ਮਜੀਠੀਆ ਨੇ ਕੀਤੀ ਬਰਤਨ ਸਾਫ ਕਰਨ ਦੀ ਸੇਵਾ

ਅੰਮ੍ਰਿਤਸਰ-ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਾਲ ਛੇੜਛਾੜ ਕਰਨ ਦੇ ਦੋਸ਼ੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੁਣਾਈ ਗਈ ਧਾਰਮਿਕ ਸਜ਼ਾ ‘ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਮਜੀਠੀਆ ਨੇ Majithiaਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਾ ਕੇ ਲੰਗਰ ਦੀ ਸੇਵਾ ਕੀਤੀ ਅਤੇ ਬਰਤਨ ਸਾਫ ਕੀਤੇ। ਬਿਕਰਮ ਸਿੰਘ ਮਜੀਠੀਆ ਨੇ ਇਸ ਦੌਰਾਨ ਪੂਰੀ ਤਰ੍ਹਾਂ ਸਿੱਖੀ ਸਰੂਪ ‘ਚ ਨਜ਼ਰ ਆਉਣ ਲਈ ਆਪਣੀ ਦਾੜ੍ਹੀ ਵੀ ਖੋਲ੍ਹ ਕੇ ਰੱਖੀ ਹੋਈ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਮਜੀਠੀਆ ਨੂੰ ਬਾਣੀ ਨਾਲ ਛੇੜਛਾੜ ਦਾ ਦੋਸ਼ੀ ਮੰਨਦੇ ਹੋਏ ਪੰਜਾ ਤਖਤਾਂ ‘ਤੇ ਜਾ ਕੇ ਲੰਗਰ ਦੀ ਸੇਵਾ ਕਰਨ ਤੋਂ ਇਲਾਵਾ 501 ਰੁਪਏ ਗੁਰੂ ਦੀ ਗੋਲਕ ‘ਚ ਪਾਉਣ ਅਤੇ 101 ਰੁਪਏ ਦੇ ਕੜਾਹ-ਪ੍ਰਸ਼ਾਦ ਦੀ ਸੇਵਾ ਲਾਈ ਸੀ। ਇਹ ਧਾਰਮਿਕ ਸਜ਼ਾ ਸੁਣਾਏ ਜਾਣ ਦੇ ਦੌਰਾਨ ਵੀ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਮਜੀਠੀਆ ਪੂਰੇ ਸਿੱਖੀ ਸਰੂਪ ‘ਚ ਨਜ਼ਰ ਆਏ ਸਨ।
ਹਾਲਾਂਕਿ ਇਸ ਤੋਂ ਪਹਿਲਾਂ ਸਿਆਸੀ ਤੌਰ ‘ਤੇ ਸਰਗਰਮ ਹੋਣ ਵੇਲੇ ਮਜੀਠੀਆ ਦੀ ਦਾੜ੍ਹੀ ਬੰਨ੍ਹੀ ਹੁੰਦੀ ਸੀ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਦੌਰਾਨ ਇਕ ਚੋਣ ਸਭਾ ‘ਚ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਦੇ ਅੰਤ ‘ਚ ਭਾਜਪਾ ਉਮੀਦਵਾਰ ਅਰੁਣ ਜੇਤਲੀ ਦਾ ਨਾਂ ਜੋੜ ਦਿੱਤਾ ਸੀ।

468 ad