ਬੀਬਾ ਗੁਰਮੇਹਰ ਕੌਰ ਸੰਬੰਧੀ ਅਤੇ ਉਸਦੇ ਸਾਥੀਆਂ ਸੰਬੰਧੀ ਪ੍ਰਗਟਾਏ ਵਿਚਾਰਾਂ ਪ੍ਰਤੀ ਸ੍ਰੀ ਅਨਿਲ ਵਿੱਜ, ਸਿਹਤ ਵਜ਼ੀਰ, ਹਰਿਆਣਾ ਨੂੰ ਪੱਤਰ

ਵੱਲੋਂ: ਇਕਬਾਲ ਸਿੰਘ ਟਿਵਾਣਾ,
ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਵੱਲ: ਸ੍ਰੀ ਅਨਿਲ ਵਿੱਜ,
ਸਿਹਤ ਵਜ਼ੀਰ, ਹਰਿਆਣਾ
ਸਿਵਲ ਸਕੱਤਰੇਤ, ਹਰਿਆਣਾ,
ਚੰਡੀਗੜ੍ਹ, ਯੂਟੀ ।
ਸਅਦਅ/5001/2017 21 ਅਕਤੂਬਰ 2017
ਵਿਸ਼ਾ: ਸਵਰਗੀਆ ਕੈਪਟਨ ਮਨਦੀਪ ਸਿੰਘ ਦੀ ਸਪੁੱਤਰੀ ਬੀਬਾ ਗੁਰਮੇਹਰ ਕੌਰ ਸੰਬੰਧੀ ਅਤੇ ਉਸਦੇ ਸਾਥੀਆਂ ਸੰਬੰਧੀ ਆਪ ਜੀ ਵੱਲੋਂ ਪ੍ਰਗਟਾਏ ਵਿਚਾਰਾਂ ਪ੍ਰਤੀ ।
ਸਤਿਕਾਰਯੋਗ ਸ੍ਰੀ ਵਿੱਜ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ॥
ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਕਾਰਗਿਲ ਯੁੱਧ ਵਿਚ ਭਾਰਤ ਦੀ ਰੱਖਿਆ ਲਈ ਲੜ ਰਹੇ ਕੈਪਟਨ ਮਨਦੀਪ ਸਿੰਘ ਦੀ ਸ਼ਹੀਦੀ ਹੋਣ ਉਪਰੰਤ ਜਦੋਂ ਉਸਦੀ ਸਪੁੱਤਰੀ ਸ੍ਰੀ ਰਾਮ ਕਾਲਜ ਫਾਰ ਵੂਮੈਨ, ਦਿੱਲੀ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ ਤਾਂ ਉਸਦੇ ਪਿਤਾ ਦੀ ਹੋਈ ਸ਼ਹਾਦਤ ਤੋਂ ਬਾਅਦ ਉਸ ਨੇ ਆਪਣੀਆਂ ਮਨੋਭਾਵਨਾਵਾਂ ਨੂੰ ਪ੍ਰਗਟਾਉਦੇ ਹੋਏ ਕਿਹਾ ਸੀ ਕਿ “ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਬਲਕਿ ਜੰਗ ਨੇ ਮਾਰਿਆ ਹੈ” ਤਾਂ ਉਸ ਸਮੇਂ ਆਪ ਜੀ ਨੇ ਉਸ ਬੀਬਾ ਦੀਆਂ ਭਾਵਨਾਵਾਂ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਇਕ ਵਿਦਿਆਰਥਣ ਹੁੰਦੇ ਹੋਏ ਉੱਠ ਗਿਆ ਸੀ, ਉਸ ਨੂੰ ਮਹਿਸੂਸ ਨਾ ਕਰਦੇ ਹੋਏ ਅਤੇ ਨਾ ਸਮਝਦੇ ਹੋਏ ਬਿਆਨ ਦਿੱਤਾ ਸੀ ਕਿ ਬੀਬਾ ਗੁਰਮੇਹਰ ਕੌਰ ਜਿਸ ਨੇ ਇਹ ਕਿਹਾ ਹੈ ਕਿ ਮੇਰਾ ਪਿਤਾ ਪਾਕਿਸਤਾਨ ਨੇ ਨਹੀਂ ਮਾਰਿਆ, ਬਲਕਿ ਜੰਗ ਨੇ ਮਾਰਿਆ ਹੈ, ਉਹ ਅਤੇ ਉਸਦੇ ਸਾਥੀ ਪਾਕਿਸਤਾਨ ਚਲੇ ਜਾਣ ਅਤੇ ਕਈ ਮੁਤੱਸਵੀ ਲੋਕਾਂ ਤੇ ਸੰਗਠਨਾਂ ਨੇ ਬੀਬਾ ਗੁਰਮੇਹਰ ਕੌਰ ਨੂੰ ਮਾਰਨ ਅਤੇ ਉਸ ਨਾਲ ਬਲਾਤਕਾਰ ਕਰਨ ਦੀਆਂ ਧਮਕੀਆ ਵੀ ਦਿੱਤੀਆ ਸਨ । ਅਜਿਹਾ ਉਨ੍ਹਾਂ ਲੋਕਾਂ ਨੇ ਕੀਤਾ ਸੀ ਜਿਨ੍ਹਾਂ ਨੂੰ ਧੀਆਂ-ਭੈਣਾਂ ਦੇ ਸਤਿਕਾਰ ਅਤੇ ਸਮਾਜ ਵਿਚ ਉਨ੍ਹਾਂ ਦੇ ਮਹੱਤਵ ਦੀ ਬਿਲਕੁਲ ਮਹਿਸੂਸਤਾ ਨਹੀਂ ਸੀ । ਜਦੋਂਕਿ ਇਕ ਅਣਵਿਆਹੀ ਛੋਟੀ ਉਮਰ ਦੀ ਲੜਕੀ ਜਿਸਦੇ ਸਿਰ ਉਤੋ ਉਸਦੇ ਪਿਤਾ ਦਾ ਸਾਇਆ ਉੱਠ ਜਾਵੇ, ਉਸਦੀ ਤਕਲੀਫ਼ ਅਤੇ ਡੂੰਘੇ ਦੁੱਖ ਦਾ ਅਹਿਸਾਸ ਜਿਸ ਤਰ੍ਹਾਂ ਦਾ ਉਸ ਬੀਬਾ ਜਾਂ ਬੱਚੇ ਨੂੰ ਹੋਵੇਗਾ, ਉਸੇ ਤਰ੍ਹਾਂ ਦਾ ਅਹਿਸਾਸ ਇਥੋ ਦੇ ਜੇਕਰ ਸਿਆਸਤਦਾਨਾਂ ਨੂੰ ਵੀ ਹੋਵੇ ਜਾਂ ਸਿਆਸੀ ਆਗੂਆਂ ਨੂੰ ਹੋਵੇ, ਉਹ ਇਕ ਦੁੱਖੀ ਵਿਦਿਆਰਥਣ ਪ੍ਰਤੀ ਕਤਈ ਵੀ ਅਜਿਹੇ ਨਫ਼ਰਤ ਭਰਿਆ ਪ੍ਰਚਾਰ ਨਹੀਂ ਕਰ ਸਕਦੇ । ਦੂਸਰਾ ਇਥੋ ਦਾ ਵਿਧਾਨ ਇਥੋ ਦੇ ਨਿਵਾਸੀਆਂ ਨੂੰ ਵਿਧਾਨ ਦੀ ਧਾਰਾ 14 ਦੇ ਅਧੀਨ ਬਰਾਬਰਤਾ ਅਤੇ 19, 21 ਦੇ ਰਾਹੀ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰਨ, ਬਿਨ੍ਹਾਂ ਕਿਸੇ ਡਰ-ਭੈ ਤੋ ਜਿੰਦਗੀ ਜਿਊਣ ਦਾ ਵਿਧਾਨਿਕ ਹੱਕ ਦਿੰਦਾ ਹੈ । ਫਿਰ ਜਦੋਂ ਉਪਰੋਕਤ ਬੀਬਾ ਨੇ ਆਪਣੇ ਪਿਤਾ ਦੀ ਮੌਤ ਤੇ ‘ਜੰਗ’ ਨੂੰ ਮੁੱਖ ਦੋਸ਼ੀ ਠਹਿਰਾਉਦੇ ਹੋਏ ਆਪਣੇ ਵਿਚਾਰ ਤੇ ਭਾਵਨਾਵਾਂ ਪ੍ਰਗਟ ਕੀਤੀਆ ਤਾਂ ਕਿਸੇ ਵੀ ਮੁਤੱਸਵੀ ਆਗੂ ਜਾਂ ਸੰਗਠਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਸ ਮਾਨਸਿਕ ਤੌਰ ਤੇ ਪੀੜਤ ਬੀਬਾ ਨੂੰ ਗੈਰ-ਸਮਾਜਿਕ ਸ਼ਬਦਾਂ ਰਾਹੀ ਜਾਂ ਧਮਕੀਆ ਦੇ ਕੇ ਅਪਮਾਨਿਤ ਕੀਤਾ ਜਾਵੇ ਅਤੇ ਉਸ ਨਾਲ ਗੈਰ-ਇਖਲਾਕੀ ਬਲਾਤਕਾਰ ਦੀ ਗੱਲ ਕੀਤੀ ਜਾਵੇ ।
ਅਜਿਹਾ ਵਿਵਹਾਰ ਨਾ ਤਾਂ ਇਨਸਾਨੀ ਕਦਰਾ-ਕੀਮਤਾ ਇਜ਼ਾਜਤ ਦਿੰਦੀਆ ਹਨ ਅਤੇ ਨਾ ਹੀ ਕਿਸੇ ਧਰਮ ਦੇ ਅਸੂਲ । ਜੇਕਰ ਆਪ ਜੀ ਨੇ ਅਜਿਹੀ ਸ਼ਬਦਾਵਲੀ ਵਰਤਦੇ ਹੋਏ ਉਸ ਬੀਬਾ ਪ੍ਰਤੀ ਨਫ਼ਰਤ ਦੀ ਜ਼ਹਿਰ ਉਗਲੀ ਹੈ, ਤਾਂ ਆਪ ਜੀ ਆਪਣੀ ਆਤਮਾ ਤੋ ਖੁਦ ਜੁਆਬ ਲੈ ਸਕਦੇ ਹੋ ਕਿ ਆਪ ਜੀ ਵੱਲੋ ਪ੍ਰਗਟਾਏ ਨਫ਼ਰਤ ਭਰੇ ਵਿਚਾਰ ਸਹੀਂ ਸਨ ਜਾਂ ਗਲਤ ਸਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਹਿੰਦੂਤਵ ਸੰਗਠਨ ਅਤੇ ਆਪ ਜੈਸੇ ਮੁਤੱਸਵੀ ਆਗੂ ਉਸ ਸਿੱਖ ਕੌਮ ਪ੍ਰਤੀ ਜਿਸ ਨੇ ਭਾਰਤ ਦੀ ਆਜ਼ਾਦੀ ਲਈ 90% ਕੁਰਬਾਨੀਆ ਦੇ ਕੇ, ਜ਼ਬਰ-ਜੁਲਮ ਸਹਿਕੇ ਇਹ ਮਿਸ਼ਨ ਪ੍ਰਾਪਤ ਕੀਤਾ ਹੈ ਅਤੇ ਜਿਸ ਕੌਮ ਨੇ ਬੀਤੇ ਸਮੇਂ ਵਿਚ ਜਦੋਂ ਮੁਗਲ ਹਾਕਮ ਹਿੰਦੂ ਧੀਆਂ-ਭੈਣਾਂ ਨੂੰ ਆਪਣੇ ਹਮਲਿਆ ਸਮੇਂ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਟਕੇ-ਟਕੇ ਵਿਚ ਅੱਗੇ ਵੇਚਣ ਦੇ ਅਮਲ ਕਰਦੇ ਸਨ ਤਾਂ ਉਸ ਸਮੇਂ ਸਿੱਖ ਕੌਮ ਹੀ ਉਨ੍ਹਾਂ ਧੀਆਂ-ਭੈਣਾਂ ਨੂੰ ਮੁਗਲ ਹੁਕਮਰਾਨਾਂ ਦੇ ਕਬਜੇ ਵਿਚੋ ਆਪਣੀ ਜਿੰਦ-ਜਾਨ ਤੇ ਖੇਲਦੇ ਹੋਏ ਛੁਡਾਕੇ ਹੀ ਨਹੀਂ ਲਿਆਉਦੇ ਸਨ, ਬਲਕਿ ਬਾਇੱਜ਼ਤ ਉਨ੍ਹਾਂ ਧੀਆਂ-ਭੈਣਾਂ ਨੂੰ ਘਰੋ-ਘਰੀ ਪਹੁੰਚਾਉਦੇ ਰਹੇ ਹਨ । ਇਹੀ ਵਜਹ ਹੈ ਕਿ ਜਦੋਂ ਮੁਗਲਾਂ ਦੇ ਹਮਲਿਆ ਸਮੇਂ ਕਿਸੇ ਹਿੰਦੂਆਣੀ ਨੂੰ ਨਿਹੰਗ ਬਾਣੇ ਵਿਚ ਸਿੰਘ ਦਿਖਾਈ ਦੇ ਪੈਦੇ ਸਨ ਤਾਂ ਹਿੰਦੂਆਣੀਆਂ ਆਪ ਮੁਹਾਰੇ ਪੁਕਾਰ ਉਠਦੀਆ ਸਨ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ, ਬੂਹੇ ਖੋਲ੍ਹਦੋ ਨਿਸੰਗ’ ਇਹ ਸਿੱਖ ਕੌਮ ਦੀ ਅਣਖ਼-ਇੱਜ਼ਤ ਅਤੇ ਸਤਿਕਾਰ ਵਾਲੀ ਪਹਿਚਾਣ ਕੇਵਲ ਹਿੰਦੂਆਣੀਆ ਵਿਚ ਹੀ ਨਹੀ, ਬਲਕਿ ਸਮੁੱਚੇ ਸੰਸਾਰ ਵਿਚ ਬਣੀ ਹੋਈ ਹੈ । ਫਿਰ ਆਪ ਜੀ ਕਿਸ ਦਲੀਲ ਰਾਹੀ ਇਕ ਪਿਤਾ ਤੋ ਬਗੈਰ ਧੀ ਨੂੰ ਪਾਕਿਸਤਾਨ ਵਿਚ ਘੱਲਣ ਦੀ ਗੱਲ ਕਰਦੇ ਹੋ ਅਤੇ ਉਸ ਸਿੱਖ ਬੀਬਾ ਤੇ ਸਿੱਖ ਪਰਿਵਾਰ ਉਤੇ ਨਫ਼ਰਤ ਭਰੀ ਬਿਆਨਬਾਜੀ ਕਰ ਰਹੇ ਹੋ? ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਆਪ ਜੀ ਅਤੇ ਹੋਰ ਕੁਝ ਕੁ ਫਿਰਕੂਆਂ ਵੱਲੋ ਬੀਬਾ ਗੁਰਮੇਹਰ ਕੌਰ ਜਾਂ ਸਿੱਖ ਕੌਮ ਦੀ ਧੀ ਸੰਬੰਧੀ ਪਾਕਿਸਤਾਨ ਦੇ ਪ੍ਰਗਟਾਏ ਵਿਚਾਰਾਂ ਨੂੰ ਤਾਂ ਕੋਈ ਅਮਲੀ ਰੂਪ ਨਹੀਂ ਦੇ ਸਕੇ, ਕੋਈ ਵੀ ਸਿੱਖ ਜਾਂ ਹੋਰ ਪਾਕਿਸਤਾਨ ਨਹੀਂ ਗਿਆ । ਜੋ ਨਫ਼ਰਤ ਭਰੇ ਵਿਚਾਰ ਆਪ ਜੀ ਨੇ ਸਿੱਖ ਬੀਬਾ ਗੁਰਮੇਹਰ ਕੌਰ ਸੰਬੰਧੀ ਵਰਤੇ ਹਨ, ਉਹ ਸਮੁੱਚੀ ਸਿੱਖ ਕੌਮ ਉਤੇ ਲਾਗੂ ਹੁੰਦੇ ਹਨ । ਹੁਣ ਅਸੀਂ ਜਦੋਂ ਵੀ ਪਾਕਿਸਤਾਨ ਗਏ ਜੋ ਕਿ ਸਾਡੀ ਸਿੱਖ ਕੌਮ ਦੀ ਜਨਮ ਭੂਮੀ ਹੈ ਅਤੇ ਜਿਥੇ ਸਾਡਾ ਬਹੁਤ ਵੱਡਾ ਫਖ਼ਰ ਵਾਲਾ ਇਤਿਹਾਸ ਹੈ, ਜਿਥੇ ਸਾਡੇ ਮੁਸਲਿਮ ਕੌਮ ਨਾਲ ਤੇ ਪਾਕਿਸਤਾਨ ਨਾਲ ਪੁਰਾਤਨ ਅਟੁੱਟ ਸੰਬੰਧ ਹਨ, ਆਉਣ ਵਾਲੇ ਸਮੇਂ ਵਿਚ ਜਦੋਂ ਅਸੀਂ ਆਪਣੇ ਇਸ ਵਤਨ ਜਾਵਾਂਗੇ ਤਾਂ ਆਪ ਜੀ ਤੇ ਤੁਹਾਡੇ ਵਰਗੇ ਹੋਰ ਫਿਰਕੂਆਂ ਨੂੰ ਵੀ ਨਾਲ ਲੈਕੇ ਜਾਵਾਂਗੇ ਇਥੇ ਬਿਲਕੁਲ ਨਹੀਂ ਛੱਡਾਂਗੇ । ਕਿਉਂਕਿ ਸਿੱਖ ਕੌਮ ਜੋ ਕਿਸੇ ਕੌਮ ਨਾਲ ਜਾਂ ਕਿਸੇ ਇਨਸਾਨ ਨਾਲ ਬਚਨ ਕਰਦੀ ਹੈ, ਉਸ ਨੂੰ ਆਪਣੀ ਜਾਨ ਤੇ ਖੇਡਕੇ ਵੀ ਪੂਰਨ ਕਰਦੀ ਹੈ । ਤੁਹਾਡੀਆਂ ਮੁਤੱਸਵੀ ਹਕੂਮਤਾਂ ਅਤੇ ਆਪ ਜੈਸੀ ਇਨਸਾਨੀਅਤ ਵਿਰੋਧੀ ਸੋਚ ਦੇ ਮਾਲਕ ਆਪਣੇ ਬਚਨਾਂ ਨੂੰ ਤਾਂ ਪੂਰਨ ਨਹੀਂ ਕਰ ਸਕੇ ਅਤੇ ਨਾ ਹੀ ਸਿੱਖ ਕੌਮ ਵੱਲੋ ਇਸ ਦੇਸ਼ ਅਤੇ ਹਿੰਦੂ ਕੌਮ ਦੀ ਇੱਜਤ ਆਬਰੂ ਨੂੰ ਬਚਾਉਣ ਦੇ ਇਵਜ ਵੱਜੋ ਸਿੱਖ ਕੌਮ ਦਾ ਈਰਖਾਵਾਦੀ ਸੋਚ ਨਾਲ ਸਤਿਕਾਰ ਕਰਨ ਤੋ ਭੱਜ ਰਹੇ ਹੋ । ਲੇਕਿਨ ਅਸੀਂ ਸਿੱਖ ਕੌਮ ਜੋ ਵੀ ਕਰਾਂਗੇ, ਉਹ ਉਸ ਅਕਾਲ ਪੁਰਖ ਨੂੰ ਹਾਜ਼ਰ-ਨਾਜਰ ਸਮਝਕੇ ਸਮੁੱਚੀ ਮਨੁੱਖਤਾ ਲਈ ਅਤੇ ਇਨਸਾਨੀਅਤ ਲਈ ਕਰਾਂਗੇ । ਜਦੋਂ ਵੀ ਅਸੀਂ ਪਾਕਿਸਤਾਨ ਗਏ ਤਾਂ ਆਪ ਜੀ ਤੇ ਆਪ ਜੀ ਵਰਗੇ ਕਿਸੇ ਨੂੰ ਵੀ ਇਥੇ ਛੱਡਕੇ ਨਹੀਂ ਜਾਵਾਂਗੇ ।
ਇਸ ਲਈ ਆਪ ਜੀ ਵੱਲੋ ਪ੍ਰਗਟਾਏ ਉਪਰੋਕਤ ਸਿੱਖ ਕੌਮ ਪ੍ਰਤੀ ਵਿਚਾਰਾਂ ਅਤੇ ਸਿੱਖ ਕੌਮ ਦੇ ਇਤਿਹਾਸ ਉਤੇ ਇਕ ਡੂੰਘੀ ਸਰਸਰੀ ਨਜ਼ਰ ਜ਼ਰੂਰ ਮਾਰ ਲੈਣੀ ਚਾਹੀਦੀ ਹੈ । ਉਸ ਉਪਰੰਤ ਹੀ ਸਿੱਖ ਕੌਮ ਪ੍ਰਤੀ ਕਿਸੇ ਤਰ੍ਹਾਂ ਦੀ ਧਾਰਨਾ ਬਣਾਉਣਾ ਵਰਨਾ ਸਿੱਖ ਕੌਮ ਤਾਂ ਜ਼ਰੂਰ ਪਰ ਆਪ ਜੀ ਦੀ ਆਪਣੀ ਆਤਮਾ ਵੀ ਅਜਿਹੇ ਮਨੁੱਖਤਾ ਵਿਰੋਧੀ ਕੁਕਰਮਾ ਲਈ ਆਪ ਜੀ ਨੂੰ ਮੁਆਫ਼ ਨਹੀਂ ਕਰੇਗੀ । ਉਮੀਦ ਕਰਦੇ ਹਾਂ ਕਿ ਆਪ ਜੀ ਆਪਣੀ ਇਨਸਾਨੀਅਤ ਗਲਤੀ ਜਾਂ ਫਿਰਕੂ ਸੋਚ ਦੀਆਂ ਵਲਗਣਾ ਵਿਚ ਵਹਿਕੇ ਸਿੱਖ ਕੌਮ ਪ੍ਰਤੀ ਪ੍ਰਗਟਾਏ ਵਿਚਾਰ ਉਹ ਵੀ ਇਕ ਸਿੱਖ ਕੌਮ ਦੀ ਧੀ ਪ੍ਰਤੀ, ਦਾ ਪਸਚਾਤਾਪ ਕਰਦੇ ਹੋਏ ਅੱਗੋ ਲਈ ਸਿੱਖ ਕੌਮ ਪ੍ਰਤੀ ਕੋਈ ਅਜਿਹੀ ਨਫ਼ਰਤ ਭਰੀ ਧਾਰਨਾ ਬਣਾਉਗੇ ਅਤੇ ਨਾ ਹੀ ਸਿੱਖ ਕੌਮ ਪ੍ਰਤੀ ਪ੍ਰਚਾਰ ਕਰੋਗੇ । ਧੰਨਵਾਦੀ ਹੋਵਾਂਗੇ ।
ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂਘਰ ਤੇ ਪੰਥ ਦਾ ਦਾਸ,
ਇਕਬਾਲ ਸਿੰਘ ਟਿਵਾਣਾ,
468 ad

Submit a Comment

Your email address will not be published. Required fields are marked *