ਭਾਈ ਪ੍ਰਮਜੀਤ ਸਿੰਘ ਪੰਮਾ ਪੁਰਤਗਾਲ ਤੋਂ ਰਿਹਾਅ, ਅੱਜ ਪਹੁੰਚੇਗਾ ਯੂ ਕੇ

ਪੁਰਤਗਾਲ ਨਿਆਂ ਮੰਤਰਾਲੇ ਨੇ ਭਾਰਤ ਦੀ ਅਪੀਲ ਠੁਕਰਾਈ
ਸਿੱਖ ਏਕਤਾ ਦੀ ਜਿੱਤ ਹੈ – ਗੁਰਪਤਵੰਤ ਸਿੰਘ ਪੰਨੂੰ
PAramjit Singh Pamma Arrested in Purtgalਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਵਿੱਚ ਰਾਜਸੀ ਸ਼ਰਨ ਲੈ ਕੇ ਰਹਿ ਰਹੇ ਭਾਈ ਪ੍ਰਮਜੀਤ ਸਿੰਘ ਪੰਮਾ ਦੀ ਰਿਹਾਈ ਲਈ ਪੁਰਤਗਾਲ ਦੇ ਨਿਆਂ ਮੰਤਰਾਲੇ ਨੇ ਮੋਹਰ ਲਗਾ ਦਿੱਤੀ ਹੈ ਅਤੇ ਭਾਰਤ ਸਰਕਾਰ ਦੀ ਹਵਾਲਗੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਹੈ ਕਿ ਪੁਰਤਗਾਲ ਦੇ ਨਿਆਂ ਮੰਤਰੀ ਫਰਾਂਸੀਸਕਾ ਵੈਨ ਡੁਨੇਮ ਕੋਲ ਇਹ ਮਾਮਲਾ ਚਲਾ ਗਿਆ ਸੀ। ਜਿਸ ਨੇ ਭਾਈ ਪੰਮਾਂ ਨੂੰ ਯੂ ਕੇ ਸਰਕਾਰ ਵੱਲੋਂ ਦਿੱਤੀ ਗਈ ਰਾਜਸੀ ਸ਼ਰਨ ਨੂੰ ਮਾਨਤਾ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਜਿਹਨਾਂ ਕੇਸਾਂ ਬਾਰੇ ਕਹਿ ਰਹੀ ਹੈ, ਉਸ ਵੇਲੇ ਭਾਈ ਪੰਮਾਂ ਯੂ ਕੇ ਵਿੱਚ ਰਾਜਸੀ ਸ਼ਰਨਾਰਥੀ ਵਜੋਂ ਰਹਿ ਰਿਹਾ ਸੀ। ਇਸ ਕਰਕੇ ਉਸ ਨੂੰ ਰਿਹਾਅ ਕਰਕੇ ਵਾਪਿਸ ਯੂ ਕੇ ਭੇਜਿਆ ਜਾ ਰਿਹਾ ਹੈ। ਗੁਰਪਤਵੰਤ ਸਿੰਘ ਅਨੁਸਾਰ ਜੇਲ੍ਹ ਵਿਚੋਂ ਰਿਹਾਅ ਹੋਣ ਲਈ ਆਖਰੀ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭਾਈ ਪੰਮਾ ਦੇ ਅੱਜ ਹੀ ਰਾਤੀਂ ਯੂ ਕੇ ਪਹੁੰਚਣ ਦੀ ਸੰਭਾਵਨਾ ਹੈ। ਭਾਈ ਪੰਮਾ ਦੇ ਕੇਸ ਵਿੱਚ ਕਾਨੂੰਨੀ ਤੌਰ ਤੇ ਸਭ ਤੋਂ ਵੱਡਾ ਯੋਗਦਾਨ ਗੁਰਪਤਵੰਤ ਸਿੰਘ ਪੂਨੂੰ ਯੂ ਐਸ ਏ, ਅਮਰਜੀਤ ਸਿੰਘ ਭੱਚੂ ਯੂ ਕੇ ਦਾ ਰਿਹਾ ਹੈ ਜਿਹਨਾਂ ਨੇ ਪੁਰਤਗਾਲੀ ਵਕੀਲ ਮੈਨਿਊਰ ਲੂਇਸ ਫੈਰੀਰਾ ਦੀ ਮਦਦ ਨਾਲ ਕੇਸ ਲੜਿਆ ਹੈ। ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਖਾਸ ਤੌਰ ਤੇ ਯੂ ਕੇ ਦੇ ਸਿੱਖਾਂ ਨੇ ਰਾਜਸੀ ਤੌਰ ਪੁਰਤਗਾਲ ਅਤੇ ਬਰਤਾਨੀਆਂ ਸਰਕਾਰ ਤੇ ਲਗਾਤਾਰ ਦਬਾਅ ਬਣਾਇਆ ਹੋਇਆ ਸੀ। ਭਾਈ ਪੰਮਾ ਦਾ ਇੱਕ ਅਜੇਹਾ ਕੇਸ ਸੀ ਜਿਸ ਬਾਰੇ ਸਮੁੱਚੀਆਂ ਸਿੱਖ ਜੱਥੇਬੰਦੀਆਂ ਅਤੇ ਸਿੱਖ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਸਨ। 2010 ਵਿੱਚ ਪੰਜਾਬ ਪੁਲਿਸ ਅਤੇ ਯੂ ਕੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਭਾਈ ਪੰਮਾ ਤੋਂ ਰੁਲਦਾ ਸਿੰਘ ਕਤਲ ਕੇਸ ਬਾਰੇ ਜਾਂਚ ਪੜਤਾਲ ਕੀਤੀ ਸੀ, ਲੇਕਨ ਉਸ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਸੀ, ਦੂਜੇ ਪਾਸੇ ਪ੍ਰੋæ ਦਵਿੰਦਰਪਾਲ ਸਿੰਘ ਭੁਲਰ ਮਾਮਲੇ ਵਿੱਚ ਅੰਤਰਰਾਸ਼ਟਰੀ ਕਾਨੂੰਨੀ ਉਲੰਘਣਾ ਕਰਨ ਦਾ ਵੀ ਭਾਰਤ ਤੇ ਦੋਸ਼ ਲਗਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਪੰਮਾ ਨੁੰ ਭਾਰਤ ਲਿਆਉਣ ਲਈ ਗਏ ਪੁਲਿਸ ਅਧਿਕਾਰੀਆਂ ਖਿਲਾਫ ਕੀਤੀ ਗਈ ਅਪਰਾਧਿਕ ਸ਼ਕਾਇਤ ਨੇ ਵੀ ਭਾਰਤ ਦਾ ਪੱਖ ਕਮਜ਼ੋਰ ਕੀਤਾ ਹੈ। ਦੁਨੀਆਂ ਭਰ ਵਿੱਚ ਸਿੱਖਾਂ ਵੱਲੋਂ ਪੁਰਤਗਾਲ ਅੰਬੈਸੀਆਂ ਸਾਹਮਣੇ ਕੀਤੇ ਰੋਸ ਮੁਜਾਹਰੇ ਵੀ ਇਸ ਮਾਮਲੇ ਵਿੱਚ ਅਸਰਦਾਇਕ ਬਣੇ ਹਨ। ਭਾਈ ਪੰਾਮਾ ਨੂੰ ਸੰਨ 2000 ਵਿੱਚ ਰਾਜਸੀ ਸ਼ਰਨ ਮਿਲੀ ਸੀ ਅਤੇ ਉਸ ਕੋਲ 24 ਅਪ੍ਰੈਲ 2023 ਤੱਕ ਦੇ ਮੰਜ਼ੂਰ ਸ਼ੁਦਾ ਟਰੈਵਲਿੰਗ ਡਾਕੂਮੈਂਟ ਹਨ। ਭਾਈ ਪੰਮਾ ਦੀ ਰਿਹਾਈ ਦੀ ਖ਼ਬਰ ਦਾ ਸਿੱਖ ਕੌਂਸਲ ਯੂ ਕੇ, ਸਿੱਖ ਰਿਲੀਫ, ਸਿੱਖ ਫੈਡਰੇਸ਼ਨ ਯੂ ਕੇ, ਫੈਡਰੇਸ਼ਨ ਆਫ ਸਿੱਖਸ ਆਰਗੇਨਾਈਜੇਸ਼ਨ ਯੂ ਕੇ, ਅਖੰਡ ਕੀਰਤਨੀ ਜੱਥਾ ਯੂ ਕੇ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਯੁਨਾਈਟਡ ਖਾਲਸਾ ਦਲ ਯੂ ਕੇ, ਕੇਸਰੀ ਲਹਿਰ ਯੂ ਕੇ, ਦਲ ਖਾਲਸਾ ਆਦਿ ਸਿੱਖ ਜੱਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਵਾਗਤ ਕੀਤਾ ਹੈ ਅਤੇ ਇਸ ਨੂੰ ਪੰਥਕ ਜਿੱਤ ਕਰਾਰ ਦਿੱਤਾ ਹੈ।

468 ad

Submit a Comment

Your email address will not be published. Required fields are marked *