ਭਾਜਪਾ-ਅਕਾਲੀ ਦਲ ਦਾ ਘਿਓ-ਖਿਚੜੀ ਦਾ ਰਿਸ਼ਤਾ : ਬਾਦਲ

ਭਾਜਪਾ-ਅਕਾਲੀ ਦਲ ਦਾ ਘਿਓ-ਖਿਚੜੀ ਦਾ ਰਿਸ਼ਤਾ : ਬਾਦਲ

**ਜੇਤਲੀ ਨੂੰ ਵੀ ਵਿਸ਼ੇਸ਼ ਤੌਰ ‘ਤੇ ਮਿਲੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ**

ਐੱਨ. ਡੀ. ਏ.  ਦੇ ਘਟਕ ਦਲਾਂ ਦੀ ਸਾਂਝੀ ਬੈਠਕ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਕਾਲੀ ਸੰਸਦ ਮੈਂਬਰਾਂ ਨਾਲ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਤੋਂ ਪਹਿਲਾਂ ਉਹ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ, ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇ। ਇਨ੍ਹਾਂ ਤਿੰਨਾਂ ਦੀ ਮੁਲਾਕਾਤ ਤੋਂ ਬਾਅਦ ਦੋਵੇਂ ਬਾਦਲ ਸੀਨੀਅਰ ਭਾਜਪਾ ਨੇਤਾ ਅਤੇ ਅੰਮ੍ਰਿਤਸਰ ਤੋਂ ਲੋਕਸਭਾ ਚੋਣਾਂ ਹਾਰੇ ਅਰੁਣ ਜੇਤਲੀ ਨਾਲ ਵੀ ਵਿਸ਼ੇਸ਼ ਤੌਰ ‘ਤੇ ਮੁਲਾਕਾਤ ਕਰਨ ਪੁੱਜੇ। ਜੇਤਲੀ ਦੀ ਹਾਰ ਤੋਂ ਬਾਅਦ ਤੋਂ ਹੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਚ ਚੁੱਪ ਛਾਈ ਹੋਈ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਜੇਤਲੀ ਦੇ ਸਾਹਮਣੇ ਗੱਲ ਰੱਖ ਰਹੇ ਹਨ ਕਿ ਉਨ੍ਹਾਂ ਦੀ ਹਾਰ ਦਾ ਉਨ੍ਹਾਂ ਨੂੰ ਕਾਫ਼ੀ ਦੁੱਖ ਹੈ। ਅੰਮ੍ਰਿਤਸਰ ਤੋਂ ਚੋਣਾਂ ਲੜਨ ਆਏ ਜੇਤਲੀ ਦੀ ਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਡਰ ਹੈ ਕਿ ਸੀਨੀਅਰ ਭਾਜਪਾ ਲੀਡਰਸ਼ਿਪ ਦੀ ਅਗਵਾਈ ਦੀ ਨਾਰਾਜ਼ਗੀ ਦਾ ਨਜ਼ਲਾ ਉਨ੍ਹਾਂ ‘ਤੇ ਡਿਗ ਸਕਦਾ ਹੈ।
ਸੁਖਦ ਇਹ ਰਿਹਾ ਕਿ ਘਟਕ ਦਲਾਂ ਦੇ ਧੰਨਵਾਦ ਸਮਾਰੋਹ ਦੇ ਸਮੇਂ ਅਡਵਾਨੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਪੁਰਾਣਾ ਸਾਥੀ ਦੱਸਿਆ ਅਤੇ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ। ਮੁੱਖ ਮੰਤਰੀ ਬਾਦਲ ਨੇ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਭਾਜਪਾ ਨਾਲ ਘਿਓ-ਖਿਚੜੀ ਵਾਲਾ ਰਿਸ਼ਤਾ ਹੋ ਚੁੱਕਿਆ ਹੈ, ਗਠਜੋੜ ਦੀ ਤਾਂ ਹੁਣ ਗੱਲ ਹੀ ਨਹੀਂ ਰਹੀ। ਬਾਦਲ ਨੇ ਕਿਹਾ ਕਿ ਗਠਜੋੜ ਦੀ ਗੰਢ ਤਾਂ ਖੁੱਲ੍ਹ ਵੀ ਸਕਦੀ ਹੈ ਪਰ ਖਿਚੜੀ ‘ਚ ਮਿਲਾਏ ਹੋਏ ਘਿਓ ਨੂੰ ਵੱਖ ਨਹੀਂ ਕੀਤਾ ਜਾ ਸਕਦਾ।  


ਅਮਿਤ ਸ਼ਾਹ ਤੇ ਨੱਡਾ ਦੇ ਨਾਲ ਬੈਠੇ ਸੁਖਬੀਰ :  ਭਾਜਪਾ ਸੰਸਦੀ ਬੋਰਡ ਦੀ ਬੈਠਕ ਖਤਮ ਹੁੰਦਿਆਂ ਹੀ ਐੱਨ. ਡੀ. ਏ. ਦੇ ਸਾਰੇ ਘਟਕ ਦਲਾਂ ਦੇ ਨੇਤਾ ਅਤੇ ਸੰਸਦ ਮੈਂਬਰ ਲੋਕਸਭਾ ਦੇ ਸੈਂਟਰਲ ਹਾਲ ਵਿਚ ਪਹੁੰਚ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆ ਦੇ ਤੌਰ ‘ਤੇ ਮੰਚ ‘ਤੇ ਨਰਿੰਦਰ ਮੋਦੀ ਦੇ ਨਾਲ ਵਾਲੀ ਕੁਰਸੀ ‘ਤੇ ਜਾ ਬੈਠੇ। ਮੰਚ ਦੇ ਬਿਲਕੁਲ ਸਾਹਮਣੇ ਵਾਲੀ ਲਾਈਨ ਵਿਚ ਮੁਰਲੀ ਮਨੋਹਰ ਜੋਸ਼ੀ, ਅਮਿਤ ਸ਼ਾਹ ਅਤੇ ਜੇ.ਪੀ. ਨੱਡਾ ਜਿਹੇ ਸੀਨੀਅਰ ਨੇਤਾ ਬੈਠੇ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਅਤੇ ਨੱਡਾ ਨੂੰ ਗਲੇ ਮਿਲੇ ਤੇ ਉਨ੍ਹਾਂ ਦੇ ਨਾਲ ਹੀ ਤਿੰਨ ਸੀਟ ਵਾਲੇ ਡੈਸਕ ‘ਤੇ ਬੈਠ ਗਏ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਬਾਦਲਾਂ ਨੂੰ ਘਟਕ ਦਲਾਂ ਦੀ ਬੈਠਕ ਵਿਚ ਥਾਂ ਮਿਲੀ, ਹਰਸਿਮਰਤ ਕੌਰ ਬਾਦਲ ਨੂੰ ਵੀ ਕੈਬਨਿਟ ਵਿਚ ਥਾਂ ਮਿਲ ਜਾਵੇਗੀ।

468 ad