ਬੈਲਜ਼ੀਅਮ ‘ਚ ਸੰਸਦੀ ਚੋਣ ਲੜ ਰਹੀ ਪਹਿਲੀ ਪੰਜਾਬਣ ਪ੍ਰੀਤੀ ਕੌਰ

Pritty Kaur

ਬੈਲਜ਼ੀਅਮ ਵਿੱਚ 25 ਮਈ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਮੂਲ ਦੀ ਲੜਕੀ ਪ੍ਰੀਤੀ ਕੌਰ ਚੋਣ ਲੜ ਰਹੀ ਹੈ । ਪਿਤਾ ਚਰਨਜੀਤ ਸਿੰਘ ਸੈਣੀ ਨਾਲ 12 ਸਾਲ ਦੀ ਉਮਰ ਵਿੱਚ ਬੈਲਜ਼ੀਅਮ ਆ ਵਸੀ ਪ੍ਰੀਤੀ ਕੌਰ ਨੇ ਅਪਣੀ ਪੜਾਈ ਪੂਰੀ ਕਰ ਸਥਾਨਕ ਮਿਂਊਸੀਪਲਟੀ ਵਿੱਚ ਨੌਕਰੀ ਕਰ ਲਈ ਜਿਥੇ ਉਹਨਾਂ ਨੂੰ ਮੇਅਰ ਲੁਧਵਿਗ ਫਨਦਨਹੋਵੇ ਨਾਲ ਵਿਚਰਨ ਦਾ ਮੌਕਾ ਮਿਲਿਆ । ਪ੍ਰੀਤੀ ਮਿਸਟਰ ਲੁਧਵਿਗ ਨੂੰ ਅਪਣਾ ਸਿਆਸੀ ਗੁਰੂ ਮੰਨਦੀ ਹੈ । ਪੰਜਾਬੀਆਂ ਦੀ ਸਭ ‘ਤੋਂ ਸੰਘਣੀ ਵਸੋਂ ਵਾਲੇ ਸ਼ਹਿਰ ਸਿੰਤਰੂਧਨ ਦੀ ਵਾਸੀ ਪਲਵਿੰਦਰ ਜੋ ਪ੍ਰੀਤੀ ਕੌਰ ਵਜੋਂ ਜਾਣੀ ਜਾਂਦੀ ਹੈ ਦਾ ਅਪਣੇ ਲੋਕ ਭਲਾਈ ਕਾਰਜਾ ਕਰਕੇ ਬੈਲਜ਼ ਲੋਕਾਂ ਵਿੱਚ ਵੀ ਕਾਫੀ ਸਤਿਕਾਰ ਹੈ । ਸਾਲ 2012 ਵਿੱਚ ਸੋਸ਼ਲ ਪਾਰਟੀ ( ਐ ਪੀ ਏ ) ਦੀ ਟਿਕਟ ਤੇ ਕੌਂਸਲ ਚੋਣ ਲੜ ਕੇ ਅਪਣਾ ਸਿਆਸੀ ਜੀਵਨ ਸੁਰੂ ਕਰਨ ਵਾਲੀ ਪ੍ਰੀਤੀ ਕੈਂਸਰ ਵਰਗੀ ਨਾਂਮੁਰਾਦ ਬਿਮਾਰੀ ਦੇ ਮੁਕੰਮਲ ਖਾਤਮੇ ਲਈ ਖੋਜ਼ ਕਰ ਰਹੀ ਸੰਸਥਾਂ ਲੇਵਨਸਲੂਪ ਲਈ ਅਪਣੇ ਸਿੱਖ ਭਾਈਚਾਰੇ ਨਾਲ ਹਿੱਸਾ ਲੈ ਲੱਖਾਂ ਯੂਰੋ ਇਕੱਠੇ ਕਰਨ ਕਾਰਨ ਸਥਾਨਕ ਗੋਰੇ ਲੋਕਾਂ ਦੇ ਦਿਲ ਵਿੱਚ ਵਸ ਚੁੱਕੀ ਹੈ । ਪ੍ਰੀਤੀ ਕੌਰ ਦਾ ਕਹਿਣਾਂ ਹੈ ਕਿ ਉਹ ਅਪਣੀ ਕੌਂਮ ਦੀਆਂ ਦਰਪੇਸ਼ ਸਮੱਸਿਆਵਾਂ ‘ਤੋ ਵੀ ਭਲੀਭਾਂਤ ਜਾਣੂ ਹੈ । ਪ੍ਰੀਤੀ ਦਾ ਕਹਿਣਾ ਹੈ ਕਿ ਉਹ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਦਸਤਾਰ ਜਾਂ ਪਟਕਾ ਸਜਾਉਣ ਦੀ ਲੱਗੀ ਰੋਕ ‘ਤੋ ਬੇਹੱਦ ਦੁਖੀ ਹੈ ਜਿਸ ਲਈ ਉਹ ਫਲਾਮਿਸ਼ ਪਾਰਲੀਮੈਂਟ ਵੀ ਅਵਾਜ਼ ਉਠਾ ਚੁੱਕੀ ਹੈ । ਪ੍ਰੀਤੀ ਦਾ ਮੰਨਣਾ ਹੈ ਕਿ ਇਥੇ ਆ ਵਸੇ ਪੰਜਾਬੀਆਂ ਦੀਆਂ ਮੰਗਾਂ ਨੂੰ ਸੰਸਦ ਵਿੱਚ ਜੋਰਦਾਰ ਢੰਗ ਨਾਲ ਉੱਠਾਉਣ ਲਈ ਜਰੂਰੀ ਹੈ ਕਿ ਕੋਈ ਸਾਡੇ ਵਿੱਚੋਂ ਜਿੱਤ ਕੇ ਉਥੇ ਤੱਕ ਪਹੁੰਚੇ । ਤਿੰਨ ਸਾਲ ਸਥਾਨਕ ਜਿ਼ਲ੍ਹਾ ਪ੍ਰਸਾਸ਼ਨ ਵਿੱਚ ਨੌਕਰੀ ਕਰਨ ‘ਤੋ ਬਾਅਦ ਪ੍ਰੀਤੀ ਹੁਣ ਸਿਖਿਆ ਮੰਤਰਾਲੇ ਵਿੱਚ ਨੌਕਰੀ ਕਰ ਰਹੀ ਹੈ, ਇਸ ਨੌਕਰੀ ਬਾਰੇ ਬੜੇ ਮਾਣ ਨਾਲ ਗੱਲ ਕਰਦਿਆਂ ਪ੍ਰੀਤੀ ਦਸਦੀ ਹੈ ਕਿ 70 ਪ੍ਰੀਯੋਗੀਆਂ ਵਿੱਚੋਂ ਸਭ ‘ਤੋ ਯੋਗ ਉਮੀਦਵਾਰ ਚੁਣੇ ਜਾਣ ਉਪਰੰਤ ਉਸਨੂੰ ਇਹ ਨੌਕਰੀ ਮਿਲੀ ਹੈ ।
ਅਪਣੇ ਭਾਈਚਾਰੇ ਦੀ ਸੇਵਾ ਦੇ ਸਵਾਲ ਦਾ ਜਵਾਬ ਦਿੰਦੀ ਪ੍ਰੀਤੀ ਦਸਦੀ ਹੈ ਕਿ ਮੈਂ ਤਾਂ ਜਦ ‘ਤੋ ਸੁਰਤ ਸੰਭਾਲੀ ਹੈ ਤਦ ‘ਤੋਂ ਹੀ ਸੇਵਾ ਕਰਦੀ ਆ ਰਹੀ ਹਾਂ ਜਿਵੇਂ ਕਿ ਫੈਸਟਾ ਟਰੋਪੀਕਲ ਦੇ ਆਯੋਜਨ ਸਮੇਂ ਗੋਰਿਆਂ ਨੂੰ ਦਸਤਾਰ ਅਤੇ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੇ ਸਿਰ ਤੇ ਦਸਤਾਰਾਂ ਸਜਾ ਕੇ ਮੀਡੀਏ ‘ਚ ਹਾਈਲੈਟ ਕਰਨਾਂ, ਗੋਰਿਆਂ ਨੂੰ ਗੁਰੂਘਰਾਂ ਵਿੱਚ ਲਿਆਉਣਾਂ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣਾਂ ਆਦਿ ਪ੍ਰਮੁੱਖ ਹਨ ।
ਅਗਲੇ ਸਾਲ 2015 ਲਈ ਸਿੰਤਰੂਧਨ ਕੌਂਸਲ ਲਈ ਕੌਸਲਰ ਚੁਣੇ ਜਾ ਚੁੱਕੇ ਜਾਣ ਕਾਰਨ ਬੈਲਜ਼ੀਅਮ ਵਿੱਚ ਪਹਿਲੀ ਸਿੱਖ ਕੌਸਲਰ ਬਣਨ ਦਾ ਮਾਣ ਵੀ ਪ੍ਰੀਤੀ ਦੇ ਹਿੱਸੇ ਹੀ ਆਵੇਗਾ ।
ਨਸਲੀ ਨਫਰਤ ਬਾਰੇ ਗੱਲ ਕਰਦੀ ਪ੍ਰੀਤੀ ਕਹਿੰਦੀ ਹੈ ਕਿ ਉਹ ਚਾਹੁੰਦੀ ਹੈ ਕਿ ਇਹ ਸਮਾਜ ਲਈ ਕੋਹੜ ਹੈ ਜਿਸਨੂੰ ਖਤਮ ਕਰਨ ਲਈ ਮੈਂ ਹਰ ਸੰਭਵ ਕੋਸਿ਼ਸ਼ ਕਰ ਰਹੀ ਹਾਂ । ਪਲਵਿੰਦਰ ਕੌਰ ਪ੍ਰੀਤੀ ਦਾ ਕਹਿਣਾ ਹੈ ਕਿ ਹੁਣ ਆਰਥਿਕ ਤੌਰ ਤੇ ਮਜਬੂਤ ਹੋ ਚੁੱਕੇ ਪੰਜਾਬੀ ਭਾਈਚਾਰੇ ਨੂੰ ਇਥੋਂ ਦੀ ਰਾਨੀਨੀਤੀ ਵਿੱਚ ਪੈਰ ਜਮਾਉਣੇ ਬਹੁਤ ਜਰੂਰੀ ਹਨ । ਨਵੀਂ ਪੀੜੀ ਲਈ ਪ੍ਰੇਰਨਾਂ ਸਰੋਤ ਬਣਨ ਜਾ ਰਹੀ ਪ੍ਰੀਤੀ ਅਪਣੀ ਜਿੱਤ ਲਈ ਕਾਫੀ ਆਸਵੰਦ ਹੈ ਕਿਉਕਿ ਸਿੰਤਰੂਧਨ ਵਿੱਚ ਸਿੱਖਾਂ ਦੀ ਬਹੁਗਿਣਤੀ ਹੋਣ ਕਰਕੇ ਕਈ ਗੋਰੇ ਤਾਂ ਹੁਣ ਇਸ ਸ਼ਹਿਰ ਨੂੰ ਸਿੱਖਰੂਧਨ ਕਹਿਣ ਲੱਗ ਪਏ ਹਨ ।
ਪ੍ਰੀਤੀ ਵੱਲੋਂ ਲੜੀ ਜਾ ਰਹੀ ਚੋਣ ਬਾਰੇ ਗੱਲ ਕਰਦੇ ਹੋਏ ਬਹੁਤ ਸਾਰੇ ਆਗੂਆਂ ਦਾ ਮੰਨਣਾ ਹੈ ਅਪਣੀਆਂ ਮੰਗਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਖ਼ਾਤਰ ਜਰੂਰੀ ਹੈ ਕਿ ਇਸ ਲੜਕੀ ਨੂੰ ਵੱਧ ‘ਤੋ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ।
ਭਾਰਤੀ ਰਾਜਨੀਤੀ ਵਿੱਚ ਆਏ ਨਿਘਾਰ ਬਾਰੇ ਮਿਸ ਕੋਰ ਦਾ ਕਹਿਣਾ ਹੈ ਕਿ ਉਸ ਗੰਧਲੀ ਰਾਜਨੀਤੀ ਕਾਰਨ ਮੇਰੇ ਪਿਤਾ ਵੀ ਨਹੀ ਸਨ ਚਾਹੁੰਦੇ ਕਿ ਮੈਂ ਰਾਜਨੀਤੀ ਵਿੱਚ ਆਵਾਂ ਪਰ ਮੇਰੀ ਜਿੱਤ ਲਈ ਉਹ ਮੈਂਨੂੰ ਵੋਟ ਜਰੂਰ ਪਾਉਣਗੇਂ ।
ਜਿਥੇ ਬੈਲਜ਼ੀਅਮ ਦੀ ਐਨ ਆਰ ਆਈ ਸਭਾ, ਐਨ ਆਰ ਆਈ ਸਪੋਰਟਸ਼ ਕਲੱਬ ਸਮੇਤ ਪੰਜਾਬੀ ਭਾਈਚਾਰੇ ਦੇ ਵੱਡੇ ਹਿੱਸੇ ਵੱਲੋਂ ਪ੍ਰਤੀ ਕੌਰ ਨੂੰ ਹਿਮਾਇਤ ਦਿੱਤੀ ਜਾ ਰਹੀ ਹੈ ਉੱਥੇ ਵੱਡੀ ਤਦਾਦ ਵਿੱਚ ਇਥੇ ਵਸਦੇ ਤੁਰਕੀ ਲੋਕਾਂ ਦੀ ਅਤੇ ਨੌਜਵਾਨ ਵਰਗ ਦੀ ਭਾਰੀ ਹਿਮਾਇਤ ਹੋਣ ਦਾ ਦਾਅਵਾ ਵੀ ਪ੍ਰੀਤੀ ਕਰਦੀ ਹੈ ।

468 ad