ਬਾਜਵਾ ਤੋਂ ਅਸਤੀਫੇ ਦੀ ਮੰਗ, ਅਮਰਿੰਦਰ ਨਾਲ ਵੀ ਕੀਤੀ ਚਰਚਾ

ਬਾਜਵਾ ਤੋਂ ਅਸਤੀਫੇ ਦੀ ਮੰਗ, ਅਮਰਿੰਦਰ ਨਾਲ ਵੀ ਕੀਤੀ ਚਰਚਾ

ਲੋਕਸਭਾ ਚੋਣਾਂ ਦੇ ਨਤੀਜਿਆਂ ਦੇ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ‘ਚ ਇਕ ਵਾਰ ਮੁੜ ਗੁਟਬੰਦੀ ਉਭਰਦੀ ਦਿਖਾਈ ਦੇ ਰਹੀ ਹੈ। ਹੁਣ ਪਾਰਟੀ ਦੀ ਇਨਾਂ ਲੋਕਸਭਾ ਚੋਣਾਂ ‘ਚ ਕਾਰਗੁਜਾਰੀ ਨੂੰ ਲੈ ਕੇ ਅਮਰਿੰਦਰ ਸਮਰਥਕ ਨੇਤਾਵਾਂ ਨੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਬਿਆਨਬਾਜੀ ਤੇਜ ਕਰ ਦਿੱਤੀ ਹੈ। ਅੱਜ ਪਾਰਟੀ ਦੇ ਕਈ ਵਿਧਾਇਕਾਂ ਤੇ ਨੇਤਾਵਾਂ ਨੇ ਚੋਣ ਨਤੀਜਿਆਂ ਦੀ ਜਿੰਮੇਦਾਰੀ ਲੈਂਦੇ ਹੋਏ ਬਾਜਵਾ ਤੋਂ ਅਸਤੀਫੇ ਦੀ ਮੰਗ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਵਿਧਾਇਕ ਰਾਣਾ ਗੁਰਮੀਤ ਸੋਢੀ ਤੇ ਕੁਝ ਹੋਰਨਾ ਨੇਤਾ ਬਾਜਵਾ ਦੇ ਖਿਲਾਫ ਮੀਡੀਆ ‘ਚ ਬਿਆਨ ਜਾਰੀ ਕਰ ਚੁੱਕੇ ਹਨ। ਜਿਕਰਯੋਗ ਹੈ ਕਿ ਅਮ੍ਰਿਤਸਰ ਤੋਂ ਚੋਣ ਜਿੱਤਣ ਮਗਰੋਂ ਬੀਤੀ ਰਾਤ ਕੈ. ਅਮਰਿੰਦਰ ਸਿੰਘ ਚੰਡੀਗੜ੍ਹ ਪੁੱਜੇ ਸਨ। ਉਨ੍ਹਾਂ ਨੇ ਆਪਣੇ ਸਮਰਥਕ ਨੇਤਾਵਾਂ ਦੇ ਨਾਲ ਇਕ ਬੈਠਕ ਵੀ ਕੀਤੀ। ਉਹ ਅੱਜ ਚੰਡੀਗੜ੍ਹ ਤੋਂ ਦਿੱਲੀ ਵਲ ਰਵਾਨਾ ਹੋਏ ਹਨ। ਚਰਚਾ ਹੈ ਕਿ ਉਹ ਉਥੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਕੇ ਇਥੇ ਆਪਣੀ ਜਿੱਤ ਦੇ ਬਾਰੇ ਜਾਣਕਾਰੀ ਦੇਣਗੇ, ਉਥੇ ਹੀ ਕਾਂਗਰਸ ਦੀ ਜਿਆਦਾਤਰ ਸੀਟਾਂ ‘ਤੇ ਹੋਈ ਹਾਰ ਦੇ ਸੰਬੰਧ  ‘ਚ ਵੀ ਦਸੱਣਗੇ। ਪਰ ਸੂਬਾ ਕਾਂਗਰਸ ਪ੍ਰਧਾਨ ਬਾਜਵਾ ਹਾਲੇ ਵੀ ਚੁੱਪੀ ਧਾਰੇ ਹੋਏ ਹਨ। ਬੇਸ਼ਕ ਉਹ ਇਨਾਂ ਨੇਤਾਵਾਂ ਦੀ ਬਿਆਨਬਾਜੀ ਦੇ ਬਾਰੇ ‘ਚ ਕੋਈ ਵੀ ਟਿਪੱਣੀ ਕਰਨ ਲਈ ਤਿਆਰ ਨਹੀਂ ਹਨ, ਪਰ ਪਤਾ ਲਗਾ ਹੈ ਕਿ ਉਹ ਵੀ ਆਪਣੇ ਸਮਰਥਕ ਨੇਤਾਵਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਵਿਰੋਧੀਆਂ ਦੇ ਮੁਕਾਬਲੇ ਦੀ ਰਣਨੀਤੀ ਤਿਆਰ ਕਰ ਰਹੇ ਹਨ। ਇਸ ਨਾਲ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ ‘ਚ ਇਕ ਵਾਰ ਮੁੜ ਪਾਰਟੀ ਦੀ ਗੁਟਬੰਦੀ ਖੁਲ ਕੇ ਸਾਹਮਣੇ ਆ ਸਕਦੀ ਹੈ।  ਜਿਕਰਯੋਗ ਹੈ ਕਿ ਕੈ. ਅਮਰਿੰਦਰ ਸਿੰਘ ਨੂੰ ਛੱਡ ਕੇ ਪਾਰਟੀ ਦੇ ਦੂਜੇ ਦਿਗੱਜ ਚੋਣਾਂ ਹਾਰ ਗਏ ਹਨ, ਜਿਨਾਂ ‘ਚ ਖੁਦ ਬਾਜਵਾ ਤੇ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਵੀ ਸ਼ਾਮਲ ਹਨ। ਚੋਣ ਹਾਰਨ ਵਾਲੇ ਕਾਂਗਰਸ ਦੇ ਕਈ ਉਮੀਦਵਾਰ ਵੀ ਵੱਡੇ ਨੇਤਾਵਾਂ ‘ਤੇ ਉਨ੍ਹਾਂ ਦੀ ਮੁਹਿੰਮ ਨੂੰ ਨਜਰਅੰਦਾਜ ਕਰਨ ਦੀ ਗਲ ਕਹਿ ਰਹੇ ਹਨ। ਅੱਜ ਬਾਜਵਾ ਦੇ ਅਸਤੀਫੇ ਦੀ ਮੰਗ ਦਾ ਬਿਆਨ ਜਾਰੀ ਕਰਨ ਵਾਲਿਆਂ ‘ਚ ਪਾਰਟੀ ਦੇ ਉਪ ਪ੍ਰਧਾਨ ਤੇ ਵਿਧਾਇਕ ਕੇਵਲ ਢਿਲੋਂ, ਓ.ਪੀ.ਸੋਨੀ, ਡਾ. ਰਾਜਕੁਮਾਰ ਵੇਰਕਾ, ਹਰਚੰਦ ਕੌਰ, ਰਮਨਜੀਤ ਸਿੰਘ ਸਿੱਕੀ, ਮੋਹਮੰਦ ਸੱਦੀਕ, ਗੁਰਇਕਬਾਲ ਕੌਰ, ਹਰਦਿਆਲ ਕੰਬੋਜ, ਅਜਾਇਬ ਸਿੰਘ ਭੱਟੀ, ਸਾਬਕਾ ਮੰਤਰੀ ਅਵਤਾਰ ਹੈਨਰੀ, ਸਾਬਕਾ ਵਿਧਾਇਕ ਰਾਣਾ ਗੁਰਜੀਤ, ਗੁਰਪ੍ਰੀਤ ਸਿੰਘ ਕਾਂਗੜ, ਲਵਕੁਮਾਰ ਗੋਲਡੀ, ਰਣਜੀਤ ਸਿੰਘ ਛੱਜਲਵੜੀ, ਮਖੱਣ ਸਿੰਘ, ਸ਼ੇਰ ਸਿੰਘ ਗਾਗੋਵਾਲ, ਸੁਰਜੀਤ ਸਿੰਘ ਧੀਮਾਨ, ਰਮਨ ਭੱਲਾ, ਡਾ. ਅਗਨੀਹੋਤਰੀ ਸ਼ਾਮਲ ਹਨ। ਇਨਾਂ ਨੇਤਾਵਾਂ ਨੇ ਜਾਰੀ ਸਾਂਝੇ ਬਿਆਨ ‘ਚ ਕਿਹਾ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਲੋਕਸਭਾ ਚੋਣਾਂ ‘ਚ ਮਾੜੀ ਕਾਰਗੁਜਾਰੀ ਦੇ ਲਈ ਨੈਤਿਕ ਆਧਾਰ ‘ਤੇ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਵਿਆਪਕ ਪੱਧਰ ‘ਤੇ ਸੱਤਾਵਿਰੋਧੀ ਲਹਿਰ ਹੋਣ ਦੇ ਬਾਅਦ ਵੀ ਪਾਰਟੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿਰਫ ਤਿੰਨ ਉਮੀਦਵਾਰ ਹੀ ਜਿੱਤ ਸਕੇ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਨਾਲ ਪਾਰਟੀ ਵਰਕਰਾਂ ਦਾ ਹੌਂਸਲਾ ਡਿਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮੁੜ ਤੋਂ ਪਾਰਟੀ ਦੀ ਪ੍ਰਧਾਨਗੀ ਕੈ. ਅਮਰਿੰਦਰ ਸਿੰਘ ਨੂੰ ਸੌਂਪੀ ਜਾਣੀ ਚਾਹੀਦੀ ਜੋ ਕਿ ਇਕ ਜਨਾਧਾਰ ਵਾਲੇ ਮਜਬੂਤ ਨੇਤਾ ਹਨ। ਇਸ ਤੋਂ ਪਹਿਲਾਂ ਬਾਜਵਾ ਦੀ ਪ੍ਰਧਾਨਗੀ ਦੇ ਚਲਦੇ ਕਈ ਸੀਨੀਅਰ ਨੇਤਾ ਪਿਛਲੇ ਦਿਨੀਂ ਪਾਰਟੀ ਨੂੰ ਛੱਡ ਕੇ ਅਕਾਲੀ ਦਲ ‘ਚ ਜਾ ਚੁੱਕੇ ਹਨ। ਇਨਾਂ ਲੋਕਸਭਾ ਚੋਣਾਂ ‘ਚ ਪਾਰਟੀ ਦਾ ਵੋਟ ਪ੍ਰਤੀਸ਼ਤ ਵੀ ਡਿਗ ਕੇ 32 ਫੀਸਦੀ ਹੋ ਗਿਆ ਹੈ। ਜੋ ਕਿ 2012 ਦੀਆਂ ਚੋਣਾਂ ‘ਚ 42 ਫੀਸਦੀ ਸੀ। ਕਿਹਾ ਗਿਆ ਹੈ ਕਿ ਖੁਦ ਪਾਰਟੀ ਪ੍ਰਧਾਨ ਬਾਵਜਾ ਵੀ 1 ਲੱਖ 36 ਹਜਾਰ ਦੇ ਭਾਰੀ ਵੋਟਾਂ ਦੇ ਅੰਤਰ ਨਾਲ ਹਾਰੇ ਹਨ ਅਤੇ ਖੇਤਰ ‘ਚ ਪੈਂਦੇ ਜਿਆਦਾਤਰ ਵਿਧਾਨਸਭਾ ਹਲਕਿਆਂ ‘ਚ ਵੀ ਉਹ ਬੜਤ ਬਰਕਰਾਰ ਨਹੀਂ ਰੱਖ ਸਕੇ, ਜਿਨਾਂ ‘ਚ ਉਨ੍ਹਾਂ ਦੀ ਵਿਧਾਇਕਾ ਪਤਨੀ ਦਾ ਹਲਕਾ ਕਾਦੀਆਂ ਵੀ ਪੈਂਦਾ ਹੈ।

468 ad