”ਬੀ. ਜੇ. ਪੀ. ਭਾਰਤ ਦੀ ਸਭ ਤੋਂ ਵੱਧ ‘ਬੌਧਿਕਤਾ ਵਿਰੋਧੀ’ ਪਾਰਟੀ”

Dr. Amarjit Singh

Dr. Amarjit Singh

 

”ਬੀ. ਜੇ. ਪੀ. ਭਾਰਤ ਦੀ ਸਭ ਤੋਂ ਵੱਧ ‘ਬੌਧਿਕਤਾ ਵਿਰੋਧੀ’ ਪਾਰਟੀ”- ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਗੁਜਰਾਤ ਦੇ 13 ਮੰਦਰਾਂ ਵਿੱਚ ਅਜੇ ਤੱਕ ਵੀ ਦਲਿਤਾਂ ਨੂੰ ਦਾਖਲ ਹੋਣ ਦਾ ਹੱਕ ਨਹੀਂ!
‘ਬੰਗਾਲ ਵਿੱਚ 80 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਗਰੀਬੀ ਰੇਖਾ ਤੋਂ ਹੇਠਾਂ’-ਅਮ੍ਰਿਤਿਆ ਸੇਨ ਦੀ ਰਿਪੋਰਟ
ਸਿੱਖ ਰੈਫਰੈਂਸ ਲਾਇਬਰੇਰੀ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਦਾ ਰੁੱਖ ਹੁਣ ਯੂਨੀਵਰਸਿਟੀਆਂ ਵੱਲ!
ਵਾਸ਼ਿੰਗਟਨ, ਡੀ. ਸੀ. – ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਦਹਿਸ਼ਤਗਰਦੀ ਦਾ ਪੂਰਾ ਬੋਲਬਾਲਾ ਹੈ। ਜੇ. ਐਨ. ਯੂ. ਦੀਆਂ ਘਟਨਾਵਾਂ ਤੋਂ ਬਾਅਦ ਹਿੰਦੂਤਵੀਆਂ ਨੇ ਭਾਰਤ ਵਿਚਲੇ ਮੁਸਲਮਾਨਾਂ ਤੋਂ ਬਦੋਬਦੀ ‘ਭਾਰਤ ਮਾਤਾ ਕੀ ਜੈ’ ਕਹਾਉਣ ਦੇ ਏਜੰਡੇ ‘ਤੇ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਮੁੱਦੇ ਨੂੰ ਅਧਾਰ ਬਣਾ ਕੇ, ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਮੁਸਲਮਾਨ ਜਥੇਬੰਦੀ ਏ. ਆਈ. ਐਮ. ਆਈ. ਐਮ. ਦੇ ਵਿਧਾਇਕ ਵਾਰਿਸ ਯੂਸਫ ਪਠਾਨ ਨੂੰ ਸਦਨ ਵਿੱਚੋਂ ‘ਸਸਪੈਂਡ’ ਕਰ ਦਿੱਤਾ ਕਿਉਂਕਿ ਉਹ ਜ਼ਬਰਦਸਤੀ ‘ਭਾਰਤ ਮਾਤਾ ਕੀ ਜੈ’ ਕਹਿਣ ਨੂੰ ਤਿਆਰ ਨਹੀਂ ਸੀ। ਹਾਲਾਂਕਿ ਉਸ ਨੇ ‘ਜੈ ਹਿੰਦ’ ਤੇ ‘ਜੈ ਹਿੰਦੋਸਤਾਨ’ ਦੇ ਨਾਹਰੇ ਲਗਾਏ। ਇਸ ਜਥੇਬੰਦੀ ਦੇ ਆਗੂ ਅਸਦੁਦੀਨ ਓਵੈਸੀ ਨੂੰ ‘ਭਾਰਤ ਮਾਤਾ ਕੀ ਜੈ’ ਨਾ ਕਹਿਣ ‘ਤੇ ਗੱਦਾਰ ਐਲਾਨਿਆ ਜਾ ਰਿਹਾ ਹੈ ਤੇ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਰ ਇਸ ਹਿੰਦੂਤਵੀ ਫਿਜ਼ਾ ਵਿੱਚ ਵੀ ਕੁਝ ਬਹਾਦਰ ਆਵਾਜ਼ਾਂ ਹਨ ਜੋਕਿ ਹਿੰਦੂ ਫਾਸ਼ੀਵਾਦ ਨੂੰ ਚੈਲਿੰਜ ਕਰ ਰਹੀਆਂ ਹਨ। ਇਤਿਹਾਸਕਾਰ ਰੋਮੀਲਾ ਥਾਪਰ ਤੋਂ ਬਾਅਦ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਹਿੰਦੂਤਵੀਆਂ ਦੀ ‘ਬੌਧਿਕਤਾ-ਵਿਰੋਧੀ ਅਤੇ ਫਿਰਕੂ ਕਾਰਜਪ੍ਰਣਾਲੀ’ ਦੀ ਖੁੱਲ• ਕੇ ਨਿੰਦਿਆ ਕੀਤੀ ਹੈ।
ਦਿੱਲੀ ਵਿੱਚ ‘ਪੈਂਗੁਇਨ ਸਪਰਿੰਗ ਫੀਵਰ ਫੈਸਟੀਵਲ’ ਨੂੰ ਸੰਬੋਧਿਤ ਹੁੰਦਿਆਂ ਡਾ. ਗੁਹਾ ਨੇ ਕਿਹਾ, ‘ਬੀ. ਜੇ. ਪੀ. ਕੋਲ ਉੱਚਕੋਟੀ ਬੁੱਧੀਜੀਵੀਆਂ ਦੀ ਕਮੀ ਹੈ। ਇਸ ਲਈ ਉਨ•ਾਂ ਦੇ ਮੰਦਬੁੱਧੀ ਬੁੱਧੀਜੀਵੀਆਂ ਨੇ ਇਹੋ ਜਿਹਾ ਫਿਰਕੂ ਮਾਹੌਲ ਸਿਰਜ ਦਿੱਤਾ ਹੈ। ਬੀ. ਜੇ. ਪੀ. ਇਸ ਵੇਲੇ ਭਾਰਤ ਦੀ ਸਭ ਤੋਂ ਵੱਡੀ ਬੌਧਿਕਤਾ-ਵਿਰੋਧੀ ਪਾਰਟੀ ਹੈ। ਬੀ. ਜੇ. ਪੀ. ਦੇ ਅਨੁਪਮ ਖੇਰ, ਪ੍ਰਵੀਨ ਤੋਗੜੀਆ ਤੇ ਸਿਮ੍ਰਿਤੀ ਇਰਾਨੀ ਵਰਗੇ ਅਖੌਤੀ ਬੁੱਧੀਜੀਵੀ ਦੇਸ਼ ਨੂੰ ਚਿੱਕੜ ਵਿੱਚ ਘਸੀਟ ਰਹੇ ਹਨ। ਆਰ. ਐਸ. ਐਸ. ਦਾ ਸੰਸਥਾਪਕ ਗੋਵਲਕਰ ਵੀ ਇੱਕ ਸਧਾਰਨ ਪੱਧਰ ਦਾ ਪੱਖਪਾਤੀ ਕੱਟੜ ਵਿਅਕਤੀ ਸੀ। ਸਾਡੇ ਕੋਲ ਸੀ. ਰਾਜਗੋਪਾਲਚਾਰੀਆ ਵਰਗੇ ਵਿਅਕਤੀ ਦੀ ਘਾਟ ਹੈ, ਜਿਹੜਾ ਕਿ ਬੜਾ ਮੰਨਿਆ ਹੋਇਆ ਸਿਆਣਾ ਸੋਚਵਾਨ ਸੀ।’ ਅਸੀਂ ਇਤਿਹਾਸਾਕਰ ਰਾਮਚੰਦਰ ਗੁਹਾ ਦੀ ਸ਼ਲਾਘਾ ਕਰਦੇ ਹਾਂ, ਜਿਸ ਨੇ ਸੱਚ ਕਹਿਣ ਦਾ ਹੌਂਸਲਾ ਵਿਖਾਇਆ ਹੈ।
ਭਾਰਤ ਵਿੱਚ ਉੱਚ-ਜਾਤੀਆਂ ਵਲੋਂ ਬਹੁਤ ਵਾਰ ਦਲਿਤ ਵਿਰੋਧੀ ਗੱਲਾਂ ਕਰਦਿਆਂ, ਰਿਜ਼ਰਵੇਸ਼ਨ ਨੀਤੀ ਦਾ ਵਿਰੋਧ ਕੀਤਾ ਜਾਂਦਾ ਹੈ। ਭਾਰਤੀ ਪ੍ਰਚਾਰਤੰਤਰ ਵਲੋਂ ਵੀ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਭਾਰਤੀ ਸੰਵਿਧਾਨ ਤਹਿਤ ਸਭ ਨੂੰ ਬਰਾਬਰੀ ਦਾ ਹੱਕ ਦੇ ਦਿੱਤਾ ਗਿਆ ਹੈ, ਇਸ ਲਈ ਭਾਰਤ ਵਿੱਚ ਹੁਣ ਊਚ-ਨੀਚ ਜਾਂ ਛੂਆ-ਛਾਤ ਦੀ ਕੋਈ ਥਾਂ ਨਹੀਂ ਹੈ। ਪਰ, ਭਾਰਤ ਵਿੱਚ ਦਲਿਤਾਂ ਸਬੰਧੀ ਜ਼ਮੀਨੀ ਹਕੀਕਤ ਅਤੇ ਬਹੁਗਿਣਤੀ ਦੀ ਮਾਨਸਿਕਤਾ ਵਿੱਚ ਕੋਈ ਬਹੁਤਾ ਫਰਕ ਵੇਖਣ ਨੂੰ ਨਹੀਂ ਮਿਲਦਾ। ਇਸ ਦੀ ਇੱਕ ਉਦਾਹਰਣ ਗੁਜਰਾਤ ਵਿੱਚ ਦਲਿਤਾਂ ਦੇ ਮੰਦਰ ਪ੍ਰਵੇਸ਼ ਸਬੰਧੀ ਇੱਕ ਖਬਰ ਤੋਂ ਮਿਲਦੀ ਹੈ। ਗੁਜਰਾਤ ਵਿੱਚ 13 ਐਸੇ ਮੰਦਰ ਹਨ, ਜਿੱਥੇ ਦਲਿਤਾਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ। ਗੁਜਰਾਤ ਵਿਧਾਨ ਸਭਾ ਵਿੱਚ ਵਿਧਾਇਕ ਸ਼ੈਲੇਸ ਪਰਮਾਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਨੇ ਹੀ ਇਹ ਜਾਣਕਾਰੀ ਦਿੱਤੀ। ਇਨ•ਾਂ 13 ਮੰਦਰਾਂ ਵਿੱਚ ਭਰੂਚ ਦੇ 3, ਅਹਿਮਦਾਬਾਦ ਗ੍ਰਾਮੀਣ ਦਾ ਇੱਕ, ਆਣੰਦ ਦੇ 2, ਮਹੀਸਾਗਰ ਦਾ ਇੱਕ, ਦੇਵਭੂਮੀ ਦਵਾਰਕਾ ਦਾ ਇੱਕ, ਗਿਰ ਸੋਮਨਾਥ ਦੇ 2, ਪੋਰਬੰਦਰ ਦੇ 2 ਅਤੇ ਬਨਾਸਕਾਂਠਾ ਦਾ ਇੱਕ ਮੰਦਰ ਸ਼ਾਮਲ ਹੈ। ਯਾਦ ਰਹੇ ਕੁਝ ਦਿਨ ਪਹਿਲਾਂ ਜਾਮ-ਜੋਧਪੁਰ ਦੇ ਸਤਾਪਰ ਪਿੰਡ ਵਿਚਲੇ ਮੰਦਰ ਦੇ ਦਰਵਾਜ਼ੇ ਤੇ ਇਹ ਬੈਨਰ ਲੱਗਾ ਸੀ, ‘ਇਥੇ ਦਲਿਤ, ਮੁਸਲਮਾਨ, ੁਜਲਾਹੇ ਤੇ ਕੋਲੀ ਸਮਾਜ ਦੇ ਲੋਕਾਂ ਦੇ ਪ੍ਰਵੇਸ਼ ‘ਤੇ ਪਾਬੰਦੀ ਹੈ। ਕੀ ਭਾਰਤ ਵਿੱਚੋਂ ਜਾਤਪਾਤੀ ਮਾਨਸਿਕਤਾ ਨੂੰ ਖਤਮ ਕੀਤਾ ਜਾ ਸਕਦਾ ਹੈ? ਇਸ ਦਾ ਸਹੀ ਜਵਾਬ ਹੈ, ਬਿਲਕੁਲ ਨਹੀਂ।
ਭਾਰਤ ਵਿੱਚ ਮੁਸਲਮਾਨਾਂ ਦੀ ਆਬਾਦੀ 17 ਕਰੋੜ ਹੈ। ਹਿੰਦੂਤਵੀਆਂ ਵਲੋਂ ਅਕਸਰ ਇਹ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਭਾਰਤ ਸਰਕਾਰ ਦੀਆਂ ਨੀਤੀਆਂ, ਘੱਟਗਿਣਤੀਆਂ, ਵਿਸ਼ੇਸ਼ਕਰ ਮੁਸਲਮਾਨਾਂ ਨੂੰ ਰਿਝਾਉਣ ਵਾਲੀਆਂ ਹੁੰਦੀਆਂ ਹਨ। ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਭਾਰਤ ਵਿਚਲੇ ਮੁਸਲਮਾਨ, ਅਤਿ ਗਰੀਬੀ ਦੀ ਹਾਲਤ ਵਿੱਚ ਜੀਵਨ ਬਸਰ ਕਰ ਰਹਨ ਹਨ ਅਤੇ ਉਨ•ਾਂ ਕੋਲ ਅੱਗੇ ਵਧਣ, ਵਿੱਦਿਆ ਅਤੇ ਨੌਕਰੀਆਂ ਦੇ ਮੌਕੇ ਲਗਭਗ ਨਾਂਹ ਦੇ ਬਰਾਬਰ ਹਨ। ਭਾਰਤ ਦੇ ਪੱਛਮੀ ਬੰਗਾਲ ਸੂਬੇ ਵਿੱਚ 25 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਹਨ, ਜਿਹੜੇ ਕਿ ਬੰਗਾਲ ਦੀ ਕੁੱਲ ਅਬਾਦੀ ਦਾ ਲਗਭਗ 27 ਫੀ ਸਦੀ ਹਨ। ਜਾਣਿਕਿ ਹਰ ਚੌਥਾ ਬੰਗਾਲੀ ਮੁਸਲਮਾਨ ਹੈ। ਪਰ ਭਾਰਤ ਦੇ ਨਕਸ਼ੇ ਵਿੱਚ ਪਿਛਲੇ 67 ਸਾਲ ਤੋਂ ਕੈਦ, ਇਨ•ਾਂ ਮੁਸਲਮਾਨਾਂ ਦਾ ਜੀਵਨ-ਪੱਧਰ ਕਿਹੋ ਜਿਹਾ ਹੈ, ਇਸ ਦਾ ਪ੍ਰਗਟਾਵਾ, ਨੋਬਲ ਇਨਾਮ ਜੇਤੂ ਅਮਿਰਤਿਆ ਸੈਨ ਵਲੋਂ ਆਪਣੀ ਸੰਸਥਾ ‘ਪ੍ਰਾਤਚੀ ਟਰੱਸਟ’ ਰਾਹੀਂ ਜਾਰੀ ਇੱਕ ਰਿਪੋਰਟ ਰਾਹੀਂ ਹੋਇਆ ਹੈ। ਪ੍ਰਾਤਚੀ ਟਰੱਸਟ, ਗਾਈਡੈਂਸ ਗਿਲਡ ਤੇ ਸਨੈਪ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਜਾਰੀ ਇਸ ਰਿਪੋਰਟ ਦਾ ਨਾਂ ਹੈ, ‘ਪੱਛਮੀ ਬੰਗਾਲ ਦੇ ਮੁਸਲਮਾਨਾਂ ਦੀ ਜ਼ਿੰਦਗੀ ਦੀ ਹਕੀਕਤ।’
ਇਸ ਰਿਪੋਰਟ ਅਨੁਸਾਰ, ਬੰਗਾਲ ਦੇ ਮੁਸਲਮਾਨਾਂ ਵਿਚੋਂ 80 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਭਾਵ ਉਨ•ਾਂ ਨੂੰ ਸਿਰਫ ਇੱਕ ਵੇਲੇ ਦੀ ਰੋਟੀ ਨਸੀਬ ਹੁੰਦੀ ਹੈ। 5 ਜੀਆਂ ਦੇ ਪਰਿਵਾਰ ਦੀ ਸਾਲਾਨਾ ਆਮਦਨ 5000 ਰੁਪਈਏ ਤੋਂ ਵੀ ਘੱਟ ਹੈ। ਅੱਗੋਂ 38.3 ਫੀਸਦੀ ਮੁਸਲਮਾਨ ਸਲਾਨਾ 2500 ਰੁਪਈਏ ਤੋਂ ਵੀ ਘੱਟ ਵਿੱਚ ਗੁਜ਼ਾਰਾ ਕਰਦੇ ਹਨ। ਰਿਪੋਰਟ ਅਨੁਸਾਰ ਸਿਰਫ 1.5 ਫੀਸਦੀ ਮੁਸਲਮਾਨਾਂ ਕੋਲ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਹਨ ਅਤੇ ਪਬਲਿਕ ਸੈਕਟਰ ਵਿੱਚ ਇਹ ਇੱਕ ਫੀਸਦੀ ਤੋਂ ਵੀ ਘੱਟ ਹੈ। 13.2 ਫੀਸਦੀ ਮੁਸਲਮਾਨਾਂ ਕੋਲ ਵੋਟਰ ਕਾਰਡ ਨਹੀਂ ਹਨ। ਬੰਗਾਲ ਵਿੱਚ 31.3 ਫੀਸਦੀ ਲੋਕਾਂ ਕੋਲ ਡਰੇਨਏਜ਼ ਸਹੂਲਤਾਂ ਹਨ ਜਦੋਂਕਿ ਸਿਰਫ 12.2 ਫੀਸਦੀ ਮੁਸਲਮਾਨਾਂ ਕੋਲ ਇਹ ਸਹੂਲਤ ਹੈ। 15 ਫੀਸਦੀ ਤੋਂ ਜ਼ਿਆਦਾ ਮੁਸਲਮਾਨ ਬੱਚਿਆਂ ਨੂੰ ਸਕੂਲ ਸਹੂਲਤਾਂ ਨਹੀਂ ਹਨ। 82 ਫੀਸਦੀ ਮੁਸਲਮਾਨਾਂ ਕੋਲ ਜਾਣਕਾਰੀ ਲੈਣ ਲਈ ਰੇਡੀਓ, ਅਖਬਾਰ, ਟੈਲੀਵੀਜ਼ਨ ਦੀ ਸਹੂਲਤ ਨਹੀਂ ਹੈ, ਇਸ ਲਈ ਉਹ ‘ਲੋਕਲ ਮੁਖੀਏ’ ਤੋਂ ਹੀ ਜਾਣਕਾਰੀ ਹਾਸਲ ਕਰਦੇ ਹਨ। ਇਹ ਰਿਪੋਰਟ ਬੰਗਾਲ ਦੇ 325 ਪਿੰਡਾਂ ਅਤੇ 73 ਸ਼ਹਿਰੀ ਵਾਰਡਾਂ ਦੇ ਸਰਵੇ ‘ਤੇ ਅਧਾਰਤ ਹੈ, ਜਿੱਥੇ ਕਿ ਮੁਸਲਮਾਨ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਹ ਆਰਥਿਕ ਮੰਦਹਾਲੀ ਇਸ ਸਭ ਦੇ ਬਾਵਜੂਦ ਹੈ ਕਿ ਬੰਗਾਲ ਵਿੱਚ ਬੀ. ਜੇ. ਪੀ. ਦਾ ਕੋਈ ਅਧਾਰ ਨਹੀਂ ਹੈ। ਉਥੇ ਹੋਂਦ ਵਿੱਚ ਆਉਣ ਵਾਲੀਆਂ ਸਰਕਾਰਾਂ (ਸਮੇਤ ਮਮਤਾ ਬੈਨਰਜੀ ਦੇ) ਵਲੋਂ ਕੋਈ ਜ਼ਾਹਰਾ ਮੁਸਲਿਮ-ਵਿਰੋਧੀ ਨੀਤੀਆਂ ਵੀ ਨਹੀਂ ਅਪਣਾਈਆਂ ਜਾਂਦੀਆਂ। ਬੰਗਾਲ ਸਮੇਤ ਭਾਰਤ ਸਭ ਵਿੱਚ ਮੁਸਲਮਾਨਾਂ ਦੀ ਦੁਰਦਸ਼ਾ, ਇਸ ਗੱਲ ਦਾ ਸਬੂਤ ਹੈ ਕਿ ਅਜ਼ਾਦੀ ਤੇ ਗੁਲਾਮੀ ਵਿੱਚ ਕੀ ਫਰਕ ਹੁੰਦਾ ਹੈ। ਭਾਰਤੀ ਮੁਸਲਮਾਨਾਂ ਦੀ ਸਥਿਤੀ ਦਾ, ਜੇ ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਮੁਸਲਮਾਨਾਂ ਦੀ ਆਰਥਿਕ ਖੁਸ਼ਹਾਲੀ ਨਾਲ ਟਾਕਰਾ ਕਰ ਲਿਆ ਜਾਵੇ ਤਾਂ ਅਜ਼ਾਦੀ ਦਾ ਮਤਲਬ ਹੋਰ ਜ਼ਿਆਦਾ ਸਪੱਸ਼ਟ ਹੋ ਜਾਵੇਗਾ। ਪੰਜਾਬ ਵਿੱਚ ਸਿੱਖ ਕਿਸਾਨੀ ਦੀ ਮੰਦਹਾਲੀ ‘ਚੋਂ, ਵਧ ਰਹੀਆਂ ਆਤਮਘਾਤ ਦੀਆਂ ਘਟਨਾਵਾਂ ਸਿੱਖਾਂ ਦੀ ਦਸ਼ਾ ਵੀ ਮੁਸਲਮਾਨਾਂ ਵਾਲੀ ਹੀ ਦਰਸਾ ਰਹੀਆਂ ਹਨ, ਭਾਵੇਂ ਕਿ ਇਸ ਸਬੰਧੀ ਸਾਡੀ ਕੌਮ ਦੇ ਇੱਕ ਵੱਡੇ ਹਿੱਸੇ ਨੇ ਅੱਖਾਂ ‘ਤੇ ਪੱਟੀ ਬੰਨ•ੀ ਹੋਈ ਹੈ।
ਹੁਣ ਇਸ ਤੱਥ ਦੇ ਕਾਫੀ ਸਬੂਤ ਹਨ ਕਿ 7 ਜੂਨ, 1984 ਨੂੰ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਸਾੜਨ ਤੋਂ ਪਹਿਲਾਂ, ਉਸ ਵਿਚਲੇ ਇਤਿਹਾਸਕ ਦਸਤਾਵੇਜ਼ਾਂ, ਪੁਸਤਕਾਂ ਆਦਿ ਨੂੰ ਦਰਜਨਾਂ ਫੌਜੀ ਟਰੰਕਾਂ ਵਿੱਚ ਲੱਦ ਕੇ ਕਿਸੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ। 32 ਸਾਲ ਬੀਤਣ ਬਾਅਦ ਵੀ ਇਹ ‘ਬਹੁਮੁੱਲਾ ਦੁਰਲੱਭ ਖਜ਼ਾਨਾ’ ਭਾਰਤੀ ਏਜੰਸੀਆਂ ਦੇ ਕਬਜ਼ੇ ਵਿੱਚ ਹੈ। ਇਉਂ ਜਾਪਦਾ ਹੈ ਕਿ ਹੁਣ ਪੰਜਾਬ ਦੀਆਂ ਲਾਇਬਰੇਰੀਆਂ (ਵਿਸ਼ੇਸ਼ਕਰ ਯੂਨੀਵਰਸਿਟੀਆਂ) ਵਿਚਲੇ, ਸਿੱਖ ਇਤਿਹਾਸ ਨਾਲ ਸਬੰਧਿਤ ਖਰੜਿਆਂ, ਦਸਤਾਵੇਜ਼ਾਂ ਨੂੰ ਖੁਰਦ-ਬੁਰਦ ਕਰਨ ਦੀ ਨੀਤੀ ‘ਤੇ ਅਮਲ-ਦਰਾਮਦ ਸ਼ੁਰੂ ਹੋ ਚੁੱਕਾ ਹੈ। ਕੁਝ ਸਮਾਂ ਪਹਿਲਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ‘ਚੋਂ ਪ੍ਰੋ. ਪੂਰਨ ਸਿੰਘ ਦੀ ਲਿਖਤ ਵਿੱਚ ਇੱਕ ਪੁਸਤਕ ਦਾ ਖਰੜਾ, ਭੇਦਭਰੇ ਤਰੀਕੇ ਨਾਲ ਗਾਇਬ ਕਰ ਦਿੱਤਾ ਗਿਆ ਸੀ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ, ਇਤਿਹਾਸਕ ਦਸਤਾਵੇਜ਼ਾਂ, ਧਾਰਮਿਕ ਗ੍ਰੰਥਾਂ ਅਤੇ ਪੁਰਾਤਨ ਹੱਥ ਲਿਖਤ ਖਰੜਿਆਂ ਨਾਲ ਭਰੇ ਇੱਕ ਟਰੱਕ ਨੂੰ ਯੂਨੀਵਰਸਿਟੀ ਦੇ ਗੇਟ ‘ਤੇ ਰੋਕਿਆ। ਇਸ ਨੂੰ ਰੱਦੀ ਦੇ ਭਾਅ ਵੇਚਿਆ ਜਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਸ ਸਬੰਧੀ ਟੈਂਡਰ ਜਾਰੀ ਕੀਤਾ ਗਿਆ ਸੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਨੋਟਿਸ ਵਿੱਚ ਇਸ ਲੁੱਟ ਨੂੰ ਲਿਆਂਦਾ ਪਰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ, ਰੋਸ ਵਜੋਂ ਵਿਦਿਆਰਥੀਆਂ ਵਲੋਂ ਭਾਈ ਕਾਨ• ਸਿੰਘ ਨਾਭਾ ਲਾਇਬਰੇਰੀ ਦੇ ਮੇਨ ਗੇਟ ‘ਤੇ ਧਰਨਾ ਵੀ ਦਿੱਤਾ ਗਿਆ। ਅਜੇ ਤੱਕ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਨਾ ਹੀ ਦੋਸ਼ੀਆਂ (ਲਾਇਬਰੇਰੀ ਇੰਚਾਰਜ ਸਰੋਜ ਬਾਲਾ ਅਤੇ ਰੈਫਰੈਂਸ ਲਾਇਬਰੇਰੀ ਦਾ ਇੰਚਾਰਜ) ਨੂੰ ਬਰਖਾਸਤ ਕੀਤਾ ਗਿਆ ਹੈ ਅਤੇ ਨਾ ਹੀ ਇਸ ਸਾਰੀ ਸਾਜ਼ਿਸ਼ ਦੀ ਪੜਤਾਲ ਲਈ ਕੋਈ ਕਾਰਵਾਈ ਕੀਤੀ ਗਈ ਹੈ।
ਪਾਠਕਜਨ! ਕੀ 30 ਮਿਲੀਅਨ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਤਮਾਸ਼ਬੀਨ ਬਣ ਕੇ ਨਹੀਂ ਰਹਿ ਗਿਆ? ਕਦੀ ਕੋਈ ਕੌਮ ਆਪਣੇ ਇਤਿਹਾਸਕ ਖਜ਼ਾਨਿਆਂ ਨੂੰ ਇਉਂ ਲੁੱਟਣ ਦਿੰਦੀ ਹੈ?

468 ad

Submit a Comment

Your email address will not be published. Required fields are marked *