ਮਜੀਠੀਆ ਮੰਨੇ-ਪ੍ਰਮੰਨੇ ਡਰੱਗ ਡੀਲਰ: ਭਗਵੰਤ ਮਾਨ

24ਅੰਮ੍ਰਿਤਸਰ, 21 ਮਈ ( ਜਗਦੀਸ਼ ਬਾਮਬਾ ) “ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਨੇ-ਪ੍ਰਮੰਨੇ ਡਰੱਗ ਡੀਲਰ ਹਨ ਤੇ ਮੇਰੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ। ਜ਼ਰੂਰਤ ਪੈਣ ‘ਤੇ ਮੈਂ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕਰਾਂਗਾ।” ਇਹ ਦਾਅਵਾ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕੀਤਾ ਹੈ। ਮਾਨ ਨੇ ਅੱਜ ਮਜੀਠੀਆ ਦੇ ਗੜ੍ਹ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ‘ਤੇ ਤਿੱਖੇ ਹਮਲੇ ਕੀਤੇ।ਮਾਨ ਨੇ ਕਿਹਾ ਕਿ ਮਜੀਠੀਆ ਨੂੰ ਆਮ ਆਦਮੀ ਪਾਰਟੀ ਲੀਡਰਾਂ ਖਿਲਾਫ਼ ਕੇਸ ਕਰਨ ਦੀ ਥਾਂ ਪੰਜਾਬ ਦੇ ਹਰ ਬੱਚੇ ਖਿਲਾਫ਼ ਕੇਸ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਦਾ ਬੱਚਾ-ਬੱਚਾ ਮਜੀਠੀਆ ਨੂੰ ਡਰੱਗ ਡੀਲਰ ਕਹਿ ਰਿਹਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਮਜੀਠੀਆ ਖਿਲਾਫ਼ ਪੁਖਤਾ ਸਬੂਤ ਹਨ ਜਿਨ੍ਹਾਂ ਤੋਂ ਸਾਬਤ ਹੋ ਜਾਵੇਗਾ ਕਿ ਮਜੀਠੀਆ ਨੇ ਅੰਤਰਾਸ਼ਟਰੀ ਡਰੱਗ ਤਸਕਰਾਂ ਨਾਲ ਸਬੰਧ ਹਨ।ਉਨ੍ਹਾਂ ਕਿਹਾ ਕਿ ਮਜੀਠੀਆ ਕੈਨੇਡਾ ਵਿੱਚ ਜਾ ਕੇ ਡਰੱਗ ਤਸਕਰੀ ਦੇ ਮੁਲਜ਼ਮ ਸੱਤੇ ਨੂੰ ਕਈ ਵਾਰ ਮਿਲ ਚੁੱਕੇ ਹਨ। ਉਹ ਜਲਦ ਹੀ ਇਹ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕਰਨਗੇ। ਮਾਨ ਨੇਕਿਹਾ ਕਿ ਮਜੀਠੀਆ ਨੇ ਦਿੱਲੀ ਦੇ ਤਿੰਨ ਲੀਡਰਾਂ ਖਿਲਾਫ਼ ਤਾਂ ਮਾਣਹਾਨੀ ਦਾ ਕੇਸ ਕੀਤਾ ਹੈ ਪਰ ਮੈਂ ਹਰ ਰੋਜ਼ ਉਨ੍ਹਾਂ ਖਿਲਾਫ਼ ਖੁੱਲ੍ਹ ਕੇ ਬੋਲਦਾ ਹਾਂ ਪਰ ਮੇਰੇ ਖਿਲਾਫ਼ ਕੇਸ ਕਿਉਂ ਨਹੀਂ ਕੀਤਾ ਗਿਆ।ਮਾਨ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਹਨ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਹਮਲੇ ਪਿੱਛੇ ਸੁਖਬੀਰ ਬਾਦਲ ‘ਤੇ ਸ਼ੱਕ ਹੈ ਕਿਉਂਕਿ ਉਹ ਪੰਜਾਬ ਦੇ ਗ੍ਰਹਿ ਮੰਤਰੀ ਹਨ ਤੇ ਪੰਜਾਬ ਵਿੱਚ ਵਿਗੜ ਰਹੇ ਹਾਲਾਤ ਲਈ ਉਨ੍ਹਾਂ ਦੀ ਹੀ ਜਿੰਮੇਵਾਰੀ ਬਣਦੀ ਹੈ।ਅੰਮ੍ਰਿਤਸਰ ਵਿੱਚ ਖੁੱਲ੍ਹ ਰਹੇ ਮਹਿਲਾਵਾਂ ਦੇ ਮੁੜ ਵਸੇਬਾ ਕੇਂਦਰ ਬਾਰੇ ਮਾਨ ਨੇ ਕਿਹਾ ਕਿ ਇਹ ਪੰਜਾਬ ਵਾਸੀਆਂ ਲਈ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੀਆਂ ਔਰਤਾਂ ਤੇ ਕੁੜੀਆਂ ਵੀ ਨਸ਼ੇ ਦੀ ਜਕੜ ਵਿੱਚ ਆ ਗਈਆਂ ਹਨ। ਉਨ੍ਹਾਂ ਇਸ ਲਈ ਵੀ ਪੰਜਾਬ ਸਰਕਾਰ ਨੂੰ ਹੀ ਜਿੰਮੇਵਾਰ ਠਹਿਰਾਇਆ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮਜੀਠੀਆ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੇ ਡਰੱਗ ਤਸਕਰਾਂ ਨਾਲ ਰਿਸ਼ਤੇ ਹੋਣ ਦੀ ਜਾਂਚ ਕਾਰਵਾਈ ਜਾਣੀ ਚਾਹੀਦੀ ਹੈ।

468 ad

Submit a Comment

Your email address will not be published. Required fields are marked *