ਫੇਸਬੁੱਕ ਖੁਦਕੁਸ਼ੀ ਮਾਮਲਾ ; ਖੁਦਕੁਸ਼ੀ ਮਾਮਲੇ ‘ਚ ਇੰਸਪੈਕਟਰ ਸਮੇਤ 3 ਪੁਲਿਸ ਵਾਲੇ ਨਾਮਜਦ

5ਲੁਧਿਆਣਾ, 2 ਮਈ ( ਜਗਦੀਸ਼ ਬਾਮਬਾ )  ਪੁਲਿਸ ਦੇ ਸਤਾਏ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਇੰਸਪੈਕਟਰ ਸਮੇਤ ਇੱਕ ਏਐਸਆਈ ਤੇ ਹੌਲਦਾਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲਾ ਜੀਆਰਪੀ ਥਾਣੇ ‘ਚ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹਨਾਂ ਚੋਂ ਕਿਸੇ ਨੂੰ ਵੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦਰਅਸਲ ਲੁਧਿਆਣਾ ਦੇ ਇੰਦਰਪਾਲ ਸਿੰਘ ਅਹੂਜਾ ਨਾਮੀ ਨੌਜਵਾਨ ਨੇ ਦੁਗਰੀ ਥਾਣੇ ਦੇ ਐਸ.ਐਚ.ਓ. ਸਮੇਤ 3 ਪੁਲਿਸ ਵਾਲਿਆਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਟਰੇਨ ਅੱਗੇ ਆ ਕੇ ਆਪਣੀ ਜਾਨ ਦੇ ਦਿੱਤੀ ਸੀ। ਏਡੀਜੀਪੀ ਰੇਲਵੇ ਰੋਹਿਤ ਚੌਧਰੀ ਮੁਤਾਬਕ ਮ੍ਰਿਤਕ ਇੰਦਰਜੀਤ ਸਿੰਘ ਅਹੂਜਾ ਵੱਲੋਂ 29 ਅਪ੍ਰੈਲ ਨੂੰ ਖੁਦਕੁਸ਼ੀ ਤੋਂ ਪਹਿਲਾਂ ਫੇਸਬੁਕ ‘ਤੇ ਪਾਏ ਸਟੇਟਸ ਦੇ ਅਧਾਰ ‘ਤੇ ਐਸ.ਐਚ.ਓ. ਇੰਸਪੈਕਟਰ ਦਵਿੰਦਰ ਚੌਧਰੀ, ਏਐਸਆਈ ਬੂਟਾ ਸਿੰਘ ਤੇ ਹੈੱਡ ਕਾਂਸਟੇਬਲ ਸਵਰਨ ਸਿੰਘ ਖਿਲਾਫ ਖੁਦਕੁਸ਼ੀ ਲਈ ਮਜਬੂਰਨ ਕਰਨ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜੀ ਰਹੀ ਹੈ। ਪਰ ਫਿਲਹਾਲ ਤਿੰਨੇ ਮੁਲਜ਼ਮ ਪੁਲਿਸ ਵਾਲੇ ਫਰਾਰ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਇਹਨਾਂ ਤਿੰਨਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਸੀ। ਮ੍ਰਿਤਕ 25 ਸਾਲਾ ਇੰਦਰਪਾਲ ਨੇ ਮੌਤ ਤੋਂ ਪਹਿਲਾਂ ਫੇਸਬੁੱਕ ‘ਤੇ ਸਟੇਟਸ ਪਾਇਆ ਸੀ ਕਿ ਐਸ.ਐਚ.ਓ. ਦਵਿੰਦਰ ਚੌਧਰੀ, ਕਾਂਸਟੇਬਲ ਸਵਰਨ ਸਿੰਘ ਤੇ ਬੂਟਾ ਸਿੰਘ ਉਸ ਨੂੰ ਧਮਕਾ ਰਹੇ ਹਨ। ਉਸ ਤੋਂ 1 ਲੱਖ 25 ਹਜ਼ਾਰ ਰੁਪਏ ਲੈ ਚੁੱਕੇ ਹਨ ਤੇ ਇੰਨੀ ਹੀ ਹੋਰ ਰਕਮ ਮੰਗ ਰਹੇ ਹਨ। ਧਮਕੀ ਦੇ ਰਹੇ ਹਨ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਨਸ਼ਾ ਤਸਕਰੀ ਦਾ ਕੇਸ ਪਾ ਦਿੱਤਾ ਜਾਵੇਗਾ। ਇੰਦਰਪਾਲ ਨੇ ਲਿਖਿਆ ਕਿ ਇਨ੍ਹਾਂ ਇਲਜ਼ਾਮਾਂ ਦਾ ਉਸ ਕੋਲ ਕੋਈ ਸਬੂਤ ਨਹੀਂ, ਇਸ ਸਟੇਟਜ਼ ਜ਼ਰੀਏ ਹੀ ਉਸ ਨੂੰ ਇਨਸਾਫ ਦਵਾਇਆ ਜਾਵੇ।ਦਰਅਸਲ, ਦੁਗਰੀ ਥਾਣੇ ਵਿੱਚ ਗੋਰੂ ਬੱਚਾ ਨਾਮੀ ਮੁਲਜ਼ਮ ਖਿਲਾਫ ਕੇਸ ਚੱਲ ਰਿਹਾ ਹੈ। ਗੋਰੂ ਬੱਚਾ ‘ਤੇ ਇੱਕ ਸਕੂਲ ਵੈਨ ਡਰਾਈਵਰ ਦੇ ਕਤਲ ਦਾ ਇਲਜ਼ਾਮ ਹੈ। ਮੁਲਜ਼ਮ ਇੰਦਰਪਾਲ ਅਹੂਜਾ ਦੀ ਦੁਕਾਨ ਤੋਂ ਮੋਬਾਈਲ ਫੋਨ ਰੀਚਾਰਜ ਕਰਵਾਉਂਦਾ ਸੀ। ਪਰਿਵਾਰ ਮੁਤਾਬਕ ਪੁਲਿਸ ਵਾਲੇ ਉਸ ‘ਤੇ ਗੋਰੂ ਬੱਚਾ ਦਾ ਟਿਕਾਣਾ ਦੱਸਣ ਦਾ ਦਬਾਅ ਪਾ ਰਹੇ ਸੀ, ਜਦਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਉਹ ਪੁਲਿਸ ਨੂੰ ਇਸ ਬਾਰੇ ਵਾਰ ਵਾਰ ਦੱਸ ਚੁੱਕਾ ਸੀ।ਮ੍ਰਿਤਕ ਇੰਦਰਪਾਲ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿੱਚ ਉਸ ਦੀ ਮਾਂ ਤੇ ਇੱਕ ਭੈਣ ਰਹਿ ਗਏ ਹਨ। ਇੱਕ ਭੈਣ ਵਿਆਹੀ ਹੋਈ ਹੈ।

468 ad

Submit a Comment

Your email address will not be published. Required fields are marked *