ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦੇ ਮਨਸੂਬੇ ਬਨਾਉਣ ਵਾਲੇ ਭਾਗਵਤ ਖਿਲਾਫ ਕਾਰਵਾਈ ਹੋਵੇ :- ਅਵਤਾਰ ਸਿੰਘ ਮੱਕੜ

Avtar-Singh-Makkar

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਬੀਤੇ ਦਿਨੀ ਹਿੰਦੋਸਤਾਨ ‘ਚ ਵੱਸਦੇ ਸਾਰੇ ਹਿੰਦੂ ਹਨ ਵਾਲਾ ਬਿਆਨ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲਾ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਬਿਆਨ ‘ਚ ਉਨਾਂ ਕਿਹਾ ਕਿ ਭਾਰਤ ਬਹੁ-ਭਾਸ਼ਾਈ, ਬਹੁ-ਧਰਮੀ ਦੇਸ਼ ਹੈ ਤੇ ਇਸ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਤੇ ਹੋਰ ਧਰਮ ਦੇ ਲੋਕ ਵਸਦੇ ਹਨ, ਜਿਨਾਂ ਦੇ ਆਪੋ ਆਪਣੇ ਰੀਤੀ-ਰਿਵਾਜ਼, ਵੱਖਰੇ-ਵੱਖਰੇ ਧਰਮ ਤੇ ਭਾਸ਼ਾਵਾਂ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਹਰੇਕ ਧਰਮ ਦੇ ਲੋਕਾਂ ਨੂੰ ਆਪਣੇ-ਆਪਣੇ ਧਰਮ ‘ਚ ਪ੍ਰਪੱਕ ਤੇ ਆਪਣੇ-ਆਪਣੇ ਰੀਤੀ ਰਿਵਾਜਾਂ ਅਨੁਸਾਰ ਰਹਿਣ-ਸਹਿਣ ਦਾ ਪੂਰਾ-ਪੂਰਾ ਹੱਕ ਹੈ।
ਉਹਨਾਂ  ਕਿਹਾ ਕਿ ਮੋਹਨ ਭਾਗਵਤ ਦੀ ਇਹ ਦਲੀਲ ਕਿ ਅਮਰੀਕਾ ਵਿੱਚ ਅਮਰੀਕੀ, ਇੰਗਲੈਂਡ ਵਿੱਚ ਰਹਿਣ ਵਾਲੇ ਅੰਗਰੇਜ, ਜਰਮਨੀ ‘ਚ ਰਹਿਣ ਵਾਲੇ ਜਰਮਨ ਹਨ ਆਦਿ ਕਿੰਨੀ ਹਾਸੋਹੀਣੀ ਹੈ ਕਿਉਂਕਿ ਅਮਰੀਕਾ ਵਿੱਚ ਈਸਾਈ ਗੋਰਿਆਂ ਤੋਂ ਇਲਾਵਾ, ਮੁਸਲਮਾਨ, ਸਿੱਖ ਤੇ ਹਿੰਦੂ ਭਾਈਚਾਰਾ ਵੱਡੀ ਗਿਣਤੀ ‘ਚ ਰਹਿ ਰਿਹਾ ਹੈ ਇਸੇ ਤਰਾਂ ਦੂਸਰੇ ਦੇਸ਼ਾਂ ‘ਚ ਵੀ ਹੈ ਪ੍ਰੰਤੂ ਕਿਸੇ ਨੇ ਕਦੇ ਭਾਗਵਤ ਵਰਗੀ ਸੌੜੀ ਸੋਚ ਦਾ ਪ੍ਰਗਟਾਵਾ ਨਹੀਂ ਕੀਤਾ। ਉਨਾਂ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਰਹਿਣ ਵਾਲੇ ਲੋਕ ਉਥੋਂ ਦੇ ਵਸਨੀਕ ਤੇ ਦੇਸ਼ ਦੀ ਰਾਸ਼ਟਰੀਅਤਾ ਦੇ ਨਾਂਅ ਨਾਲ ਜਾਣੇ ਜਾ ਸਕਦੇ ਹਨ, ਪਰ ਇਕ ਧਰਮੀ ਨਹੀਂ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਗਵਤ ਨੇ ਕਈ ਵਾਰ ਵਿਵਾਦਤ ਬਿਆਨ ਦਿੱਤੇ ਹਨ ਪਤਾ ਨਹੀਂ ਉਨਾਂ ਦਾ ਇਹਨਾਂ ਬਿਆਨਾਂ ਪਿਛੇ ਕੀ ਮਕਸਦ ਹੈ ਜਾਂ ਉਹ ਅਜਿਹੇ ਬਿਆਨ ਦਾਗ ਕੇ ਆਪਣੇ ਆਪ ‘ਚ ਕੀ ਸਾਬਤ ਕਰਨਾ ਚਾਹੁੰਦੇ ਹਨ। ਘੱਟ ਗਿਣਤੀਆਂ ਜਾਂ ਦੂਜੇ ਧਰਮਾਂ ਦਾ ਨਿਰਾਦਰ ਕਰ ਕੇ ਦੇਸ਼ ਦੀ ਕੋਈ ਧਾਰਾ ਤਰੱਕੀ ਖੁਸ਼ਹਾਲੀ ਦਾ ਸੁਪਨਾ ਨਹੀਂ ਸੰਜੋਅ ਸਕਦੀ।
ਉਨਾਂ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਬਹੁ-ਧਰਮੀ ਦੇਸ਼ ਹੈ ਤੇ ਭਾਗਵਤ ਦੇ ਇਸ ਫਿਰਕੂ ਬਿਆਨ ਨਾਲ ਦੇਸ਼ ‘ਚ ਵਸਦੇ ਬਾਕੀ ਧਰਮਾਂ ਦੇ ਲੋਕਾਂ ਨੂੰ ਭਾਰੀ ਠੇਸ ਪੁੱਜੀ ਹੈ ਅਜਿਹੇ ਬਿਆਨ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਹਨ। ਇਸ ਲਈ ਸਾਂਤ ਵਸਦੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦੇ ਮਨਸੂਬੇ ਬਨਾਉਣ ਵਾਲੇ ਭਾਗਵਤ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

468 ad