ਮਜੀਠੀਆ ਨੇ ਬਣਾਈ ਮੀਡੀਆ ਤੋਂ ਦੂਰੀ !

1ਅੰਮ੍ਰਿਤਸਰ, 13 ਮਈ ( ਜਗਦੀਸ਼ ਬਾਮਬਾ ) ਸਾਬਕਾ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਉਪਕਾਰ ਸੰਧੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਖਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕੀਤੇ ਜਾਣ ਤੋਂ ਬਾਅਦ ਮਜੀਠੀਆ ਨੇ ਇਨ੍ਹਾਂ ਇਲਜ਼ਾਮਾਂ ਬਾਰੇ ਜਵਾਬ ਦੇਣ ਦੀ ਬਜਾਏ ਮੀਡੀਆ ਤੋਂ ਦੂਰੀ ਬਣਾ ਲਈ ਹੈ।
ਅੱਜ ਚੀਨ ਦੌਰੇ ਤੋਂ ਪਰਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅੰਮ੍ਰਿਤਸਰ ਫੇਰੀ ਦੌਰਾਨ ਵੀ ਬਿਕਰਮ ਮਜੀਠੀਆ ਨਜ਼ਰ ਨਹੀਂ ਆਏ। ਉਨ੍ਹਾਂ ਦੇ ਦਫਤਰੀ ਸਟਾਫ਼ ਵੱਲੋਂ ਉਨ੍ਹਾਂ ਦੇ ਦਿੱਲੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਮਜੀਠੀਆ ਵੱਲੋਂ ਕੋਈ ਪ੍ਰੈੱਸ ਨੋਟ ਵੀ ਨਹੀਂ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਬਣੀ ਅਰਬਨ ਹਾਟ ਵਿਖੇ ਲੱਗੇ ਅੰਮ੍ਰਿਤਸਰ ਵਿਰਾਸਤੀ ਮੇਲੇ ਦਾ ਉਦਘਾਟਨ ਵੀ ਪਹਿਲਾਂ 5 ਮਈ ਨੂੰ ਮਜੀਠੀਆ ਵੱਲੋਂ ਹੀ ਕੀਤਾ ਜਾਣਾ ਸੀ ਪਰ ਉਹ ਉਥੇ ਵੀ ਨਹੀਂ ਪੁੱਜੇ। ਇਸ ਸਮਾਗਮ ਸਬੰਧੀ ਇੱਕ ਅਕਾਲੀ ਨੇਤਾ ਵੱਲੋਂ ਸ਼ਹਿਰ ਵਿੱਚ ਮਜੀਠੀਆ ਵੱਲੋਂ ਉਦਘਾਟਨ ਕੀਤੇ ਜਾਣ ਬਾਰੇ ਹੋਰਡਿੰਗ ਵੀ ਲਾ ਦਿੱਤੇ ਗਏ ਸਨ।
ਦਰਅਸਲ ਇੰਦਰਬੀਰ ਬੁਲਾਰੀਆ ਤੇ ਉਪਕਾਰ ਸੰਧੂ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਮਜੀਠੀਆ ਨੇ ਪਹਿਲਾਂ ਹੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ ਪਰ 5 ਮਈ ਦੇ ਸਮਾਗਮ ਤੇ ਅੱਜ ਉਪ ਮੁੱਖ ਮੰਤਰੀ ਦੇ ਦੌਰੇ ਦੌਰਾਨ ਮਜੀਠੀਆ ਦੀ ਗੈਰ ਹਾਜ਼ਰੀ ਤੋਂ ਇਹ ਲੱਗ ਰਿਹਾ ਹੈ ਕਿ ਮਜੀਠੀਆ ਮੀਡੀਆ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਘੇਰੇ ਵਿੱਚ ਆਉਣ ਦੀ ਥਾਂ ਮੀਡੀਆ ਤੋਂ ਦੂਰ ਰਹਿਣਾ ਹੀ ਠੀਕ ਸਮਝ ਰਹੇ ਹਨ।

468 ad

Submit a Comment

Your email address will not be published. Required fields are marked *