ਭਾਜਪਾ ਨੂੰ ਅਕਾਲੀ ਦਲ ਨਾਲੋਂ ਗਠਜੋੜ ਤੋੜ ਦੇਣਾ ਚਾਹੀਦੈ : ਗੋਸਾਈਂ

ਲੁਧਿਆਣਾ : ਪੰਜਾਬ ਵਿਚ ਜਿਥੇ ਇਕ ਪਾਸੇ ਅਕਾਲੀ-ਭਾਜਪਾ ਸਰਕਾਰ ਦੀਆਂ ਦੋਵੇਂ ਧਿਰਾਂ ‘ਚ ਤਾਲਮੇਲ ਅਤੇ ਸਹਿਯੋਗ ਲਈ ਪੰਜਾਬ ਸਰਕਾਰ ਵਲੋਂ ਇਕ 6 ਮੈਂਬਰੀ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਰਹਿ ਚੁੱਕੇ ਸਤਪਾਲ ਗੋਸਾਈਂ ਨੇ ਮੰਗਲਵਾਰ ਸ਼ਾਮ ਪ੍ਰੈਸ Gosaiਕਾਨਫਰੰਸ ‘ਚ ਆਪਣੀ ਹੀ ਭਾਜਪਾ ਪਾਰਟੀ ਨੂੰ ਅਕਾਲੀ-ਭਾਜਪਾ ਦਾ ਗਠਜੋੜ ਤੋੜ ਦੇਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਉਨ੍ਹਾਂ ਭਾਜਪਾ ਨੂੰ ਇਹ ਸਲਾਹ ਦਿੱਤੀ ਹੈ ਕਿ ਹੁਣ ਭਾਜਪਾ ਨੂੰ ਅਕਾਲੀ ਦਲ ਨਾਲ ਗਠਜੋੜ ਖਤਮ ਕਰ ਦੇਣਾ ਚਾਹੀਦਾ ਹੈ। 
ਉਨ੍ਹਾਂ ਮੁਤਾਬਕ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਹੀ ਅੱਜ ਪੰਜਾਬ ਦੀ ਇੰਡਸਟਰੀ ਖਤਮ ਹੋਣ ਦੇ ਕੰਢੇ ਪਹੁੰਚ ਚੁੱਕੀ ਹੈ। ਜਿਸ ਤਹਿਤ ਉਹ ਆਉਣ ਵਾਲੀ 16 ਤਾਰੀਕ ਨੂੰ ਪੰਜਾਬ ਦੀ ਇੰਡਸਟਰੀ ਦੇ ਸਾਰੇ ਮੁੱਖ ਮੈਂਬਰਾਂ ਨਾਲ ਮਿਲ ਕੇ ਸਾਂਝੇ ਮੋਰਚੇ ਤਹਿਤ ਗਲਤ ਨੀਤੀਆਂ ਖਿਲਾਫ ਸੜਕਾਂ ‘ਤੇ ਉਤਰ ਕੇ ਸੂਬਾ ਸਰਕਰਾ ਦਾ ਖੁੱਲ੍ਹ ਕੇ ਵਿਰੋਧ ਕਰਨਗੇ ਅਤੇ ਜੇ ਪਾਰਟੀ ਉਨ੍ਹਾਂ ਨੂੰ ਰੋਕਦੀ ਹੈ ਤਾਂ ਵੀ ਉਹ ਵਪਾਰੀ ਭਰਾਵਾਂ ਦਾ ਹੀ ਸਾਥ ਦੇਣਗੇ। ਉਨ੍ਹਾਂ ਬੋਲਦਿਆਂ ਕਿਹਾ ਕਿ ਜੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵਪਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਜ਼ਿਆਦਾ ਸਮੇਂ ਤਕ ਰਾਜ ਨਹੀਂ ਕਰ ਸਕਣਗੇ। 
ਦੂਜੇ ਪਾਸੇ ਭਾਜਪਾ ਸੀਨੀਅਰ ਆਗੂ ਐਮ.ਐਮ. ਵਿਆਸ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਪੰਜਾਬ ਦੀ ਜ਼ਿਆਦਾਤਰ ਇੰਡਸਟਰੀ ਸੂਬੇ ‘ਚੋਂ ਜਾ ਚੁੱਕੀ ਹੈ ਪਰ ਸਰਕਾਰ ਫਿਰ ਵੀ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਜਿਸ ਦੀ ਵਜ੍ਹਾ ਨਾਲ ਅੱਜ ਪੂਰਾ ਵਪਾਰੀ ਵਰਗ ਸਰਕਾਰ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਪੰਜਾਬ ‘ਚ ਸਿਆਸਤ ਹੋਰ ਕਿੰਨੀ ਭੱਖਦੀ ਹੈ।

468 ad