ਬਲਕਾਰ ਸਿੱਧੂ ਅਤੇ ਪ੍ਰੋ. ਬਲਜਿੰਦਰ ਕੌਰ ਦੇ ਸਮਰਥਕ ਆਪਸ ‘ਚ ਉਲਝੇ

ਬਲਕਾਰ ਸਿੱਧੂ ਅਤੇ ਪ੍ਰੋ. ਬਲਜਿੰਦਰ ਕੌਰ ਦੇ ਸਮਰਥਕ ਆਪਸ 'ਚ ਉਲਝੇ

21 ਅਗਸਤ ਨੂੰ ਹੋਣ ਜਾ ਰਹੀ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਆਜ਼ਾਦ ਤੌਰ ‘ਤੇ ਚੋਣ ਲੜ ਰਹੇ ਬਲਕਾਰ ਸਿੱਧੂ ਅਤੇ ਆਮ ਆਦਮੀ ਪਾਰਟੀ ਵਿਚ ਲਗਤਾਰ ਵਿਵਾਦ ਵਧਦਾ ਜਾ ਰਿਹਾ ਹੈ। ਦੋਵੇਂ ਪਾਰਟੀਆਂ ਵਲੋਂ ਇਕ ਦੂਜੇ ‘ਤੇ ਦੂਸ਼ਣਬਾਜ਼ੀ ਤੇਜ਼ ਹੁੰਦੀ ਜਾ ਰਹੀ ਹੈ। ਅੱਜ ਦੋਵੇਂ ਧਿਰਾਂ ਵਿਚ ਉਸ ਸਮੇਂ ਤਕਰਾਰਬਾਜ਼ੀ ਵਧ ਗਈ ਜਦੋਂ ਆਮ ਆਦਮੀ ਪਾਰਟੀ ਵਲੋਂ ਬਲਕਾਰ ਸਿੱਧੂ ਦੇ ਖਿਲਾਫ ਇਕ ਵਿਅਕਤੀ ਨੂੰ ਪੇਸ਼ ਕਰਨ ਲਈ ਰੱਖੀ ਪ੍ਰੈੱਸ ਕਾਨਫਰੰਸ ਵਿਚ ਬਲਕਾਰ ਸਿੱਧੂ ਦੇ ਸਮਰਥਕਾਂ ਸਮੇਤ ਬਲਕਾਰ ਸਿੱਧੂ ਦੀ ਮਾਤਾ ਵੀ ਉੱਥੇ ਪੁੱਜ ਗਏ ਤੇ ਉਥੇ ਉਸ ਵਿਅਕਤੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਦੋਵਾਂ ਧਿਰਾਂ ਵਿਚ ਹੱਥੋ-ਪਾਈ ਵੀ ਹੋ ਗਈ । ਭਾਵੇਂ ਕਿ ਮੌਕੇ ‘ਤੇ ਪੁਲਸ ਨੇ ਪੁੱਜ ਕੇ ਦੋਵੇਂ ਧਿਰਾਂ ਨੂੰ ਅਲੱਗ ਅਲੱਗ ਕੀਤਾ ਤੇ ਮਾਮਲਾ ਸ਼ਾਂਤ 
ਕਰਵਾ ਦਿੱਤਾ।
ਬੀਤੇ ਕੁਝ ਦਿਨ ਪਹਿਲਾਂ ਬਲਕਾਰ ਸਿੱਧੂ ਵਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਜਿੱਥੇ ਉਨ੍ਹਾਂ ਉੱਪਰ ਲਗਾਏ ਗਏ ਉਕਤ ਇਲਜ਼ਾਮਾਂ ਸਬੰਧੀ ਸਬੂਤ ਮੰਗੇ ਗਏ ਸਨ, ਉੱਥੇ ਅੱਜ ਜਵਾਬ ਦੇਣ ਲਈ ਪੰਜਾਬ ਦੇ ਸਿਆਸੀ ਮਾਮਲਿਆਂ ਸਬੰਧੀ ਇੰਚਾਰਜ ਜਰਨੈਲ ਸਿੰਘ, ਹਿੰਮਤ ਸਿੰਘ ਅਤੇ ਗੁਰਭਗਤ ਸਿੰਘ ਵਲੋਂ ਕੀਤੀ ਗਈ ਕਾਨਫਰੰਸ ਦੌਰਾਨ ਪਿੰਡ ਪੂਹਲਾ ਦੇ ਇਕ ਵਿਅਕਤੀ ਹਰਬੰਸ ਸਿੰਘ ਨੂੰ ਪ੍ਰੈੱਸ ਸਾਹਮਣੇ ਪੇਸ਼ ਕਰਕੇ ਬਲਕਾਰ ਸਿੱਧੂ ਵਲੋਂ ਕੀਤੀ ਗਈ ਕਥਿਤ ਕਬੂਤਰਬਾਜ਼ੀ ਸਬੰਧੀ ਵਿਸਥਾਰ ਰੂਪ ਵਿਚ ਸਪੱਸ਼ਟ ਕੀਤਾ ਗਿਆ ਕਿ ਕਿਸ ਤਰ੍ਹਾਂ ਉਹ ਪਿੰਡ ਪੂਹਲਾ ਦੀ ਲੜਕੀ ਨੂੰ ਕੈਨੇਡਾ ਭੇਜਣ ਮੌਕੇ ਉਸ ਵਲੋਂ ਕੀ-ਕੀ ਕਾਰਜ ਕੀਤੇ ਗਏ ਅਤੇ ਕਿਵੇਂ ਉਸ ਲੜਕੀ ਨੂੰ ਗਲਤ ਢੰਗ-ਤਰੀਕੇ ਨਾਲ ਕੈਨੇਡਾ ਪਹੁੰਚਾਇਆ ਗਿਆ ।  ਪ੍ਰੈੱਸ ਕਾਨਫਰੰਸ ਦੌਰਾਨ ਜਰਨੈਲ ਸਿੰਘ ਨੇ ਸਪੱਸ਼ਟ ਕੀਤਾ ਕਿ ਬਲਕਾਰ ਸਿੱਧੂ ‘ਤੇ ਨਾ ਤਾਂ ਆਮ ਆਦਮੀ ਪਾਰਟੀ ਨੇ ਦੋਸ਼ ਲਗਾਏ ਹਨ ਤੇ ਨਾ ਹੀ ਪਾਰਟੀ ਨਾਲ ਸਬੰਧਿਤ ਕਿਸੇ ਆਗੂ ਵਲੋਂ ਅਜਿਹਾ ਕੀਤਾ ਗਿਆ ਹੈ ।ਜਿਸ ਤਰ੍ਹਾਂ ਦੇ ਦੋਸ਼ ਬਲਕਾਰ ਸਿੱਧੂ ‘ਤੇ ਲੱਗੇ ਹਨ ਉਹ ਕੈਨੇਡਾ ਰਹਿੰਦੀ ਲੜਕੀ ਨੇ ਖੁਦ ਪ੍ਰਸ਼ਾਂਤ ਭੂਸ਼ਣ ਨੂੰ ਉਸ ਨਾਲ ਬੀਤੀ ਦਰਦ ਕਹਾਣੀ ਦੱਸੀ ਸੀ ਤੇ ਪ੍ਰਸ਼ਾਂਤ ਭੂਸ਼ਣ ਨੇ ਉੱਥੇ (ਕੈਨੇਡਾ) ਮੌਜੂਦ ਆਪਣੇ ਸੂਤਰਾਂ ਤੋਂ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਹੀ ਟਿਕਟ ਕੱਟਣ ਦਾ ਫੈਸਲਾ ਲਿਆ ਗਿਆ ਕਿਉਂਕਿ ਲੜਕੀ ਵਲੋਂ ਸੁਣਾਈ ਗਈ ਹੱਡ-ਬੀਤੀ ਤੋਂ ਇਹ ਸਿੱਧ ਹੁੰਦਾ ਹੈ ਕਿ ਬਲਕਾਰ ਸਿੱਧੂ ਉਕਤ ਮਾਮਲੇ ਵਿਚ ਕਥਿਤ ਦੋਸ਼ੀ ਹੈ । 
ਉਨ੍ਹਾਂ ਕਿਹਾ ਕਿ ਬਲਕਾਰ ਸਿੱਧੂ ਬੌਖਲਾਹਟ ਵਿਚ ਆ ਚੁੱਕਾ ਹੈ ਤੇ ਉਹ ਪਾਰਟੀ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਚੋਣ ਮੈਦਾਨ ਵਿਚ ਉੱਤਰ ਕੇ ਸਰਮਾਏਦਾਰ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਿਚ ਲੱਗਿਆ ਹੋਇਆ ਹੈ । 
ਜ਼ਿਕਰਯੋਗ ਹੈ ਕਿ ਜਦ ਆਮ ਆਦਮੀ ਪਾਰਟੀ ਦੇ ਆਗੂ ਇਕ ਨਿੱਜੀ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਬਲਕਾਰ ਸਿੱਧੂ ਦੇ ਕੁਝ ਸਮਰਥਕ ਪ੍ਰੈੱਸ ਕਾਨਫਰੰਸ ਵਾਲੀ ਥਾਂ ‘ਤੇ ਪਹੁੰਚ ਗਏ ਤੇ ਉਨ੍ਹਾਂ ਜਰਨੈਲ ਸਿੰਘ ਤੇ ਹੋਰ ਆਗੂਆਂ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਜਬਰੀ ਉਸ ਕਮਰੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ। ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੇ ਕੁਝ ਸਮੇਂ ਬਾਅਦ ਉੱਥੇ ਪੁੱਜੀ ਪੁਲਸ ਨੇ ਬਲਕਾਰ ਸਿੱਧੂ ਦੇ ਸਮਰਥਕਾਂ ਨੂੰ ਉੱਥੋਂ ਦੂਰ ਕਰ ਦਿੱਤਾ । ਮੌਕੇ ‘ਤੇ ਮਲਕੀਤ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਪੁੱਜ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ।  ਇਸ ਉਪਰੰਤ ਬਲਕਾਰ ਸਿੱਧੂ ਨੇ ਆਪਣੇ ਚੋਣ ਦਫ਼ਤਰ ਵਿਚ ਰੱਖੀ ਪ੍ਰੈੱਸ ਕਾਨਫਰੰਸ ਵਿਚ ਪਿੰਡ ਪੂਹਲਾ ਦੇ ਕੁਝ ਵਿਅਕਤੀਆਂ, ਜਿਨ੍ਹਾਂ ਵਿਚ ਸਾਬਕਾ ਸਰਪੰਚ ਰਣਜੀਤ ਸਿੰਘ, ਮਹਿੰਦਰ ਸਿੰਘ ਅਤੇ ਹੋਰ ਔਰਤਾਂ ਸ਼ਾਮਲ ਸਨ, ਨੇ ਕਿਹਾ ਕਿ ਉਨ੍ਹਾਂ ਵਲੋਂ ਉਸ ‘ਤੇ ਲਗਾਏ ਜਾ ਰਹੇ ਦੋਸ਼ ਬਿਲਕੁੱਲ ਬੇ-ਬੁਨਿਆਦ ਹਨ ਤੇ ਜਿਹੜਾ ਵਿਅਕਤੀ ਇਹ ਕਹਿ ਰਿਹਾ ਹੈ ਉਹ ਨਾ ਹੀ ਲੜਕੀ ਦਾ ਕੋਈ ਰਿਸ਼ਤੇਦਾਰ ਹੈ ਤੇ ਨਾ ਹੀ ਕੋਈ ਪਿੰਡ ਨਾਲ ਉਸ ਦੀ ਸਾਂਝ ਹੈ । ਉਨ੍ਹਾਂ ਕਿਹਾ ਕਿ ਜਾਂ ਤਾਂ ਆਮ ਆਦਮੀ ਪਾਰਟੀ ਦੇ ਆਗੂ ਇਸ ਸਬੰਧੀ ਪੁਖਤਾ ਸਬੂਤ ਦੇਣ ਨਹੀਂ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ ।

468 ad