ਮਜੀਠੀਆ ਤੇ ਜੋਸ਼ੀ ਦੀ ਇੱਜ਼ਤ ਲੱਗੀ ਦਾਅ ‘ਤੇ

ਮਜੀਠੀਆ ਤੇ ਜੋਸ਼ੀ ਦੀ ਇੱਜ਼ਤ ਲੱਗੀ ਦਾਅ 'ਤੇ

**ਜੇਤਲੀ ਦਾ ਅੰਮ੍ਰਿਤਸਰ ‘ਚ ਕੁਝ ਵਧੀਆ ਨਹੀਂ ਰਿਹਾ ਤਜ਼ਰਬਾ
**ਪੰਜਾਬ ਸਰਕਾਰ ਖਿਲਾਫ ਲੋਕਾਂ ਦੇ ਰੋਸ ਨੂੰ ਵੇਖ ਹੈਰਾਨ ਰਹਿ ਗਏ ਜੇਤਲੀ

ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਅਰੁਣ ਜੇਤਲੀ ਦੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਦਸਤਕ ਨੇ ਕਈ ਆਗੂਆਂ ਦੀ ਰਾਜਨੀਤੀ ਦਾਅ ‘ਤੇ ਲਾ ਦਿੱਤੀ ਹੈ। 30 ਅਪ੍ਰੈਲ ਦੀਆਂ ਚੋਣਾਂ ਭੁਗਤਾਉਣ ਤੋਂ ਬਾਅਦ ਹਾਲਾਂਕਿ ਭਾਜਪਾ ਦੇ ਚਾਣਕਿਆ ਕਹੇ ਜਾਣ ਵਾਲੇ ਜੇਤਲੀ ਹੋਰਨਾਂ ਸੂਬਿਆਂ ‘ਚ ਚੋਣ ਪ੍ਰਚਾਰ ਲਈ ਨਿਕਲ ਪਏ ਹਨ ਪਰ 45 ਦਿਨਾਂ ਤਕ ਚੱਲੀ ਚੋਣ ਪ੍ਰਚਾਰ ਮੁਹਿੰਮ ਦੀ ਮੈਰਾਥਨ ‘ਚ ਉਨ੍ਹਾਂ ਦਾ ਤਜ਼ਰਬਾ ਕੁਝ ਚੰਗਾ ਨਹੀਂ ਰਿਹਾ, ਜਿਸ ਤਰ੍ਹਾਂ ਦਾ ਅੰਮ੍ਰਿਤਸਰ ਲੋਕ ਸਭਾ ਸੀਟ ਦਾ ਅਕਸ ਦਿਖਾ ਕੇ ਉਨ੍ਹਾਂ ਨੂੰ ਚੋਣ ਲੜਨ ਲਈ ਇਥੇ ਲਿਆਂਦਾ ਗਿਆ ਸੀ। ਅਜਿਹਾ ਉਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ, ਉਲਟਾ ਪੰਜਾਬ ਸਰਕਾਰ ਨੂੰ ਲੈ ਕੇ ਲੋਕਾਂ ‘ਚ ਬਣੇ ਹੋਏ ਰੋਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ। ਨਤੀਜਾ ਇਹ ਰਿਹਾ ਕਿ ਜਿਸ ਤਰ੍ਹਾਂ ਚੋਣ ਪ੍ਰਚਾਰ ਮੁਹਿੰਮ ਨੂੰ ਜੇਤਲੀ 20-25 ਦਿਨਾਂ ਨੂੰ ਮੰਨ ਕੇ ਚਲ ਰਹੇ ਸਨ, ਉਨ੍ਹਾਂ ਨੂੰ 45 ਦਿਨ ਖੁਦ ਤੇ ਉਨ੍ਹਾਂ ਦੇ ਪਰਿਵਾਰ ਨੂੰ ਡਟਣਾ ਪਿਆ ਤੇ ਗਲੀ-ਗਲੀ ਦੀ ਧੂੜ ਫੱਕਣੀ ਪਈ। ਚੋਣ ਨਤੀਜਾ ਤਾਂ 16 ਮਈ ਨੂੰ ਆਵੇਗਾ ਪਰ ਅਕਾਲੀ-ਭਾਜਪਾ ਦੇ ਮਾਝੇ ਦੇ ਜਰਨੈਲ ਮੰਨੇ ਜਾਣ ਵਾਲੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਅਨਿਲ ਜੋਸ਼ੀ ਦੀ ਖਾਸ ਤੌਰ ‘ਤੇ ਇੱਜ਼ਤ ਦਾਅ ‘ਤੇ ਲੱਗੀ ਹੋਈ ਹੈ। 


ਫੜਾਂ ਮਾਰਨ ਵਾਲਿਆਂ ਦੀ ਖੁੱਲ੍ਹੀ ਪੋਲ : ਦਿੱਲੀ ਸਥਿਤ ਜੇਤਲੀ ਦਰਬਾਰ ‘ਚ ਆਪਣੇ ਰਸੂਖ ਦੀਆਂ ਵੱਡੀਆਂ-ਵੱਡੀਆਂ ਫੜਾਂ ਮਾਰਨ ਵਾਲੇ ਆਗੂਆਂ ਦੀ ਜੇਤਲੀ ਦੇ ਇਥੇ ਆਉਣ ਨਾਲ ਪੋਲ ਖੁੱਲ੍ਹ ਗਈ। ਚੋਣ ਪ੍ਰਚਾਰ ‘ਚ ਆਗੂਆਂ ਦੀ ਕਰਨੀ ਤੇ ਕਥਨੀ ‘ਤੇ ਜੇਤਲੀ ਦੀ ਟੀਮ ਦੀ ਤਿੱਖੀ ਨਜ਼ਰ ਰਹੀ। ਕੌਣ ਕੰਮ ਕਰ ਰਿਹਾ ਹੈ ਤੇ ਕੌਣ ਉਨ੍ਹਾਂ ਨਾਲ ਗੱਡੀਆਂ ‘ਚ ਬੈਠ ਕੇ ਨੰਬਰਬਾਜ਼ੀ ਕਰ ਰਿਹਾ ਹੈ, ਸਬੰਧੀ ਇਕ-ਇਕ ਰਿਪੋਰਟ ਉਨ੍ਹਾਂ ਨੇ ਬਣਾਈ। ਖਾਸ ਗੱਲ ਇਹ ਰਹੀ ਕਿ ਸਭ ਕੁਝ ਜੇਤਲੀ ਨੇ ਖੁਦ ਝੱਲਿਆ ਪਰ ਪੂਰੀ ਚੋਣ ਦੌਰਾਨ ਜਿਥੇ ਉਨ੍ਹਾਂ ਨੇ ਖੁਦ ਸੰਜਮ ਬਣਾਈ ਰੱਖਿਆ, ਉਥੇ ਟੀਮ ਦਾ ਮਨੋਬਲ ਵੀ ਵਧਾਉਂਦੇ ਰਹੇ। 


ਵੱਡੇ ਆਗੂਆਂ ਨੂੰ ਭੁਗਤਣਾ ਪਏਗਾ ਨਤੀਜਿਆਂ ‘ਚ ਗੜਬੜੀ ਦਾ ਖਾਮਿਆਜ਼ਾ : ਜੇਤਲੀ ਦੇ ਗੁਰੂ ਨਗਰੀ ‘ਚ ਚੋਣ ਲੜਨ ਤੇ ਜਿੱਤ ਦੇ ਫਰਕ ਨੂੰ ਲੈ ਕੇ ਭਾਜਪਾ ਆਗੂਆਂ ਦੀ ਰਾਜਨੀਤੀ ਦਾਅ ‘ਤੇ ਲੱਗੀ ਹੋਈ ਹੈ। ਖਾਸ ਤੌਰ ‘ਤੇ ਜੇਤਲੀ ਦਾ ਸੱਜਾ ਹੱਥ ਸਮਝੇ ਜਾਣ ਵਾਲੇ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੂਬਾਈ ਜਨਰਲ ਸਕੱਤਰ ਤਰੁਣ ਚੁੱਘ, ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ, ਕੇਵਲ ਕੁਮਾਰ, ਸੂਬਾਈ ਸਕੱਤਰ ਪ੍ਰੋ. ਸੁਭਾਸ਼ ਸ਼ਰਮਾ, ਰਾਕੇਸ਼ ਗਿੱਲ ਦੀ ਤਾਂ ਭਵਿੱਖ ਦੀ ਰਾਜਨੀਤੀ ਜੇਤਲੀ ਦੀ ਹਾਰ-ਜਿੱਤ ‘ਤੇ ਨਿਰਭਰ ਹੈ। ਜੇਕਰ ਚੋਣ ਨਤੀਜਿਆਂ ‘ਚ ਥੋੜ੍ਹੀ ਜਿਹੀ ਵੀ ਗੜਬੜੀ ਹੋਈ ਤਾਂ ਇਸਦਾ ਵੱਡਾ ਖਮਿਆਜ਼ਾ ਇਨ੍ਹਾਂ ਆਗੂਆਂ ਨੂੰ ਭੁਗਤਣਾ ਪਵੇਗਾ।


ਅਕਾਲੀ ਦਲ ਨੇ ਝੋਕ ਰੱਖੀ ਪੂਰੀ ਤਾਕਤ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਪੀਲ ‘ਤੇ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਹਾਮੀ ਭਰਨ ਵਾਲੇ ਜੇਤਲੀ ਲਈ ਅਕਾਲੀ ਦਲ ਨੇ ਵੀ ਪੂਰੀ ਤਾਕਤ ਝੋਕ ਰੱਖੀ। ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਛੋਟੀਆਂ-ਛੋਟੀਆਂ ਮੀਟਿੰਗਾਂ ਤਕ ਗਏ, ਜਿਨ੍ਹਾਂ ਨੂੰ ਉਹ ਅੱਜ ਤਕ ਅਣਗੌਲਦੇ ਰਹੇ ਹਨ। ਬਾਦਲਾਂ ਤੇ ਮਜੀਠੀਆ ਦੀਆਂ ਹਿਦਾਇਤਾਂ ‘ਤੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸੀ. ਪੀ. ਐੱਸ. ਇੰਦਰਬੀਰ ਸਿੰਘ ਬੁਲਾਰੀਆ, ਅਮਰਪਾਲ ਸਿੰਘ ਬੋਨੀ, ਵੀਰ ਸਿੰਘ ਲੋਪੋਕੇ ਅਤੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਵੀ ਜੇਤਲੀ ਦਾ ਹਰ ਮੋਰਚਾ ਸੰਭਾਲੀ ਰੱਖਿਆ। ਜੇਤਲੀ ਦੀ ਜਿੱਤ-ਹਾਰ ਦਾ ਅਸਰ ਇਨ੍ਹਾਂ ਲੋਕਾਂ ਦੀ ਰਾਜਨੀਤੀ ‘ਤੇ ਵੀ ਪਵੇਗਾ। 


ਦਿੱਲੀ ਦੀ ਟੀਮ ਦੀ ਰਹੀ ਅਹਿਮ ਭੂਮਿਕਾ : ਸਥਾਨਕ ਆਗੂਆਂ ਤੋਂ ਪ੍ਰੇਸ਼ਾਨ ਜੇਤਲੀ ਦੀ ਚੋਣ ਮੁਹਿੰਮ ਦੀ ਸਾਰੀ ਕਮਾਂਡ ਉਨ੍ਹਾਂ ਦੀ ਦਿੱਲੀ ਦੀ ਟੀਮ ਦੇ ਹੱਥ ‘ਚ ਰਹੀ। ਵਿਧਾਨ ਸਭਾ ਹਲਕਿਆਂ ਤੋਂ ਅੱਗੇ ਵਧ ਕੇ ਟੀਮ ਨੇ ਵਾਰਡ ਹੀ ਨਹੀਂ ਬੂਥ ਪੱਧਰ ‘ਤੇ ਮੋਰਚਾ ਸੰਭਾਲੀ ਰੱਖਿਆ। ਚੋਣ ਸਮੱਗਰੀ ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਥਾਨਕ ਆਗੂਆਂ ਵਲੋਂ ਹੱਥ ਤੰਗ ਰੱਖਣ ਦੇ ਬਾਵਜੂਦ ਟੀਮ ਨੇ ਆਪਣੇ ਮੋਢਿਆਂ ‘ਤੇ ਸਿਸਟਮ ਨੂੰ ਬਰਾਬਰ ਚਲਾਉਂਦੇ ਹੋਏ ਮੈਨੇਜ ਕੀਤਾ। ਹੇਠਲੇ ਪੱਧਰ ‘ਤੇ ਕਿਹੜੇ ਆਗੂ ਨੇ ਕਿਸ ਤਰ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਪ੍ਰਭਾਵਤ ਕੀਤਾ, ਇਹ ਰਿਪੋਰਟ ਵੀ ਟੀਮ ਜੇਤਲੀ ਨੂੰ ਦੇਵੇਗੀ।

468 ad