‘ਮਜੀਠੀਆ ਨੇ ਜੂਠੇ ਨਹੀਂ ਸੁੱਚੇ ਭਾਂਡੇ ਸਾਫ਼ ਕੀਤੇ’

'ਮਜੀਠੀਆ ਨੇ ਜੂਠੇ ਨਹੀਂ ਸੁੱਚੇ ਭਾਂਡੇ ਸਾਫ਼ ਕੀਤੇ'

**ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਉਲਟ ਨਿਭਾਈ ਸੇਵਾ : ਲਾਲੀ ਮਜੀਠੀਆ**

ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ ਕੀਤੀ ਛੇੜਛਾੜ ਦੇ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਜਾਂ ਤਖਤਾਂ ‘ਤੇ ਜਾ ਕੇ ਸੇਵਾ ਕਰਨ ਦੀ ਲਾਈ ਗਈ ਸਜ਼ਾ ਭਾਵੇਂ ਭੁਗਤਣੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਵੀ ਕਿੰਤੂ-ਪ੍ਰੰਤੂ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਬਰਤਨਾਂ ਦੀ ਸੇਵਾ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਨੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਇਹ ਸੇਵਾ ਸਜ਼ਾ ਦੇ ਤੌਰ ‘ਤੇ ਘੱਟ ਵਿਖਾਵੇ ਦੇ ਤੌਰ ‘ਤੇ ਜ਼ਿਆਦਾ ਕੀਤੀ ਗਈ ਲੱਗਦੀ ਹੈ। ਜਦੋਂਕਿ ਇਸ ਧਾਰਮਿਕ ਸਜ਼ਾ ਨੂੰ ਭੁਗਤਣ ਦੀ ਜੋ ਮਾਣ ਮਰਿਆਦਾ ਹੈ ਉਸ ਦਾ ਪਾਲਣ ਕਰਨਾ ਚਾਹੀਦਾ ਸੀ। ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਸਜ਼ਾ ਨੂੰ ਇਕ ਉਹ ਨਿਮਾਣੇ ਸਿੱਖ ਵਾਂਗ ਭੁਗਤਦੇ ਪਰ ਉਨ੍ਹਾਂ ਨੇ ਆਪਣੇ ਸਿਆਸੀ ਰੁਤਬੇ ਦੀ ਪੈਂਠ ਥੱਲੇ ਕਈ ਹੋਰ ਆਗੂਆਂ ਨਾਲ ਸਜ਼ਾ ਭੁਗਤ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਮਨ ਵਿਚ ਸ਼ਰਧਾ ਨਾਂ ਦੀ ਕੋਈ ਚੀਜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਨਿਮਾਣੇ ਸਿੱਖ ਵਾਂਗ ਸਜ਼ਾ ਭੁਗਤ ਕੇ ਆਪਣੀ ਭੁੱਲ ਦਾ ਪਛਤਾਵਾ ਕਰਨ ਦੀ ਥਾਂ ਸੇਵਾ ਵੀ ਹੈਂਕੜ ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਇੰਝ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨੂੰ ਮਜ਼ਾਕ ਬਣਾਉਣ ਦੀ ਕੋਝੀ ਹਰਕਤ ਕੀਤੀ ਹੈ, ਜਿਸ ਲਈ ਪੰਥ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਕ ਦਿਨ ਵਿਚ ਹੀ ਦੋ ਤਖਤਾਂ ‘ਤੇ ਸੇਵਾ ਕਰਨਾ ਵੀ ਇਹ ਸਾਬਤ ਕਰਦਾ ਹੈ ਕਿ ਉਹ ਸੇਵਾ ਦੀ ਰਸਮ ਹੀ ਪੂਰੀ ਕਰ ਰਿਹਾ ਹੈ ਪਰ ਇਸ ਸੇਵਾ ਦੇ ਅਸਲ ਅਰਥਾਂ ਤੱਕ ਪੁੱਜਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਲਾਲੀ ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਉਹ ਜੂਠੇ ਭਾਂਡੇ ਸਾਫ ਕਰੇ ਪਰ ਉਸ ਨੇ ਸੁੱਚੇ ਭਾਂਡੇ ਸਾਫ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਦਿਲ ਸਾਫ ਕਰਕੇ ਸਜ਼ਾ ਭੁਗਤਣ ਨਾ ਕਿ ਗੁਰੂ ਘਰ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰਨ।

468 ad