ਭੁੱਲ ਬਖਸ਼ਾਉਣ ਲਈ ਮਜੀਠੀਆ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ

ਭੁੱਲ ਬਖਸ਼ਾਉਣ ਲਈ ਮਜੀਠੀਆ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ

* ਲੰਗਰ ਦੀ ਕੀਤੀ ਸੇਵਾ ਤੇ ਮਾਂਜੇ ਜੂਠੇ ਬਰਤਨ

*ਦੱਖਣੀ ਭਾਰਤੀ ਸਿੱਖਾਂ ਨੇ ਕੀਤਾ ਵਿਰੋਧ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਦੀਆਂ ਪੰਕਤੀਆਂ ਦੀ ਤੋੜ ਮਰੋੜ ਕਰਨ ਦੇ ਦੋਸ਼ ਅਧੀਨ ਅੱਜ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪੇਸ਼ ਹੋਣ ਲਈ ਗਏ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਦੱਖਣੀ ਸਿੱਖਾਂ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੱਜ ਜਿਉਂ ਹੀ ਮਜੀਠੀਆ ਤਖਤ ਸਾਹਿਬ ਦੀ ਡਿਓਢੀ ਲੰਘ ਕੇ ਤਖਤ ਸਾਹਿਬ ਦੇ ਬਾਹਰੀ ਕੰਪਲੈਕਸ ਵਿਚ ਦਾਖਲ ਹੋਏ ਤਾਂ ਹਜ਼ੂਰ ਸਾਹਿਬ ਦੇ ਸਿੱਖ ਵੀ ਵੱਡੀ ਗਿਣਤੀ ਵਿਚ ਉੱਥੇ ਇਕੱਠੇ ਹੋ ਗਏ। ਮਜੀਠੀਆ ਸਿੱਧੇ ਹੀ ਤਖਤ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦੇ ਨਿਵਾਸ ਸਥਾਨ ਵਲ ਵਧੇ ਤੇ ਉੱਥੇ ਹੀ ਤਖਤ ਸਾਹਿਬ ਦੇ ਪੰਜ ਪਿਆਰੇ ਵੀ ਮੌਜੂਦ ਸਨ। ਮਜੀਠੀਆ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਅੱਗੇ ਆਪਣੇ ਗਲ ਵਿਚ ਪਲਾ ਪਾ ਕੇ ਤੇ ਦੋਵੇਂ ਹੱਥ ਜੋੜ ਕੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਏ। 
ਜਦੋਂ ਜਥੇਦਾਰ ਨੇ ਆਪਣੇ ਕਮਰੇ ਵਿਚ ਹੀ ਮਜੀਠੀਆ ਨੂੰ ਤਨਖਾਹ ਲਗਾ ਦਿੱਤੀ ਤੇ ਲੰਗਰ ਸਾਹਿਬ ਵਿਖੇ ਜਾ ਕੇ ਇਕ ਘੰਟੇ ਲਈ ਜੂਠੇ ਬਰਤਨ ਸਾਫ ਕਰਨ ਅਤੇ ਇਕ ਘੰਟੇ ਲਈ ਲੰਗਰ ਵਰਤਾਉਣ ਲਈ ਕਿਹਾ ਤਾਂ ਤਖਤ ਸਚਖੰਡ ਬੋਰਡ ਦੇ ਮੈਂਬਰ ਅਜਾਇਬ ਸਿੰਘ ਨੇ ਇਸ ‘ਤੇ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤਖਤ ਸਾਹਿਬ ਦੀ ਇਹ ਮਰਿਆਦਾ ਨਹੀਂ ਹੈ ਤੇ ਭਰੀ ਸੰਗਤ ਵਿਚ ਹੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਇਹ ਸੁਣ ਕੇ ਉੱਥੇ ਇਕੱਠੇ ਹੋਏ ਦੱਖਣੀ ਸਿੱਖਾਂ ਤੇ ਨੌਜਵਾਨਾਂ ਨੇ ਵੀ ਕਾਫੀ ਗੁੱਸੇ ਵਿਚ ਆ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਤਾਂ ਇੰਨੇ ਭੜਕੇ ਹੋਏ ਸਨ ਕਿ ਉਨ੍ਹਾਂ ਕਿਹਾ ਕਿ ਉਹ ਪੰਥ ਤੋਂ ਤਨਖਾਹੀਆ ਕਰਾਰ ਕੀਤੇ ਗਏ ਵਿਅਕਤੀ ਨੂੰ ਤਖਤ ਸਾਹਿਬ ‘ਤੇ ਨਹੀਂ ਵੇਖਣਾ ਚਾਹੁੰਦੇ। ਅਖੀਰ ਜਥੇਦਾਰ ਨੇ ਸੰਗਤ ਦੇ ਰੋਹ ਅੱਗੇ ਝੁਕਦਿਆਂ ਮਜੀਠੀਆ ਨੂੰ ਲਿਖਤੀ ਤੌਰ ‘ਤੇ ਤਨਖਾਹ ਲਾਈ ਤੇ ਇਹ ਲਿਖਤੀ ਹੁਕਮ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਕੋਲੋਂ ਲੈ ਕੇ ਬਾਬਾ ਰਾਮ ਸਿੰਘ ਜੀ ਧੂਪੀਆ ਅਤੇ ਗ੍ਰੰਥੀ ਭਾਈ ਅਵਤਾਰ ਸਿੰਘ ਜੀ ਨੇ ਸੰਗਤ ਵਿਚ ਆ ਕੇ ਮਜੀਠੀਆ ਨੂੰ ਸੌਂਪਿਆ। ਮਜੀਠੀਆ ਨੂੰ ਤਖਤ ਸਾਹਿਬ ਦੀਆਂ ਪੌੜੀਆਂ ਤੋਂ ਵੀ ਬਾਹਰ ਨਿਸ਼ਾਨ ਸਾਹਿਬ ਦੇ ਕੋਲ ਹੀ ਮੁਜਰਿਮਾਂ ਵਾਂਗ ਖੜ੍ਹੇ ਹੋਣ ਲਈ ਕਿਹਾ ਗਿਆ। ਇੱਥੇ ਹੀ ਉਨ੍ਹਾਂ ਨੂੰ ਇਹ ਲਿਖਤੀ ਸਜ਼ਾ ਪਹੁੰਚਾਈ ਗਈ। ਇਹ ਗੱਲ ਖਾਸ ਤੌਰ ‘ਤੇ ਜ਼ਿਕਰਯੋਗ ਹੈ ਕਿ ਕੋਈ ਵੀ ਤਨਖਾਹੀਆ ਵਿਅਕਤੀ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਸਾਹਮਣੇ ਵਾਲੀ ਚਰਨਗੰਗਾ ਤੱਕ ਨਹੀਂ ਜਾ ਸਕਦਾ। ਬਾਹਰ ਦੀ ਬਾਹਰ ਹੀ ਮਜੀਠੀਆ ਨੂੰ ਸਜ਼ਾ ਸੁਣਾ ਕੇ ਲੰਗਰ ਵੱਲ ਘੱਲ ਦਿੱਤਾ ਗਿਆ। ਇਸ ਮੌਕੇ ਮਜੀਠੀਆ ਨੇ ਭਰੀ ਸੰਗਤ ਦੌਰਾਨ ਆਪਣਾ ਗੁਨਾਹ ਕਬੂਲ ਕਰਦਿਆਂ ਸਮੂਹ ਸਿੱਖ ਸੰਗਤਾਂ ਤੇ ਗੁਰੂ ਸਾਹਿਬਾਨ ਕੋਲੋਂ ਮਾਫੀ ਮੰਗੀ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਕੋਲੋਂ ਜਾਣੇ ਅਣਜਾਣੇ ਜੋ ਵੀ ਗਲਤੀ ਹੋਈ ਹੈ ਉਸਦੀ ਸਜ਼ਾ ਉਹ ਭੁਗਤਣ ਲਈ ਤਿਆਰ ਹਨ। ਮਜੀਠੀਆ ਨੇ ਤਖਤ ਸਾਹਿਬ ਵਲੋਂ ਲਾਈ ਗਈ ਸਜ਼ਾ ਨਿਮਾਣੇ ਸਿੱਖ ਵਾਂਗ ਪੂਰੀ ਕੀਤੀ। ਪੰਜ ਪਿਆਰਿਆਂ ਨੇ ਮਜੀਠੀਆ ਨੂੰ ਭਵਿੱਖ ਵਿਚ ਭੁੱਲ ਕੇ ਵੀ ਅਜਿਹੀ ਗਲਤੀ ਨਾ ਕਰਨ ਦੀ ਤਾੜਨਾ ਵੀ ਕੀਤੀ। ਸ਼ਾਮ ਵੇਲੇ ਮਜੀਠੀਆ ਵਲੋਂ ਆਪਣੀ ਸੇਵਾ ਪੂਰੀ ਕਰਨ ਉਪਰੰਤ ਤਖਤ ਸਾਹਿਬ ਵਿਖੇ ਦੁਬਾਰਾ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾਉਣ ਲਈ ਅਰਦਾਸ ਕਰਵਾਈ ਗਈ।
ਇੱਥੇ ਇਹ ਗੱਲ ਖਾਸ ਤੌਰ ‘ਤੇ ਜ਼ਿਕਰਯੋਗ ਹੈ ਕਿ ਮਜੀਠੀਆ ਵਲੋਂ ਭਾਜਪਾ ਆਗੂ ਅਰੁਣ ਜੇਤਲੀ ਨੂੰ ਖੁਸ਼ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਦੀਆਂ ਤੁਕਾਂ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਕਰਕੇ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਨੇ ਮਜੀਠੀਆ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਸੀ। ਅਗਲੇ ਹੀ ਦਿਨ ਮਜੀਠੀਆ ਨੇ ਆਪਣਾ ਲਿਖਤੀ ਮਾਫੀਨਾਮਾ ਤਖਤ ਸਾਹਿਬ ਵਿਖੇ ਭੇਜ ਕੇ ਗਲਤੀ ਮੰਨ ਲਈ ਸੀ ਤੇ ਕਿਹਾ ਸੀ ਕਿ ਉਹ ਚੋਣਾਂ ਤੋਂ ਬਾਅਦ ਕਿਸੇ ਦਿਨ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਤਨਖਾਹ ਲਗਵਾਉਣਗੇ।

468 ad