ਨਵੀਂ ਦਿੱਲੀ:10 ਮਈ ( ਪੀਡੀ ਬੇਉਰੋ ) ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਮੌਕੇ ਮਹਿਰੌਲੀ ਵਿਖੇ ਵੱਡਾ ਬੁੱਤ ਸਥਾਪਤ ਕੀਤਾ ਜਾਵੇਗਾ। ਇਹ ਬੁੱਤ 7.5 ਏਕੜ ਦੇ ਪਾਰਕ ਵਿੱਚ ਕੁਤਬ ਮੀਨਾਰ ਨੇੜੇ ਸਥਾਪਤ ਕੀਤਾ ਜਾਵੇਗਾ। ਮਹਿਰੌਲੀ ਵਿਖੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਬੁੱਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਕੀਤਾ ਜਾ ਰਿਹਾ ਹੈ।
ਬੁੱਤ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪਾਰਕ ਸਬ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਇਸ ਨੂੰ ਗਵਾਲੀਅਰ ਦੇ ਬੁੱਤਘਾੜੇ ਸਿਧਾਰਥ ਰਾਏ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਬੁੱਤ 17 ਫੁੱਟ ਉੱਚੇ, 13 ਫੁੱਟ ਚੌੜੇ ਤੇ ਤਕਰੀਬਨ 6 ਟਨ ਵਜ਼ਨੀ ਹੈ।
ਇਸ ਬੁੱਤ ਦੀ ਦਿੱਖ ਪੰਜਾਬ ਸਰਕਾਰ ਵੱਲੋਂ ਚੱਪੜਚਿੜੀ ਮੈਦਾਨ ਵਿਖੇ ਬਾਬਾ ਜੀ ਦੇ ਸਥਾਪਤ ਕੀਤੇ ਗਏ ਬੁੱਤ ਵਰਗੀ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਪਾਰਕ ਵਿੱਚ ਇਹ ਬੁੱਤ ਸਥਾਪਤ ਕੀਤਾ ਜਾਣਾ ਹੈ, ਉਸ ਦੀ ਤਿਆਰੀ ਵੀ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਸ ਪਾਰਕ ਵਿੱਚ ਕੁਦਰਤੀ ਨਜ਼ਾਰਿਆਂ ਤੇ ਦਰਖਤਾਂ ਨੂੰ ਸੁੰਦਰਤਾ ਦਿੱਖ ਦੇਣ ਦੇ ਨਾਲ-ਨਾਲ ਇਸ ਵਿੱਚ ਫੁੱਲਾਂ ਦੀਆਂ ਦੁਰਲੱਭ ਕਿਸਮਾਂ ਨੂੰ ਵੀ ਲਾਇਆ ਜਾ ਜਾਵੇਗਾ।