ਮਜੀਠੀਆ ਲਈ ਸਿਆਸੀ ਸਬਕ ਛੱਡ ਗਈਆਂ ਚੋਣਾਂ!

ਅੰਮ੍ਰਿਤਸਰ- ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਸਭਾ ਚੋਣਾਂ ਦੌਰਾਨ ਮਿਲਿਆ ਇਹ ਸਭ ਤੋਂ ਵੱਡਾ ਧਾਰਮਿਕ Majithiaਅਤੇ ਸਿਆਸੀ ਸਬਕ ਹੈ ਅਤੇ ਇਸ ਸਬਕ ਦੀ ਝਲਕ ਮਜੀਠੀਆ ਦੇ ਚਿਹਰੇ ‘ਤੇ ਸਾਫ ਝਲਕ ਰਹੀ ਹੈ। ਇਸ ਧਾਰਮਿਕ ਸਜ਼ਾ ਤੋਂ ਬਾਅਦ ਮਜੀਠੀਆ ਨੂੰ ਇਹ ਅਹਿਸਾਸ ਹੋ ਗਿਆ ਕਿ ਜੋਸ਼ ‘ਚ ਹੋਸ਼ ਗੁਆਉਣ ਨਾਲ ਕਿਵੇਂ ਜਨਤਕ ਤੌਰ ‘ਤੇ ਉਸ ਦਾ ਅਕਸ ਖਰਾਬ ਹੋ ਗਿਆ ਅਤੇ ਅਕਸ ਖਰਾਬ ਹੋਣ ਦਾ ਪਛਤਾਵਾਂ ਵੀ ਮਜੀਠੀਆ ‘ਤੇ ਚਿਹਰੇ ‘ਤੇ ਸਾਫ ਦਿਖਾਈ ਦਿੱਤਾ ਅਤੇ ਮਜੀਠੀਆ ਨੇ ਨਿਮਾਣਾ ਬਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪੂਰੀ ਪਾਲਣਾ ਕਰਨ ਦਾ ਵਚਨ ਦਿੱਤਾ। ਆਓ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਮਜੀਠੀਆ ਲਈ ਅਜਿਹੇ ਹਾਲਾਤ ਕਿਵੇਂ ਪੈਦਾ ਹੋਏ। ਇਹ ਉਸ ਚੋਣ ਸਭਾ ਦੇ ਦ੍ਰਿਸ਼ ਹਨ, ਜਿਨ੍ਹਾਂ ‘ਚ ਮਜੀਠੀਆ ਨੇ ਜੋਸ਼ ‘ਚ ਆਪਣਾ ਹੋਸ਼ ਗੁਆਇਆ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਾਲ ਛੇੜਛਾੜ ਕਰ ਦਿੱਤੀ। ਮਜੀਠੀਆ ਵਲੋਂ ਬਾਣੀ ਦੇ ਇਕ ਸ਼ਬਦ ‘ਚ ਕੀਤੇ ਗਏ ਬਦਲਾਅ ‘ਤੇ ਪੰਜਾਬ ‘ਚ ਬਵਾਲ ਖੜ੍ਹਾ ਹੋ ਗਿਆ ਅਤੇ ਥਾਂ-ਥਾਂ ‘ਤੇ ਮਜੀਠੀਆ ਦਾ ਜੰਮ ਕੇ ਵਿਰੋਧ ਹੋਇਆ ਅਤੇ ਪੂਰੇ ਪੰਜਾਬ ‘ਚ ਕਈ ਥਾਈਂ ਮਜੀਠੀਆ ਦੇ ਪੁਤਲੇ ਫੂਕੇ ਗਏ। ਮਾਮਲਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਕੋਲ ਪੁੱਜਾ ਤਾਂ ਪੰਜ ਸਿੰਘ ਸਾਹਿਬਾਨਾਂ ਨੇ ਮਜੀਠੀਆ ਨੂੰ ਧਾਰਮਿਕ ਸਜ਼ਾ ਸੁਣਾਉਣ ‘ਚ ਭੋਰਾ ਵੀ ਦੇਰ ਨਹੀਂ ਕੀਤੀ। ਲੋਕ ਸਭਾ ਚੋਣਾਂ ਦੌਰਾਨ ਮਜੀਠੀਆ ਨੂੰ ਮਿਲਿਆ ਇਹ ਇਕਲੌਤਾ ਸਬਕ ਨਹੀਂ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਤਿੰਨ ਵਾਰ ਜਨਤਕ ਤੌਰ ‘ਤੇ ਝਾੜ ਲਾਈ।
ਪਹਿਲਾ ਮਾਮਲਾ ਲੋਪੋਕੇ ਵਿਖੇ ਹੋਈ ਅਕਾਲੀ ਦਲ ਦੀ ਰੈਲੀ ਦਾ ਹੈ, ਜਿਸ ‘ਚ ਬਾਦਲ ਨੇ ਮੰਚ ਤੋਂ ਮਜੀਠੀਆ ਦੀ ਰੈਲੀ ਦੀ ਤੁਲਨਾ ਲੋਪੋਕੇ ਦੀ ਰੈਲੀ ਨਾਲ ਕਰ ਕੇ ਮਜੀਠੀਆ ਨੂੰ ਸਿਆਸੀ ਸਬਕ ਦਿੱਤਾ। ਮਜੀਠੀਆ ਨੂੰ ਬਾਦਲ ਵਲੋਂ ਦੂਜਾ ਸਿਆਸੀ ਸਬਕ ਉਸ ਵੇਲੇ ਮਿਲਿਆ, ਜਦੋਂ ਉਹ ਆਪਣੀ ਭੈਣ ਹਰਸਿਮਰਤ ਬਾਦਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਬਠਿੰਡਾ ਪੁੱਜ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਮਜੀਠੀਆ ਨੂੰ ਅੰਮ੍ਰਿਤਸਰ ਛੱਡ ਕੇ ਬਠਿੰਡਾ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਮਜੀਠੀਆ ਕੁਝ ਇਸ ਤਰੀਕੇ ਸਫਾਈਆਂ ਦਿੰਦੇ ਨਜ਼ਰ ਆਏ। ਅੰਮ੍ਰਿਤਸਰ ‘ਚ ਮਜੀਠੀਆ ਨੂੰ ਇਕ ਵਾਰ ਫਿਰ ਉਸ ਵੇਲੇ ਸਿਆਸੀ ਨਮੋਸ਼ੀ ਝੱਲਣੀ ਪਈ, ਜਦੋਂ ਮਨਜਿੰਦਰ ਸਿੰਘ ਕੰਗ ਨੂੰ ਅਕਾਲੀ ਦਲ ‘ਚ ਫਿਰ ਤੋਂ ਸ਼ਾਮਲ ਕੀਤਾ ਗਿਆ। ਇਸ ਦੌਰਾਨ ਹੋਈ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਬਾਦਲ ਨੇ ਸਾਫ ਕਹਿ ਦਿੱਤਾ ਕਿ ਮਨਜਿੰਦਰ ਸਿੰਘ ਕੰਗ ਮਜੀਠੀਆ ਕਾਰਨ ਪਾਰਟੀ ਛੱਡ ਗਏ ਸਨ। ਇਹ ਪਹਿਲੀਆਂ ਚੋਣਾਂ ਨਹੀਂ ਹਨ, ਜਦੋਂ ਮਜੀਠੀਆ ਗਲਤ ਕਾਰਨਾਂ ਦੇ ਚੱਲਦਿਆਂ ਖਬਰਾਂ ‘ਚ ਰਹੇ ਹਨ। ਪਿਛਲੀ ਵਾਰ ਜਲੰਧਰ ‘ਚ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਮਜੀਠੀਆ ਨੇ ਜਿਨ੍ਹਾਂ ਸੀਟਾਂ ‘ਤੇ ਪ੍ਰਚਾਰ ਕੀਤਾ, ਉਹ ਸਾਰੇ ਉਮੀਦਵਾਰ ਚੋਣਾਂ ਹਾਰ ਗਏ ਸਨ। ਕੁੱਲ ਮਿਲਾ ਕੇ ਇਹ ਚੋਣਾਂ ਵੀ ਬਿਕਰਮ ਸਿੰਘ ਮਜੀਠੀਆ ਲਈ ਕਈ ਸਿਆਸੀ ਸਬਕ ਦੇਣ ਵਾਲੀਆਂ ਸਾਬਤ ਹੋਈਆਂ ਹਨ ਪਰ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਬਿਕਰਮ ਸਿੰਘ ਮਜੀਠੀਆ ਇਨ੍ਹਾਂ ਚੋਣਾਂ ਦੌਰਾਨ ਮਿਲੇ ਸਬਕ ਦਾ ਕਿੰਨਾ ਫਾਇਦਾ ਚੁੱਕਦੇ ਹਨ।

468 ad