ਬਾਜਵਾ ਦੀ ਸਥਿਤੀ ‘ਸਿਰ ‘ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ’ ਵਾਲੀ : ਮਜੀਠੀਆ

ਬਾਜਵਾ ਦੀ ਸਥਿਤੀ 'ਸਿਰ 'ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ' ਵਾਲੀ : ਮਜੀਠੀਆ

ਅੰਮ੍ਰਿਤਸਰ – ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਨੌਜਵਾਨ ਆਗੂ ਨਵਦੀਪ ਸਿੰਘ ਗੋਲਡੀ ਵਲੋਂ ਤਲਵੰਡੀ ਸਾਬੋ ਦੀ ਵਾਰਡ ਨੰ.8 ਵਿਚ ਮੋਰਚਾ ਸੰਭਾਲਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿਚ ਕਰਵਾਈਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਉਦੋਂ ਚੋਣ ਸਰਗਰਮੀਆਂ ਨੂੰ ਹੋਰ ਬੱਲ ਮਿਲਿਆ ਜਦੋਂ ਇਥੇ ਨਵਦੀਪ ਸਿੰਘ ਗੋਲਡੀ ਵਲੋਂ ਰਖਵਾਈ ਮੀਟਿੰਗ ਦੌਰਾਨ ਰਾਮਾ ਮੰਡੀ ਵਿਖੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜੇ।  
ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜ਼ਿਮਨੀ ਚੋਣਾਂ ‘ਚ ਅਕਾਲੀ-ਭਾਜਪਾ ਦੇ ਪੱਖ ‘ਚ ਹਵਾ ਦਿਨੋਂ-ਦਿਨ ਤੇਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਇਹ ਗੱਲ ਜਿੰਨੀ ਛੇਤੀ ਸਮਝ ਲੈਣ ਉਨਾ ਹੀ ਚੰਗਾ ਹੈ ਕਿ ਹੁਣ ਉਨ੍ਹਾਂ ਦਾ ਸਮਾਂ ਬੀਤ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਕਾਟੋ ਕਲੇਸ਼ ਅਤੇ ਨਿੱਜੀ ਸਵਾਰਥ ਹੀ ਲੈ ਬੈਠੀ ਹੈ। ਕਾਂਗਰਸ ਹਾਈ ਕਮਾਨ ਚੋਣਾਂ ਦੀ ਨਮੋਸ਼ੀਜਨਕ ਹਾਰ ਉਪਰੰਤ ਬੇਵੱਸ ਹੀ ਨਹੀਂ ਸਗੋਂ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਆਗੂਆਂ ਵਲ਼ੋਂ ਹੀ ਘਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸਥਿਤੀ ਇਸ ਵਕਤ ‘ਸਿਰ ‘ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ’ ਵਾਲੀ ਗਲ ਹੈ,  ਜਿਸ ਨੂੰ ਕੋਈ ਵੀ ਪ੍ਰਧਾਨ ਮੰਨਣ ਲਈ ਤਿਆਰ ਨਹੀਂ। ਮਜੀਠੀਆ ਨੇ ਕਿਹਾ ਕਿ ਕਾਂਗਰਸ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸੰਖਿਆ ਬਾਰੇ ਬਿਆਨਬਾਜ਼ੀ ਕਰ ਕੇ ਆਪਣੀ ਅਗਿਆਨਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ੁਰੂ ਤੋਂ ਹੀ ਕਾਂਗਰਸ ਦੀ ਸੋਚ ਪੰਥਕ ਸੰਸਥਾਵਾਂ ‘ਤੇ ਕਬਜ਼ੇ ਕਰਨ ਦੀ ਰਹੀ ਹੈ। ਇਸ ਮੌਕੇ ਮਜੀਠੀਆ ਦਾ ਕਈ ਵਾਰਡਾਂ ਵਿਚ ਲੋਕਾਂ ਵਲ਼ੋਂ ਭਰਵਾਂ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ।

468 ad