ਬਰਾੜ ਅਤੇ ਬੀਰਦਵਿੰਦਰ ਲਈ ਕੀ ਅਕਾਲੀ ਦਲ ਖੋਲ੍ਹੇਗਾ ਆਪਣੇ ਦਰਵਾਜ਼ੇ!

6

ਲੁਧਿਆਣਾ , 3 ਮਈ ( ਜਗਦੀਸ਼ ਬਾਮਬਾ  )  ਕਾਂਗਰਸ ਪਾਰਟੀ ‘ਚੋਂ ਪਿਛਲੇ ਮਹੀਨੇ ਬਰਖਾਸਤ ਕੀਤੇ ਗਏ ਸਾਬਕਾ ਮੰਤਰੀ ਜਗਮੀਤ ਸਿੰਘ ਬਰਾੜ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਇਕ ਕਾਬਲ ਤਜਰਬੇਕਾਰ ਬੁਲਾਰੇ ਤੋਂ ਇਲਾਵਾ ਧਾਰਮਿਕ ਅਤੇ ਰਾਜਨੀਤੀ ਦੀ ਵੱਡੀ ਸੂਝ-ਬੂਝ ਰੱਖਦੇ ਹਨ। ਇਨ੍ਹਾਂ ਨੇਤਾਵਾਂ ਨੂੰ ਭਾਵੇਂ ਕਾਂਗਰਸ ਨੇ ਪਾਰਟੀ ‘ਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਪਰ ਇਹ ਨੇਤਾ ਘਰੇ ਬੈਠਣ ਵਾਲੇ ਨਹੀਂ ਹਨ।

ਇਨ੍ਹਾਂ ‘ਚੋਂ ਜਗਮੀਤ ਸਿੰਘ ਬਰਾੜ ਨੇ ਤਾਂ 21 ਮਈ ਨੂੰ ਚੰਡੀਗੜ੍ਹ ‘ਚ ਵੱਡਾ ਇਕੱਠ ਸੱਦ ਲਿਆ ਹੈ, ਜਦੋਂ ਕਿ ਦੂਸਰਾ ਨੇਤਾ ਬੀਰਦਵਿੰਦਰ ਸਿੰਘ ਅੱਜ ਕੱਲ੍ਹ ਪਟਿਆਲੇ ‘ਚ ਭਵਿੱਖ ਦੀ ਰਾਜਨੀਤੀ ਬਣਾ ਰਹੇ ਹਨ ਅਤੇ ਕਈ ਪਾਰਟੀਆਂ ਦੇ ਉਨ੍ਹਾਂ ਦੇ ਘਰ ਫੋਨ ਵੀ ਖੜਕ ਰਹੇ ਹਨ। ਇਨ੍ਹਾਂ ਦੋਹਾਂ ਨੇਤਾਵਾਂ ਬਾਰੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ‘ਚ ਸ਼ਾਮਲ ਕਰਨ ‘ਤੇ ਨਾ ਪੱਖੀ ਸਿਰ ਮਾਰਿਆ ਹੈ ਪਰ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਦੋਵੇਂ ਨੇਤਾਵਾਂ ਦੀ ਰਾਜਸੀ ਪਕੜ ਅਤੇ ਆਮ ਆਦਮੀ ਪਾਰਟੀ ਦਾ ਬੋਲਬਾਲਾ ਸਿਰ ਚੜ੍ਹ ਕੇ ਬੋਲਣ ਕਰਕੇ ਸ਼ਾਇਦ ਇਨ੍ਹਾਂ ਨੇਤਾਵਾਂ ਨੂੰ ਅਕਾਲੀ ਦਲ ‘ਚ ਸ਼ਾਮਲ ਕਰਕੇ ਕੋਈ ਵੱਡਾ ਪੱਤਾ ਖੇਡ ਦੇਵੇ। ਬਾਕੀ ਸਿਆਸੀ ਮਾਹਿਰਾਂ ਨੇ ਦੱਸਿਆ ਕਿ ਜੇਕਰ ਇਨ੍ਹਾਂ ਨੇਤਾਵਾਂ ਦਾ ਅਕਾਲੀ ਦਲ ‘ਚ ਜਾਣ ਦਾ ਰਸਤਾ ਖੁੱਲ੍ਹਿਆ ਤਾਂ ਸ਼੍ਰੋਮਣੀ ਅਕਾਲੀ ਦਲ ਜਗਮੀਤ ਸਿੰਘ ਬਰਾੜ ਲਈ ਫਿਰੋਜ਼ਪੁਰ ਲੋਕ ਸਭਾ ਸੀਟ ਉਸ ਦੇ ਹਵਾਲੇ ਕਰ ਦੇਵੇਗਾ ਅਤੇ ਉਸਦੇ ਭਰਾ ਨੂੰ ਮੁਕਤਸਰ ‘ਚ ਹਲਕਾ ਇੰਚਾਰਜ ਤੋਂ ਇਲਾਵਾ ਵੱਡੀਆਂ ਪਾਵਰਾਂ ਦੇ ਦੇਵੇਗਾ। ਇਸੇ ਤਰ੍ਹਾਂ ਜੇਕਰ ਬੀਰਦਵਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਪਟਿਆਲਾ ਦੇ ਕਿਸੇ ਵਿਧਾਨ ਸਭਾ ਹਲਕੇ ਜਿਥੇ ਉਹ ਹੱਥ ਰੱਖਣਗੇ, ਉਥੇ ਟਿਕਟ ਦੇਣ ‘ਚ ਦੇਰੀ ਨਹੀਂ ਕਰੇਗਾ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਕਾਂਗਰਸ ਖਿਲਾਫ ਧੂੰਆਂਧਾਰ ਪ੍ਰਚਾਰ ਲਈ ਅਕਾਲੀ ਦਲ ਵੱਲੋਂ ਪੂਰੀ ਤਰ੍ਹਾਂ ਝੋਕ ਦੇਵੇਗਾ। ਬਾਕੀ ‘ਆਪ’ ਪੰਜਾਬ ਵਿਚ ਜੋ ਕਿਸੇ ਜੱਟ ਵੱਡੇ ਸਿੱਖ ਨੇਤਾ ਦੀ ਭਾਲ ਵਿਚ ਭਟਕ ਰਹੀ ਹੈ, ਸ਼ਾਇਦ ਕਿਧਰੇ ਇਨ੍ਹਾਂ ਨੇਤਾਵਾਂ ਨੂੰ ਆਪਣੀ ਬੁੱਕਲ ‘ਚ ਲੈ ਕੇ ਸਜਾ ਨਾ ਦੇਵੇ ਸਿਰ ‘ਤੇ ਪਾਰਟੀ ਦੀ ਦਸਤਾਰ।

468 ad

Submit a Comment

Your email address will not be published. Required fields are marked *