ਮਜੀਠੀਆ ਨੂੰ ਮੰਤਰੀ ਮੰਡਲ ‘ਚੋਂ ਬਾਦਲ ਬਾਹਰ ਕੱਢੇ : ਬਾਜਵਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਤਨਖਾਹ ਲਾਉਣ ਤੋਂ ਪਹਿਲਾਂ ਅਸਤੀਫਾ ਨਹੀਂ ਲਿਆ ਗਿਆ, ਜਦਕਿ ਪ੍ਰੰਪਰਾ ਅਨੁਸਾਰ ਤਨਖਾਹ ਲਾਉਣ ਤੋਂ ਪਹਿਲਾਂ ਦੋਸ਼ੀ ਨੂੰ ਆਪਣਾ ਸਿਆਸੀ ਰੁਤਬਾ ਵੀ ਤਿਆਗ ਕੇ ਆਉਣਾ ਪੈਂਦਾ ਹੈ। ਉਹ ਅੱਜ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਜ਼ਿਲਿਆਂ ਦੇ ਉਨ੍ਹਾਂ ਕਾਂਗਰਸੀਆਂ ਦਾ ਹਾਲ-ਚਾਲ ਪੁੱਛਣ ਲਈ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ‘ਚ ਪੁੱਜੇ ਹੋਏ ਸਨ।  ਚੋਣਾਂ ਉਪਰੰਤ ਪਹਿਲੀ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਮੰਤਰੀ ਮੰਡਲ ਵਿਚੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਘੱਟੋ-ਘੱਟ ਉਦੋਂ ਤਕ ਬਾਹਰ ਕੱਢਣ ਜਦੋਂ ਤਕ ਉਹ ਆਪਣੀ ਤਨਖਾਹ ਭੁਗਤ ਨਹੀਂ ਲੈਂਦੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਪੰਥਕ ਨਕਾਬ ਉਤਾਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਤਨਖਾਹ ਸੰਗਤਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਲਾਈ ਗਈ ਹੈ। ਉਨ੍ਹਾਂ ਇਸ ਦੇ ਨਾਲ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੌਮ ਇਕ ਆਨੇ ਦੀ ਆਸ ਨਹੀਂ ਰੱਖਦੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਵਿਚ ਔਰੰਗਜ਼ੇਬੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਹੁਣ ਕੁਦਰਤ ਆਪਣਾ ਦਖਲ ਦੇ ਕੇ ਇਕ ਸੰਤੁਲਨ ਬਣਾ ਰਹੀ ਹੈ।    ਉਨ੍ਹਾਂ ਕਿਹਾ ਕਿ 2017 ਤੋਂ ਬਾਅਦ ਅਕਾਲੀਆਂ ਨੂੰ ਕੋਈ ਵੀ ਆਪਣੇ ਘਰ ਪਨਾਹ ਦੇਣ ਲਈ ਵੀ ਤਿਆਰ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।       ਇਸ ਉਪਰੰਤ ਬਾਜਵਾ ਵਿਧਾਨ ਸਭਾ ਹਲਕਾ ਮਜੀਠਾ ਦੇ ਉਨ੍ਹਾਂ ਕਾਂਗਰਸੀ ਪਰਿਵਾਰਾਂ ਨੂੰ ਵੀ ਮਿਲੇ ਜਿਨ੍ਹਾਂ ‘ਤੇ ਪਰਚੇ ਦਰਜ ਹੋਏ ਹਨ। ਪੀੜਤ ਕਾਂਗਰਸੀਆਂ ਨੇ ਆਪਣੀ  ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਚੋਣਾਂ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਪੁਲਸ ਦਾ ਨਿਸ਼ਾਨਾ ਬਣੇ ਹੋਏ ਹਨ। ਬਾਜਵਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਕ-ਇਕ ਕਾਂਗਰਸੀ ਨੂੰ ਇਨਸਾਫ ਦਿਵਾਉਣ ਲਈ ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ ਤੇ ਉਹ ਘਬਰਾਉਣ ਨਾ। ਉਹ ਮਜੀਠਾ ਹਲਕੇ ਦੇ ਪਿੰਡ ਗੋਪਾਲਪੁਰਾ ਵਿਖੇ ਬਾਊ ਰਮੇਸ਼ ਕੁਮਾਰ ਦੇ ਘਰ ਪਿੰਡ ਅਬਦਾਲ, ਝੰਡੇ ਫੱਤੂਭੀਲਾ, ਬੱਠੂਚੱਕ, ਕਾਦਰਾਬਾਦ ਕਲਾਂ, ਚਵਿੰਡਾ ਦੇਵੀ ਬੇਗੇਵਾਲ, ਸਹਿਣੇਵਾਲੀ ਅਤੇ ਅਠਵਾਲ ਪਿੰਡਾਂ ਤੋਂ ਆਏ ਕਾਂਗਰਸੀ ਪਰਿਵਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਇਸ਼ਾਰੇ ‘ਤੇ ਪੁਲਸ ਵਲੋਂ ਦਰਜ ਕੀਤੇ ਨਾਜਾਇਜ਼ ਕੇਸਾਂ ਦੀ ਕਾਨੂੰਨੀ ਪੈਰਵੀ ਲਈ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਪ੍ਰਦੇਸ਼ ਕਾਂਗਰਸ ਵਲੋਂ ਜ਼ਿੰਮੇਵਾਰੀ ਲਾ ਦਿੱਤੀ ਗਈ ਹੈ।

468 ad