ਪੰਥਕ ਜਥੇਬੰਦੀਆਂ ਵੱਲੋਂ ਸਰਬੱਤ ਖ਼ਾਲਸਾ ਚ ਥਾਪੇ ਤਖ਼ਤਾਂ ਦੇ ਜਥੇਦਾਰ ਅਤੇ ਬੰਦੀ ਸਿੰਘ ਸਨਮਾਨਿਤ

14ਸੰਦੌੜ , 2 ਮਈ (ਜਗਦੀਸ਼ ਬਾਮਬਾ  ) ਜੇਲ ਦੀਆਂ ਕਾਲ ਕੋਠੜੀਆਂ ਤੋਂ ਲੰਮੇ ਅਰਸੇ ਬਾਅਦ ਪੈਰੋਲ ਤੇ ਰਿਹਾਅ ਹੋਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਵਿਸ਼ੇਸ਼ ਸਨਮਾਨ ਕਰਨ ਲਈ ਅੱਜ ਪੰਥ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਉਨਾਂ ਦੇ ਗ੍ਰਹਿ ਵਿਖੇ ਪਹੁੰਚੀਆਂ। ਸਰਬੱਤ ਖ਼ਾਲਸਾ ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖ਼ਾਲਸਾ ਦੇ ਕਨਵੀਨਰ ਭਾਈ ਮੋਹਕਮ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਇੰਟਰਨੈਸ਼ਨਲ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ, ਬਾਬਾ ਮਨਪ੍ਰੀਤ ਸਿੰਘ ਖ਼ਾਲਸਾ ਅਲੀਪੁਰ ਅਤੇ ਉੱਘੇ ਲੇਖਕ ਭਾਈ ਹਰਮਿੰਦਰ ਸਿੰਘ ਭੱਟ ਨੇ ਜੈਕਾਰਿਆਂ ਦੀ ਗੂੰਜ ਚ ਪ੍ਰੋਫੈਸਰ ਭੁੱਲਰ ਦਾ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਦਾਦੂਵਾਲ ਅਤੇ ਭਾਈ ਗੋਪਾਲਾ ਨੇ ਪ੍ਰੋਫੈਸਰ ਭੁੱਲਰ ਅਤੇ ਉਨਾਂ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਪ੍ਰੋਫੈਸਰ ਭੁੱਲਰ ਵੱਲੋਂ ਅਨੇਕਾਂ ਸਾਲ ਜੇਲ ਦੀਆਂ ਸਲਾਖ਼ਾਂ ਚ ਬਿਤਾਏ ਪਲਾਂ ਸੰਬੰਧੀ ਵਿਚਾਰ ਚਰਚਾ ਕੀਤੀ। ਇਸ ਮੁਲਾਕਾਤ ਤੋਂ ਬਾਅਦ ਭਿੰਡਰਾਂਵਾਲਾ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੋਪਾਲਾ ਸਮੇਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲਿਆਂ ਨੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਅਤੇ ਭਾਈ ਮੋਹਕਮ ਸਿੰਘ ਨੂੰ ਸਨਮਾਨਿਤ ਸਿਰੋਪਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਭਿੰਡਰਾਂਵਾਲਾ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਹਿਤ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ਉਨਾਂ ਕਿਹਾ ਕਿ ਸਮੇਂ ਦੀ ਅਹਿਮ ਲੋੜ ਹੈ ਕਿ ਸਮੁੱਚੀਆਂ ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਇੱਕ ਪਲੇਟਫ਼ਾਰਮ ਤੇ ਲਿਆ ਕੇ ਸਿੱਖੀ ਦਾ ਪ੍ਰਚਾਰ ਹੋਰ ਪ੍ਰਚੰਡ ਕੀਤਾ ਜਾਵੇ। ਇਸ ਤੋਂ ਬਾਅਦ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਬਾਬਾ ਮਨਪ੍ਰੀਤ ਸਿੰਘ ਖ਼ਾਲਸਾ ਅਲੀਪੁਰ ਅਤੇ ਲੇਖਕ ਭਾਈ ਹਰਮਿੰਦਰ ਸਿੰਘ ਭੱਟ ਫਿਰ ਪਿੰਡ ਜੱਲੂਪੁਰ ਖੈੜਾ ਵਿਖੇ ਰਾਜਸੀ ਸਿੱਖ ਕੈਦੀ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਨਮਾਨਿਤ ਕਰਨ ਲਈ ਉਨਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪੰਥਕ ਆਗੂਆਂ ਨੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਰੋਪਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਭਾਈ ਗੋਪਾਲਾ ਅਤੇ ਬਾਬਾ ਮਨਪ੍ਰੀਤ ਸਿੰਘ ਨੇ ਭਾਈ ਗੁਰਦੀਪ ਸਿੰਘ ਖੈੜਾਂ ਦੀਆ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਨੇ ਆਪਣੀ ਸਾਰੀ ਜਵਾਨੀ ਕੌਮ ਦੇ ਲੇਖੇ ਲਗਾ ਕੇ ਸਿੱਖ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਮੁੱਚੀ ਸਿੱਖ ਕੌਮ ਭਾਈ ਸਾਹਿਬ ਦੀ ਰੋਮ ਰੋਮ ਕਰ ਕੇ ਰਿਣੀ ਹੈ। ਜਿੰਨਾ ਤਸ਼ੱਦਦ ਭਾਈ ਖੈੜਾ ਨੇ ਜੇਲ ਵਿਚ ਸਹਾਰਿਆ, ਮਗਰੋਂ ਪਰਿਵਾਰ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਅਜਿਹੇ ਮੁਸ਼ਕਿਲ ਹਲਾਤਾਂ ਵਿਚ ਵੀ ਪਰਿਵਾਰ ਨੇ ਸਿੱਖੀ ਸਿਦਕ ਨਹੀਂ ਹਾਰਿਆ। ਉਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਪੈਰੋਲ ਰਿਹਾਈ ਕਰਵਾਉਣ ਲਈ ਪੂਰੇ ਖ਼ਾਲਸਾ ਪੰਥ ਨੇ ਲੰਮਾ ਸਮਾਂ ਸੜਕਾਂ ਤੇ ਉੱਤਰ ਕੇ ਸੰਘਰਸ਼ ਕੀਤਾ ਅਤੇ ਬਾਪੂ ਸੂਰਤ ਸਿੰਘ ਨੇ ਭੁੱਖ ਹੜਤਾਲ ਰੱਖ ਕੇ ਇਸ ਸੰਘਰਸ਼ ਨੂੰ ਸਿੰਘਾਂ ਦੀਆਂ ਪੱਕੀਆਂ ਰਿਹਾਈਆਂ ਤੱਕ ਜਾਰੀ ਰੱਖਿਆ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਭਿੰਡਰਾਂਵਾਲਾ ਫੈਡਰੇਸ਼ਨ ਦੇ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਮਾਗਮ ਚ ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਸੀ, ਉਨਾਂ ਕਿਹਾ ਕਿ ਹੁਣ ਭਾਈ ਗੋਪਾਲਾ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਬਹੁਤ ਜਲਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਅੰਮ੍ਰਿਤਸਰ ਜਿੱਲਾ ਪ੍ਰਧਾਨ ਭਾਈ ਮੇਜਰ ਸਿੰਘ ਕੰਗ, ਜਿੱਲਾ ਮੀਤ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਟੋਨੀ, ਸ਼ਹਿਰੀ ਜਨਰਲ ਸਕੱਤਰ ਭਾਈ ਹਰਪ੍ਰੀਤ ਸਿੰਘ ਬੰਟੀ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *