ਪੰਜਾਬ ਹਨੇਰੇ ਦੇ ਵੱਲ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਠੱਪ

ਪੰਜਾਬ ਹਨੇਰੇ ਦੇ ਵੱਲ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਠੱਪ

**ਰੋਪੜ ਪਲਾਂਟ ਦੇ ਵੀ 4 ਯੂਨਿਟ ਬੰਦ *ਇੰਜੀਨੀਅਰ ਵਰਕ-ਟੂ-ਰੂਲ ਹੜਤਾਲ ‘ਤੇ**

ਪੰਜਾਬ ਹਨੇਰੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਕਿਉਂਕਿ ਅੱਜ ਬਠਿੰਡਾ ਤੇ ਲਹਿਰਾ ਮੁਹੱਬਤ ਥਰਮਲ ਦੇ ਇਕ-ਇਕ ਚਾਲੂ ਯੂਨਿਟ ਵੀ ਬੰਦ ਹੋ ਗਏ, ਜਦੋਂਕਿ ਰੋਪੜ ਪਲਾਂਟ ਦੇ ਵੀ 6 ‘ਚੋਂ 2 ਯੂਨਿਟ ਹੀ ਚੱਲ ਰਹੇ ਹਨ। ਪਲਾਂਟਾਂ ਦੇ ਇੰਜੀਨੀਅਰ ਵਰਕ-ਟੂ-ਰੂਲ ਹੜਤਾਲ ‘ਤੇ ਹੋਣ ਕਾਰਨ ਸੋਮਵਾਰ ਤੱਕ ਯੂਨਿਟ ਚਲਾਉਣ ਲਈ ਕੋਈ ਵੀ ਉਪਰਾਲਾ ਨਹੀਂ ਹੋ ਸਕਦਾ। ਜਾਣਕਾਰੀ ਮੁਤਾਬਕ ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟ ਬਠਿੰਡਾ ਅਤੇ ਲਹਿਰਾ ਮੁਹੱਬਤ ਨੇ ਚਾਰਾਂ ‘ਚੋਂ ਸਿਰਫ਼ ਇਕ-ਇਕ ਯੂਨਿਟ ਹੀ ਚਾਲੂ ਰੱਖਿਆ ਹੋਇਆ ਸੀ। ਅੱਜ ਲਾਈਨਾਂ ‘ਚ ਆਈ ਖਰਾਬੀ ਕਾਰਨ ਬਾਅਦ ਦੁਪਹਿਰ 2:40 ਵਜੇ ਬਠਿੰਡਾ ਦਾ 120 ਮੈਗਾਵਾਟ ਦਾ ਯੂਨਿਟ ਨੰ. 3 ਅਤੇ ਲਹਿਰਾ ਮੁਹੱਬਤ ਦਾ 250 ਮੈਗਾਵਾਟ ਦਾ ਯੂਨਿਟ ਨੰ. 3 ਵੀ ਬੰਦ ਹੋ ਗਏ। ਦੂਜੇ ਪਾਸੇ ਥਰਮਲ ਪਲਾਂਟ ਰੋਪੜ ਦੇ ਵੀ 6 ‘ਚੋਂ ਸਿਰਫ਼ 2 ਯੂਨਿਟ ਹੀ ਚਾਲੂ ਹਾਲਤ ਵਿਚ ਹਨ, ਜਦੋਂਕਿ ਪੰਜਾਬ ਦੇ ਪਲਾਂਟ ਦੇ ਕੋਲੇ ਦੀ ਘਾਟ ਨਾਲ ਪਹਿਲਾਂ ਹੀ ਜੂਝ ਰਹੇ ਹਨ। ਇਸ ਤੋਂ ਇਲਾਵਾ 5 ਹਾਈਡ੍ਰੋ ਸਟੇਸ਼ਨ ਵੀ ਚਾਲੂ ਹਾਲਤ ਵਿਚ ਹਨ, ਜਦੋਂਕਿ 6ਵੇਂ ਸਟੇਸ਼ਨ ਆਰ. ਐੱਸ. ਡੀ. ਦੇ ਵੀ ਚਾਰਾਂ ‘ਚੋਂ ਸਿਰਫ਼ ਇਕ ਯੂਨਿਟ ਹੀ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਥਰਮਲ ਪਲਾਂਟਾਂ ਨਾਲ ਸੰਬੰਧਤ ਇੰਜੀਨੀਅਰ ਪਿਛਲੇ ਤਿੰਨ ਮਹੀਨਿਆਂ ਤੋਂ ਵਰਕ-ਟੂ-ਰੂਲ ਹੜਤਾਲ ‘ਤੇ ਚੱਲ ਰਹੇ ਹਨ, ਜਿਸ ਕਾਰਨ ਉਹ ਸਿਰਫ਼ 9 ਵਜੇ ਤੋਂ 5 ਵਜੇ ਤੱਕ ਹੀ ਕੰਮ ਕਰ ਰਹੇ ਹਨ। ਅੱਜ ਬੰਦ ਹੋਏ ਯੂਨਿਟਾਂ ਨੂੰ ਚਲਾਉਣ ਖਾਤਰ ਕੋਈ ਖਾਸ ਕੰਮ ਨਹੀਂ ਹੋ ਸਕਿਆ। ਹੁਣ ਇਹ ਕੰਮ ਸੋਮਵਾਰ ਨੂੰ ਸ਼ੁਰੂ ਹੋਵੇਗਾ। ਇਹ ਵੀ ਦੱਸਣਯੋਗ ਹੈ ਕਿ ਸੋਮਵਾਰ ਨੂੰ ਵੀ ਬਠਿੰਡਾ ਤੇ ਲਹਿਰਾ ਦੇ ਬੰਦ ਹੋਏ ਯੂਨਿਟਾਂ ਨੂੰ ਚਾਲੂ ਕਰਨਾ ਬਹੁਤ ਮੁਸ਼ਕਿਲ ਹੋਵੇਗਾ। ਇੰਜੀਨੀਅਰ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਥਰਮਲ ਪਲਾਂਟ ਪ੍ਰਬੰਧਕੀ ਕਮੇਟੀ ਤੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਅਤੇ ਕੋਲੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਜਿਸ ਕਾਰਨ ਉਕਤ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ।  ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਕਿਸੇ ਵੀ ਸਮੇਂ ਹਨੇਰੇ ‘ਚ ਡੁੱਬ ਸਕਦਾ ਹੈ।

468 ad