧਾਰਮਿਕ ਸਜ਼ਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ 1 ਮਈ ਨੂੰ ਸੁਣਾਏ ਗਏ ਆਦੇਸ਼ ਤਹਿਤ ਮਰਿਆਦਾ ਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਾਜ਼ਰ ਹੋ ਕੇ ਲੰਗਰ ‘ਚ ਮਾਇਕ ਅਤੇ ਹੱਥੀਂ ਸੇਵਾ ਕਰਨ ਦੀ ਤਨਖਾਹ ਲਗਾਈ ਗਈ ਸੀ, ਜੋ ਉਨ੍ਹਾਂ ਨੇ ਨਿਭਾਈ ਹੈ। ਇਸ ਸੇਵਾ ‘ਤੇ ਸਿਆਸੀ ਆਗੂਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਉਨ੍ਹਾਂ ਮੰਦਭਾਗੀ ਦੱਸਿਆ। 19 ਨਵੰਬਰ 2003 ਵਿਚ ਪੰਜ ਸਿੰਘ ਸਾਹਿਬਾਨ ਵਲੋਂ ਲਏ ਗਏ ਫੈਸਲੇ ਅਤੇ ਮਤਾ ਨੰਬਰ 1 ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਾਈ ਗਈ ਸੇਵਾ ਸਮੁੱਚੇ ਤਖਤਾਂ ਨੂੰ ਪ੍ਰਵਾਨ ਹੈ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਚਾਰ ਤਖਤਾਂ ‘ਤੇ ਸੇਵਾ ਮੁਕੰਮਲ ਕਰ ਲਈ ਗਈ ਹੈ ਅਤੇ ਹੁਣ ਤਖਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਿੰਨ ਦਿਨ ਸੇਵਾ ਕਰਨੀ ਬਾਕੀ ਹੈ ਜੋ ਉਹ ਅੰਮ੍ਰਿਤਸਰ ਪੁਜਦਿਆਂ ਹੀ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਿਮਾਣੇ ਸਿੱਖ ਵਾਂਗ ਆਪਣੀ ਸੇਵਾ ਨਿਭਾਉਣ ਲਈ ਜਾਣਗੇ। ਉਨ੍ਹਾਂ ਵਲੋਂ ਕਲ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾਈ ਗਈ, ਉਪਰੰਤ ਉਹ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋ ਗਏ। ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਨੇ ਉਨ੍ਹਾਂ ਨੂੰ ਹਜ਼ੂਰ ਸਾਹਿਬ ਵਲੋਂ ਲਗਾਈ ਗਈ ਸੇਵਾ ਤੋਂ ਮੁਕਤ ਕਰਨ ਉਪਰੰਤ ਸਿਰੋਪਾਓ ਦੀ ਬਖਸ਼ਿਸ਼ ਕੀਤੀ, ਜਦੋਂ ਕਿ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਉਨ੍ਹਾਂ ਵਲੋਂ ਸੇਵਾ ਪੂਰੀ ਕਰਨ ‘ਤੇ ਅਰਦਾਸ ਕੀਤੀ ਗਈ। ਉਨ੍ਹਾਂ ਨੇ ਦੋਵਾਂ ਤਖਤਾਂ ‘ਤੇ ਨਿਮਾਣੇ ਸਿੱਖ, ਪੂਰੀ ਸ਼ਰਧਾ ਵਿਚ ਡੁੱਬ ਕੇ ਬਰਤਨਾਂ ਅਤੇ ਜੋੜਿਆਂ ਦੀ ਕਈ ਘੰਟੇ ਸੇਵਾ ਕੀਤੀ। ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਯੋਧ ਸਿੰਘ ਸਮਰਾ, ਰਵੀ ਪ੍ਰੀਤ, ਸੁਖਜਿੰਦਰ ਗੋਲਡੀ ਤੋਂ ਇਲਾਵਾ ਉਨ੍ਹਾਂ ਦੇ ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਹਾਜ਼ਰ ਸਨ।

468 ad