ਭਾਰਤ ਦੇ ਆਸ-ਪਾਸ ਰੇਲ ਲਾਈਨਾਂ ਦਾ ਜਾਲ ਬੁਣ ਰਿਹੈ ਚਲਾਕ ਚੀਨ

ਬੀਜਿੰਗ—ਭਾਰਤੀ ਉਪ ਮਹਾਦੀਪ ਵਿਚ ਆਪਣੀ ਜ਼ਬਰਦਸਤ ਮੌਜੂਦਗੀ ਦਰਜ ਕਰਵਾਉਣ ਦੇ ਇਰਾਦੇ ਨਾਲ ਚੀਨ ਭਾਰਤ ਦੇ ਬੇਹੱਦ ਕਰੀਬ ਰੇਲ ਲਾਈਨਾਂ ਵਿਛਾਉਂਦਾ ਜਾ ਰਿਹਾ ਹੈ। ਹੁਣ ਚੀਨ ਇਕ ਅਜਿਹੀ ਰੇਲ ਲਾਈਨ ਵਿਛਾਉਣਾ ਸ਼ੁਰੂ ਕਰੇਗਾ ਜੋ ਤਿੱਬਤ ਤੋਂ ਹੋ ਕੇ ਸਿੱਕਮ ਦੀ ਸਰਹੱਦ ਤੱਕ ਪਹੁੰਚੇਗੀ। ਅੰਗ੍ਰੇਜ਼ੀ ਅਖਬਾਰ ‘ਟਾਈਮਜ਼ ਆਫ ਇੰਡੀਆ’ ਨੇ ਇਹ ਜਾਣਕਾਰੀ ਦਿੱਤੀ ਹੈ।
ਅਖਬਾਰ ਦੇ ਮੁਤਾਬਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਿੱਬਤ ਵਿਚ ਇਕ ਹੋਰ ਰੇਲ ਲਾਈਨ ਵਿਛਾਉਣ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਸਿੱਕਮ ਦੇ ਨੇੜੇ ਹੋਵੇਗੀ। ਇਸ ਨਾਲ ਉਸ ਦੀ ਫੌਜ ਅਤੇ ਫੌਜੀ ਸਾਜੋ-ਸਾਮਾਨ ਨੂੰ ਭਾਰਤ ਪਹੁੰਚਾਉਣਾ ਹੋਰ ਸੋਖਾ ਹੋ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਇਹ ਮਹੱਤਵਪੂਰਨ ਰੇਲ ਲਾਈਨ 242 ਕਿਲੋਮੀਟਰ ਲੰਬੀ ਹੋਵੇਗੀ ਅਤੇ ਇਹ ਤਿੱਬਤ ਦੇ ਲਹਾਸਾ ਨੂੰ ਸ਼ੀਗੇਜ ਨਾਲ ਜੋੜੇਗੀ। ਸ਼ੀਗੇਜ ਉਹ ਥਾਂ ਹੈ, ਜਿੱਥੇ ਚੀਨ ਸਮਰਥਕ ਪੰਚੇਨ ਲਾਮਾ ਰਹਿੰਦੇ ਹਨ। 
ਇਸ ਤੋਂ ਇਲਾਵਾ ਚੀਨ, ਭੂਟਾਨ ਅਤੇ ਨੇਪਾਲ ਤੱਕ ਰੇਲ ਲਾਈਨਾਂ ਵਿਛਾਉਣ ਦਾ ਇਰਾਦਾ ਰੱਖਦਾ ਹੈ। ਇਨ੍ਹਾਂ ਖੇਤਰਾਂ ਵਿਚ ਰੇਲ ਲਾਈਨਾਂ ਵਿਛਾ ਕੇ ਉਹ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨਾ ਚਾਹੁੰਦਾ ਹੈ ਪਰ ਇਸ ਨਾਲ ਭਾਰਤ ਲਈ ਪਰੇਸ਼ਾਨੀ ਖੜ੍ਹੀ ਹੋ ਜਾਵੇਗੀ। ਭਾਰਤ ਦੇ ਲਈ ਇਹ ਰਣਨੀਤੀ ਦੇ ਲਿਹਾਜ ਨਾਲ ਬਿਲਕੁਲ ਉੱਚਿਤ ਨਹੀਂ ਹੈ। ਚੀਨ, ਤਿੱਬਤ ‘ਤੇ ਆਪਣੀ ਪਕੜ ਮਜ਼ਬੂਤ ਕਰਨ ਅਤੇ ਭਾਰਤ ਦੇ ਸਾਹਮਣੇ ਚੁਣੌਤੀ ਪੇਸ਼ ਕਰਨ ਦੇ ਲਈ ਉੱਥੇ ਵੱਡੇ ਪੈਮਾਨੇ ‘ਤੇ ਹਾਈਵੇ ਤੇ ਰੇਲ ਲਾਈਨਾਂ ਬਣਾਉਂਦਾ ਜਾ ਰਿਹਾ ਹੈ। 
ਚੀਨ ਦੀ ਨਜ਼ਰ ਅਰੁਣਾਚਲ ਪ੍ਰਦੇਸ਼ ‘ਤੇ ਵੀ ਹੈ ਅਤੇ ਇਸ ਲਈ ਉਸ ਨੇ ਉਸ ਦੀ ਸੀਮਾ ਤੱਕ ਤਿੱਬਤ ਰੇਲ ਲਾਈਨ ਬਣਾਉਣ ਦੀ ਯੋਜਨਾ ਨੂੰ ਅੰਤਮ ਰੂਪ ਦੇ ਦਿੱਤਾ ਹੈ। ਸਮਝਿਆ ਜਾਂਦਾ ਹੈ ਕਿ ਇਸ ਰੇਲ ਲਾਈਨ ਦਾ ਨਿਰਮਾਣ ਚੀਨ, ਭਾਰਤ ‘ਤੇ ਦਬਾਅ ਬਣਾਉਣ ਲਈ ਹੀ ਕਰ ਰਿਹਾ ਹੈ। ਇਕ ਹੋਰ ਰੇਲ ਲਾਈਨ ‘ਤੇ ਵੀ ਚੀਨ ਛੇਤੀ ਹੀ ਕੰਮ ਕਰਨ ਜਾ ਰਿਹਾ ਹੈ, ਜੋ ਅਰੁਣਾਚਲ ਪ੍ਰਦੇਸ਼ ਦੇ ਨੇੜੇ ਹੋਵੇਗੀ। ਇਸ ਤਰ੍ਹਾਂ ਉਹ ਭਾਰਤ ਦੀ ਸਰਹੱਦ ਦੇ ਆਸ-ਪਾਸ ਰੇਲ ਲਾਈਨਾਂ ਦਾ ਜਾਲ ਬੁਣ ਰਿਹਾ ਹੈ।

468 ad