ਬਲਾਤਕਾਰੀ ਸਾਧ ਦੇ ਅਦਾਲਤੀ ਵਰਤਾਰੇ ਦੌਰਾਨ ਮਾਰੇ ਗਏ ਪਰਿਵਾਰਾਂ ਦਾ ਕੋਈ ਕਸੂਰ ਨਹੀਂ, ਉਨ੍ਹਾਂ ਨੂੰ ਬਣਦਾ ਮੁਆਵਜਾ ਮਿਲੇ ਤੇ ਸਿੱਖੀ ਵਿਚ ਵਾਪਸ ਸ਼ਾਮਿਲ ਹੋਣ : ਮਾਨ

ਫ਼ਤਹਿਗੜ੍ਹ ਸਾਹਿਬ, 29 ਅਗਸਤ (ਪੀ ਡੀ ਬਿਊਰੋ ) “ਪੰਜਾਬ-ਹਰਿਆਣਾ ਹਾਈਕੋਰਟ ਨੇ ਅਤੇ ਸੀæਬੀæਆਈæ ਦੀ ਕੋਰਟ ਨੇ ਜੋ ਬਲਾਤਕਾਰੀ ਸਾਧ ਸੰਬੰਧੀ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਉਪਰੋਕਤ ਸਾਧ ਦਾ ਆਪਣੇ ਸਰਧਾਲੂ ਬੀਬੀਆਂ ਨਾਲ ਵਰਤਾਰਾ ਜਾਨਵਰਾਂ ਵਾਲਾ ਰਿਹਾ ਹੈ । ਜੋ ਸਰਧਾਲੂ ਅਤੇ ਲੋਕ ਉਸਦੇ ਗੁੰਮਰਾਹਕੁੰਨ ਜਾਲ ਵਿਚ ਫਸਕੇ, ਉਸ ਨੂੰ ਰੱਬ ਮੰਨਕੇ ਮਗਰ ਲੱਗੇ ਹੋਏ ਸਨ, ਇਹ ਉਸ ਸਾਧ ਦੇ ਮੁਖੋਟੇ ਉਤੇ ਚੜਾਏ ਧਾਰਮਿਕ ਨਕਾਬ ਦੀ ਬਦੌਲਤ ਐਨੀ ਵੱਡੀ ਗਿਣਤੀ ਵਿਚ ਲੋਕ ਸਰਧਾਲੂ ਬਣ ਗਏ ਸਨ । ਜੇਕਰ ਪੰਚਕੂਲਾਂ ਦੀ ਸੀæਬੀæਆਈæ ਦੀ ਅਦਾਲਤ ਦੇ ਫੈਸਲੇ ਸਮੇਂ ਉਸਦੇ ਸਰਧਾਲੂ ਜ਼ਜਬਾਤਾਂ ਦੇ ਵਹਿਣ ਵਿਚ ਵਹਿਕੇ ਗੈਰ-ਕਾਨੂੰਨੀ ਕਾਰਵਾਈਆਂ ਕਰਨ ਲਈ ਉਤਸਾਹਿਤ ਹੋਏ ਹਨ ਅਤੇ ਮੌਤ ਦੇ ਮੂੰਹ ਵਿਚ ਗਏ ਹਨ, ਉਨ੍ਹਾਂ ਦਾ ਕੋਈ ਕਸੂਰ ਨਹੀਂ । ਉਹ ਸੱਚਾਈ ਸਾਹਮਣੇ ਆਉਣ ਤੋਂ ਪਹਿਲੇ ਬਲਾਤਕਾਰੀ ਸਾਧ ਨੂੰ ਆਪਣੇ ਪਿਤਾ ਤੇ ਗੁਰੂ ਸਮਾਨ ਸਮਝਦੇ ਸਨ । ਇਹੀ ਕਿਹਾ ਜਾ ਸਕਦਾ ਹੈ ਕਿ ਇਸ ਬਲਾਤਕਾਰੀ ਸਾਧ ਨੇ ਬਹੁਤ ਹੀ ਸਹਿਜ ਤਰੀਕੇ ਆਪਣੇ ਸਰਧਾਲੂਆਂ ਨੂੰ ਗੁੰਮਰਾਹ ਕੀਤਾ ਹੋਇਆ ਸੀ । ਇਸ ਲਈ ਜੇਕਰ ਵੱਡੀ ਗਿਣਤੀ ਵਿਚ ਸਰਧਾਲੂ ਮੌਤ ਦੇ ਮੂੰਹ ਵਿਚ ਗਏ ਹਨ ਜਾਂ ਫੱਟੜ ਹੋਏ ਹਨ, ਤਾਂ ਉਨ੍ਹਾਂ ਪਰਿਵਾਰਾਂ ਨੂੰ ਜਿਥੇ ਬਣਦਾ ਮੁਆਵਜ਼ਾਂ ਮਿਲਣਾ ਚਾਹੀਦਾ ਹੈ, ਉਥੇ ਵੱਡੀ ਗਿਣਤੀ ਵਿਚ ਜੋ ਸਿੱਖ ਪਰਿਵਾਰ ਗੁੰਮਰਾਹ ਹੋ ਕੇ ਉਸਦੇ ਚੇਲ੍ਹੇ ਬਣੇ ਸਨ, ਉਨ੍ਹਾਂ ਨੂੰ ਹੁਣ ਦਲੀਲ ਤੇ ਅਪੀਲ ਰਾਹੀ ਸੱਚ ਤੋਂ ਜਾਣੂ ਕਰਵਾਉਦੇ ਹੋਏ ਸਿੱਖ ਧਰਮ ਵਿਚ ਫਿਰ ਤੋਂ ਵਾਪਸ ਲਿਆਉਣ ਅਤੇ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਭੋਗ ਰਸਮ ਗੁਰੂਘਰਾਂ ਵਿਚ ਪ੍ਰਬੰਧ ਕਰਨ ਦਾ ਉਦਮ ਸਮੂਹਿਕ ਤੌਰ ਤੇ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁੰਮਰਾਹ ਹੋਏ ਸਰਧਾਲੂਆਂ ਦੇ ਮਾਰੇ ਜਾਣ ਜਾਂ ਫੱਟੜ ਹੋਣ ਤੇ ਉਨ੍ਹਾਂ ਨੂੰ ਵੀ ਬਣਦਾ ਮੁਆਵਜਾ ਮਿਲਣ ਅਤੇ ਉਨ੍ਹਾਂ ਸਿੱਖ ਪਰਿਵਾਰਾਂ ਨੂੰ ਸਿੱਖ ਧਰਮ ਵਿਚ ਵਾਪਸ ਲਿਆਉਣ ਦੀ ਸੋਚ ਨੂੰ ਉਜਾਗਰ ਕਰਦੇ ਹੋਏ ਅਤੇ ਮ੍ਰਿਤਕਾਂ ਦੇ ਭੋਗ ਗੁਰੂਘਰਾਂ ਵਿਚ ਪਾਉਣ ਦਾ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਸ਼ਮਸ਼ੇਰ ਸਿੰਘ ਦੁੱਲੋ, ਬੀਬੀ ਰਜਿੰਦਰ ਕੌਰ ਭੱਠਲ, ਆਮ ਆਦਮੀ ਪਾਰਟੀ ਦੇ ਸ੍ਰੀ ਕੇਜਰੀਵਾਲ, ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਸ੍ਰੀ ਮੋਦੀ, ਸ੍ਰੀ ਅਨਿਲ ਵਿੱਜ ਆਦਿ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਾਦਲ ਦਲੀਆਂ ਦੇ ਆਗੂ ਵੋਟਾਂ ਲਈ ਉਸ ਬਲਾਤਕਾਰੀ ਸਾਧ ਦੇ ਪੈਰਾਂ ਵਿਚ ਜਾ ਕੇ ਬੈਠਦੇ ਸਨ ਅਤੇ ਮੱਥੇ ਰਗੜਦੇ ਸਨ । ਇਨ੍ਹਾਂ ਸਿਆਸਤਦਾਨਾਂ ਅਤੇ ਵੱਡੇ ਅਫ਼ਸਰਾਂ ਦੇ ਸਿਰਸੇ ਡੇਰੇ ਵਿਚ ਲੱਗੀਆਂ ਲਾਈਨਾਂ ਦੀ ਬਦੌਲਤ ਹੀ ਗਰੀਬ ਪ੍ਰੇਮੀ ਗੁੰਮਰਾਹ ਹੋ ਕੇ ਇਸ ਡੇਰੇ ਨਾਲ ਜੁੜਨ ਦਾ ਕਾਰਨ ਬਣੇ ਹਨ । ਜਦੋਂਕਿ ਇਹ ਸਿਆਸਤਦਾਨ ਤਾਂ ਖੁਦ ਉਥੇ ਭੀਖ ਮੰਗਣ ਜਾਂਦੇ ਸਨ । ਸ਼ ਮਾਨ ਨੇ ਅੱਜ ਅਖ਼ਬਾਰਾਂ ਵਿਚ ਸ਼ ਸੁਖਬੀਰ ਸਿੰਘ ਬਾਦਲ ਵੱਲੋਂ ਆਏ ਉਸ ਬਿਆਨ ਕਿ ਸੀ.ਬੀ.ਆਈ. ਦੀ ਅਦਾਲਤ ਨੇ ਠੀਕ ਫੈਸਲਾ ਕੀਤਾ ਹੈ, ਵੀ ਗਿਰਗਿਟ ਵਾਂਗ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਰੰਗ ਬਦਲਣ ਵਾਲੀ ਗੱਲ ਕੀਤੀ ਹੈ । ਜਦੋਂਕਿ 24 ਅਤੇ 25 ਅਗਸਤ ਨੂੰ ਜਦੋਂ ਬਲਾਤਕਾਰੀ ਸਾਧ ਨੇ ਅਦਾਲਤ ਵਿਚ ਪੇਸ਼ ਹੋਣਾ ਸੀ, ਤਾਂ ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਚਟਾਂਨ ਵਾਂਗ ਬਲਾਤਕਾਰੀ ਸਾਧ ਦੇ ਨਾਲ ਖੜ੍ਹੇ ਹਾਂ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਦਲ ਦਲ ਬੀਜੇਪੀ ਦੀ ਅਤੇ ਆਰæਐਸ਼ਐਸ਼ ਦੀ ਸੈਂਟਰ ਸਰਕਾਰ ਦੇ ਭਾਈਵਾਲ ਹਨ ਅਤੇ ਸੈਂਟਰ ਦੀ ਕੈਬਨਿਟ ਵਿਚ ਹਰਸਿਮਰਤ ਕੌਰ ਬਾਦਲ ਵਜ਼ੀਰ ਹੈ । ਇਹ ਵੀ ਦੱਸਿਆ ਜਾਂਦਾ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਵਿਚ ਲੈਕੇ ਸਿੱਖ ਕੌਮ ਨੂੰ ਨੁਮਾਇੰਦਗੀ ਦਿੱਤੀ ਹੋਈ ਹੈ । ਹੁਣ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਵਿਦੇਸ਼ੀ ਦੌਰੇ ਤੇ ਹਨ ਤਾਂ ਬਾਹਰਲੇ ਮੁਲਕਾਂ ਦੀ ਪ੍ਰੈਸ ਅਤੇ ਸਿਆਸਤਦਾਨ ਬੀਬੀ ਨੂੰ ਪੁੱਛਣਗੇ ਕਿ ਜਿਸ ਬਲਾਤਕਾਰੀ ਸਾਧ ਨੇ ਬੀਬੀਆਂ ਨਾਲ ਜ਼ਬਰ-ਜੁਲਮ ਕੀਤੇ ਹਨ, ਜਿਸ ਨੇ ਆਪਣੀ ਮੂੰਹ ਬੋਲੀ ਬਣਾਈ ਧੀ ਹਨੀਪ੍ਰੀਤ ਨਾਲ ਸਰੀਰਕ ਸੰਬੰਧ ਬਣਾਏ ਹੋਏ ਹਨ ਅਤੇ ਇਸ ਹਨੀਪ੍ਰੀਤ ਦੇ ਸਾਬਕਾ ਪਤੀ ਕਹਿ ਰਹੇ ਹਨ ਬਾਬੇ ਨੇ ਹਨੀਪ੍ਰੀਤ ਨੂੰ ਰਖੇਲ ਬਣਾਕੇ ਰੱਖਿਆ ਹੋਇਆ ਹੈ ਤਾਂ ਅਜਿਹੀ ਬਲਾਤਕਾਰੀ ਸਾਧ ਦੀ ਜਾਨਵਰ ਪ੍ਰਕਿਰਤੀ ਬਾਰੇ ਬੀਬੀ ਹਰਸਿਮਰਤ ਕੌਰ ਬਾਦਲ ਬਾਹਰਲੀ ਪ੍ਰੈਸ ਨੂੰ ਕੀ ਜੁਆਬ ਦੇਵੇਗੀ ?
ਸ਼ ਮਾਨ ਨੇ ਕਿਹਾ ਕਿ ਦੁਨੀਆਂ ਦੇ ਹਰਮਨ ਪਿਆਰੇ ਅਤੇ ਮਸ਼ਹੂਰ ਇਤਿਹਾਸਕਾਰ ਸ੍ਰੀ ਅਰਨਾਲਡ ਟਾਈਨਬੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਕਾਰਲ ਮਾਰਕਸ ਨੇ ਆਪਣੇ ਸਿਧਾਂਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈਕੇ ਹੀ ਆਪਣੇ ਸੰਘਰਸ਼ ਸੁਰੂ ਕੀਤਾ ਸੀ । ਇਸ ਲਈ ਜੇਕਰ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਸੋਚ ਦੀ ਗੱਲ ਕਰਦੇ ਹਨ ਤਦ ਹੀ ਵੱਡੇ ਇਤਿਹਾਸਕਾਰਾਂ ਅਤੇ ਸੰਘਰਸ਼ਸੀਲ ਮਾਰਕਸ ਵਰਗੇ ਆਗੂਆਂ ਨੇ ਇਸ ਤੋਂ ਅਗਵਾਈ ਲਈ । ਇਸ ਲਈ ਜਦੋਂ ਹੁਣ ਬਲਾਤਕਾਰੀ ਅਤੇ ਕਾਤਲ ਸਾਧ ਦੇ ਮੁਖੋਟੇ ਉਤੇ ਚੜਾਏ ਨਕਾਬ ਦਾ ਪਰਦਾ ਲਹਿ ਗਿਆ ਹੈ ਅਤੇ ਦੁਨੀਆਂ ਸਾਹਮਣੇ ਸਿਰਸੇ ਡੇਰੇ ਦੇ ਮੁੱਖੀ ਅਤੇ ਡੇਰੇ ਦਾ ਸੱਚ ਸਾਹਮਣੇ ਆ ਗਿਆ ਹੈ ਤਾਂ ਹੁਣ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਸਿੱਖ ਧਾਰਮਿਕ ਅਤੇ ਸਿਆਸੀ ਸੰਗਠਨਾਂ ਦਾ ਇਹ ਕੌਮੀ ਤੇ ਇਖ਼ਲਾਕੀ ਫਰਜ ਬਣ ਜਾਂਦਾ ਹੈ ਕਿ ਜੋ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸਿੱਖ ਗੁੰਮਰਾਹ ਹੋ ਕੇ ਡੇਰੇ ਸਿਰਸੇ ਦੇ ਪਾਖੰਡ ਨਾਲ ਜੁੜ ਗਏ ਸਨ, ਉਨ੍ਹਾਂ ਨੂੰ ਸਤਿਕਾਰ ਸਹਿਤ ਫਿਰ ਤੋਂ ਸਿੱਖ ਧਰਮ ਵਿਚ ਸ਼ਾਮਿਲ ਕਰਨ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇ ਅਤੇ ਸਮੁੱਚੀ ਸਿੱਖ ਕੌਮ ਨੂੰ ਅਜੇ ਵੀ ਪੰਜਾਬ ਅਤੇ ਹੋਰ ਦੂਸਰੇ ਸੂਬਿਆਂ ਵਿਚ ਚੱਲ ਰਹੇ ਅਜਿਹੇ ਗੁੰਮਰਾਹਕੁੰਨ ਡੇਰਿਆਂ ਦੇ ਚੁੰਗਲ ਵਿਚੋਂ ਜਨਤਾ ਨੂੰ ਕੱਢਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਜਾਵੇ ਤਾਂ ਜੋ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਅਤੇ ਸਮੁੱਚੇ ਭਾਰਤ ਵਿਚ ਮਨੁੱਖਤਾ ਤੇ ਇਨਸਾਨੀਅਤ ਪੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਰੱਖਦੇ ਹੋਏ ਸਿੱਖ ਕੌਮ ਸਮੁੱਚੀ ਮਨੁੱਖਤਾ ਲਈ ਅਗਵਾਈ ਕਰਨ ਦੇ ਸਮਰੱਥ ਬਣੀ ਰਹੇ ।

468 ad

Submit a Comment

Your email address will not be published. Required fields are marked *