ਪੰਜਾਬ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ , ਇਸ ਸਰਜ਼ਮੀਨ ‘ਤੇ ਸਿਰਫ ਸਿੱਖ ਰਾਸ਼ਟਰ ਹੀ ਉਸਾਰਿਆ ਜਾਣਾ :– ਦਲ ਖਾਲਸਾ

Dal_khalsa-ll

ਦਲ ਖਾਲਸਾ ਨੇ ਆਰ. ਐੱਸ. ਐੱਸ. ਵਲੋਂ ਭਾਰਤ ਵਿਚ ਰਹਿੰਦੇ ਸਮੂਹ ਨਾਗਰਿਕਾਂ ਨੂੰ ਹਿੰਦੂ ਕਹਿਣ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਵਿਉਂਤਾਂ ਨੂੰ ਘੱਟ-ਗਿਣਤੀ ਕੌਮਾਂ ਲਈ ਘਾਤਕ ਦੱਸਦਿਆਂ ਖਾਲਸਾ ਪੰਥ ਦੀਆਂ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਸੀ ਵਖਰੇਵੇਂ ਅਤੇ ਝਗੜੇ ਪਾਸੇ ਰੱਖ ਕੇ ਇਸ ਖਤਰੇ ਦਾ ਟਾਕਰਾ ਕਰਨ ਲਈ ਸੁਚੇਤ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ । ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਅੱਜ ਇਥੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਏ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਸੱਦਾ ਦਿੱਤਾ । ਉਨ੍ਹਾਂ ਆਰ. ਐੱਸ. ਐੱਸ. ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਹੋਵੇਗਾ ਕਿਉਂਕਿ ਇਸ ਸਰਜ਼ਮੀਨ ‘ਤੇ ਸਿੱਖ ਰਾਸ਼ਟਰ ਉਸਾਰਿਆ ਜਾਣਾ ਹੈ। ਉਨ੍ਹਾਂ ਨੌਜਵਾਨਾਂ ਨੂੰ ਦੁਸ਼ਮਣ ਦੀ ਰਣਨੀਤੀ ਅਤੇ ਲੁਕਵੇਂ ਏਜੰਡੇ ਨੂੰ ਸਮਝਣ, ਲਾਮਬੰਦ ਹੋਣ ਅਤੇ ਕੌਮ ਪ੍ਰਤੀ ਆਪਣੇ ਫਰਜ਼ਾਂ ਨੂੰ ਪਹਿਚਾਣਨ ਦੀ ਲੋੜ ‘ਤੇ ਜ਼ੋਰ ਦਿੱਤਾ । ਉਨ੍ਹਾਂ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਵਲੋਂ ਸਮੂਹ ਭਾਰਤੀਆਂ ਨੂੰ ਹਿੰਦੂ ਕਹਿਣ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਿੱਖ, ਹਿੰਦੂ ਨਹੀਂ ਹਨ ਅਤੇ ਆਰ.ਐੱਸ.ਐੱਸ. ਦੇ ਇਸ ਬਿਆਨ ਵਿਚ ਇਕ ਡੂੰਘੀ ਸਾਜ਼ਿਸ਼ ਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਦਾ ਏਜੰਡਾ ਸਿੱਖਾਂ ਦੀ ਸੱਭਿਆਚਾਰਕ ਵਿਲੱਖਣਤਾ ਅਤੇ ਧਾਰਮਿਕਤਾ ਨੂੰ ਭਾਰਤੀਅਤਾ ਦੇ ਵੱਡੇ ਸਮੁੰਦਰ ਵਿਚ ਡੋਬਣਾ ਹੈ । ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਨੇ ਮੋਦੀ ਸਰਕਾਰ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਹੁਣ ਉਹ ਖੁੱਲ੍ਹ ਕੇ ਹਿੰਦੂ ਪੱਤਾ ਖੇਡ ਰਹੀ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅੰਦਰੂਨੀ ਝਗੜਿਆਂ ਅਤੇ ਕਲੇਸ਼ਾਂ ਵਿਚ ਉਲਝੀ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਮਰਿਆਦਾ ਅਤੇ ਹੋਰ ਧਾਰਮਿਕ ਮਸਲਿਆਂ ਵਿਚ ਕੌਮ ਕਈ ਹਿੱਸਿਆਂ ਵਿਚ ਵੰਡੀ ਹੋਈ ਹੈ ਅਤੇ ਹਰ ਹਿੱਸਾ ਆਪਣੇ-ਆਪ ਨੂੰ ਸਹੀ ਅਤੇ ਦੂਜੇ ਨੂੰ ਗਲਤ ਸਾਬਿਤ ਕਰਨ ਵਿਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਪੰਥ ਅਤੇ ਪੰਥਕ ਹਿੱਤਾਂ ਦਾ ਨੁਕਸਾਨ ਕਰ ਰਹੀ ਹੈ ਅਤੇ ਸਿਤਮ ਦੀ ਗੱਲ ਹੈ ਕਿ ਬਾਦਲਕੇ ‘ਪੰਥਕ’ ਹੋਣ ਦਾ ਭਰਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤਕ ਅਕਾਲੀ ਦਲ ਬਾਦਲ ਦਾ ਏਕਾਅਧਿਕਾਰ ਨਹੀਂ ਤੋੜਿਆ ਜਾਂਦਾ, ਤਦ ਤਕ ਇਹ ਪਾਰਟੀ ਸਿੱਖ ਏਜੰਡੇ ਵਲ ਮੋੜਾ ਨਹੀਂ ਕੱਟੇਗੀ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਪੰਥਕ ਮੁੱਦਿਆਂ ਨੂੰ ਤਿਲਾਂਜਲੀ ਦੇਣ ਦਾ ਇਲਜ਼ਾਮ ਲਗਾਇਆ । ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਰਣਬੀਰ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਾਨ, ਗੁਰਦੀਪ ਸਿੰਘ, ਹਰਮਿੰਦਰ ਸਿੰਘ ਹਰਮੋਏ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੋਬਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਕਮਲਜੀਤ ਸਿੰਘ, ਪਰਮਜੀਤ ਸਿੰਘ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ ।

468 ad