ਪੰਜਾਬ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਹੀਂ : ਬਾਦਲਪੰਜਾਬ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਹੀਂ : ਬਾਦਲ

ਪੰਜਾਬ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਹੀਂ : ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫੇਰ ਇਕ ਵਾਰ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਦੋਸ਼ ਲਗਾਇਆ ਕਿ ਕੇਂਦਰ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ 7 ਸਾਲਾਂ ਵਿਚ ਇਕ ਰੁਪਈਆ ਵੀ ਨਹੀਂ ਦਿੱਤਾ, ਜਿਸ ਕਾਰਨ ਪੰਜਾਬ ਦੇ ਅਹਿਮ ਪ੍ਰੋਜੈਕਟ ਰੁਕੇ ਹੋਏ ਹਨ ਜਦੋਂਕਿ ਕੇਂਦਰ ਨੇ ਦੇਸ਼ ਵਿਚ ਜਿਨ੍ਹਾਂ ਸੂਬਿਆਂ ਅੰਦਰ ਕਾਂਗਰਸ ਸਰਕਾਰਾਂ ਹਨ, ਨੂੰ ਵੱਡੇ-ਵੱਡੇ ਪੈਕੇਜ ਦੇ ਕੇ ਰਜਾ ਦਿੱਤਾ ਹੈ, ਇਸ ਲਈ ਅੱਜ ਦੇਸ਼ ਵਿਚ ਮੋਦੀ ਸਰਕਾਰ ਲਿਆਉਣੀ ਬੜੀ ਜ਼ਰੂਰੀ ਹੈ। ਸ. ਬਾਦਲ ਅੱਜ ਇਥੇ ਪੰਜਾਬ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ, ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ ਦੇ ਮਾਤਾ ਜੀ ਜਸਵੰਤ ਕੌਰ ਦੇ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਵਿਚ ਸੰਬੋਧਨ ਕਰ ਰਹੇ ਸਨ। 
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੌਰਾਨ ਆਖਿਆ ਕਿ ਮੋਦੀ ਨੂੰ ਪੰਜਾਬ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਨਹੀਂ ਦੇਣੀ ਚਾਹੀਦੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਇਹ ਪਹਿਲਾਂ ਵੀ ਕਿਹਾ ਸੀ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਵਿਕਾਸ ਕਾਰਜਾਂ ਵਿਚ ਕੇਂਦਰ ਵੱਡੀ ਰੁਕਾਵਟ ਬਣਦਾ ਹੈ, ਇਸ ਲਈ ਸਰਕਾਰ ਚਾਹੁੰਦੀ ਹੋਈ ਵੀ ਲੋਕਾਂ ਦੀ ਸਹੀ ਢੰਗ ਨਾਲ ਸੇਵਾ ਨਹੀਂ ਕਰ ਸਕਦੀ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਮੋਦੀ ਸਰਕਾਰ ਬਣਦੇ ਹੀ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੇ ਪੰਜਾਬ ਦਾ ਵਿਕਾਸ ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ।  
ਸ. ਬਾਦਲ ਨੇ ਪੰਜਾਬ ‘ਚ ਅਮਲੀਆਂ ਨੂੰ ਨਸ਼ਾ ਛੁਡਾਉਣ ਦੀ ਵਕਾਲਤ ਕਰਦਿਆਂ ਆਖਿਆ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਨੂੰ ਹੁਕਮ ਦਿਤੇ ਹਨ ਕਿ ਇਨ੍ਹਾਂ ਅਮਲੀਆਂ ਨੂੰ ਆਪਣੇ ਕੇਂਦਰ ਵਿਚ ਭਰਤੀ ਕਰਕੇ ਆਮ ਜ਼ਿੰਦਗੀ ‘ਚ ਲਿਆਉਣ ਲਈ ਕੰਮ ਕਰਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਸ਼ੇ ‘ਤੇ ਬੜੀ ਸਖਤੀ ਕੀਤੀ ਹੈ ਪਰ ਫਿਰ ਵੀ ਕੇਂਦਰ ਦੀ ਕਾਂਗਰਸ ਆਪਣੀਆਂ ਘਟੀਆ ਚਾਲਾਂ ਰਾਹੀਂ ਪੰਜਾਬ ਅੰਦਰ ਨਸ਼ਾ ਭੇਜਦੀ ਹੈ ਤੇ ਪਰ ਪੰਜਾਬ ਸਰਕਾਰ ਲਗਾਤਾਰ ਨਸ਼ਿਆਂ ਨੂੰ ਕਾਬੂ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਹੈਰਾਨੀ ਹੈ ਕਿ ਬਾਰਡਰ ‘ਤੇ ਕੰਡਿਆਲੀ ਤਾਰ ਅਤੇ ਬੀ. ਐੱਸ. ਐੱਫ. ਹੋਣ ਦੇ ਬਾਵਜੂਦ ਵੀ ਨਸ਼ਾ ਪੰਜਾਬ ਅੰਦਰ ਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ‘ਚੋਂ ਨਸ਼ਾ ਖਤਮ ਹੋ ਰਿਹਾ ਹੈ, ਇਸ ਲਈ ਇਥੋਂ ਦੇ ਅਮਲੀਆਂ ਨੂੰ ਮਰਨ ਨਹੀਂ ਦਿੱਤਾ ਜਾਵੇਗਾ, ਸਗੋਂ ਹਸਪਤਾਲਾਂ ਵਿਚ ਦਾਖਲ ਕਰਕੇ ਇਲਾਜ ਕਰਕੇ ਉਨ੍ਹਾਂ ਨੂੰ ਆਮ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਜਾਵੇਗਾ। 
ਇਕ ਸਵਾਲ ਦੇ ਜਵਾਬ ‘ਚ ਸ. ਬਾਦਲ ਨੇ ਆਖਿਆ ਕਿ ਉਹ ਆਪਣੇ ਭਤੀਜੇ ਤੇ ਬਠਿੰਡਾ ਹਲਕੇ ਤੋਂ ਕਾਂਗਰਸ-ਪੀ. ਪੀ. ਪੀ. ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨਾਲ ਏਕਾ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਹੀ ਸਹਿਮਤ ਨਹੀਂ ਹੋਣਾ। ਸ਼੍ਰੀ ਬਾਦਲ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦੀ ਆਪਣੇ ਭਰਾ ਗੁਰਦਾਸ ਬਾਦਲ ਜਾਂ ਭਤੀਜੇ ਮਨਪ੍ਰੀਤ ਸਿੰਘ ਬਾਦਲ ਨਾਲ ਏਕਤਾ ਸੰਭਵ ਹੈ? ਜਦੋਂ ਪੱਤਰਕਾਰਾਂ ਨੇ ਸ. ਬਾਦਲ ਨੂੰ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਅਕਾਲੀ ਦਲ ਵਿਚ ਸ਼ਾਮਲ ਹੋਏ ਪਰ ਪਰਿਵਾਰ ਦੀ ਏਕਤਾ ਖਾਤਿਰ ਵਾਪਸ ਕਾਂਗਰਸ ਵਿਚ ਚਲੇ ਗਏ ਤਾਂ ਸ਼੍ਰੀ ਬਾਦਲ ਨੇ ਕਿਹਾ ਕਿ ਉਹ ਤਾਂ ਬਹੁਤ ਚੰਗਾ ਹੋਇਆ। ਜਦੋਂ ਸ਼੍ਰੀ ਬਾਦਲ ਨੂੰ ਪੁੱਛਿਆ ਗਿਆ ਕਿ ਤੁਹਾਡੇ ਪਰਿਵਾਰ ਦੀ ਏਕਤਾ ਦੀ ਕੀ ਸੰਭਾਵਨਾ ਹੈ, ਖਾਸ ਤੌਰ ‘ਤੇ ਮਨਪ੍ਰੀਤ ਸਿੰਘ ਬਾਦਲ ਨਾਲ, ਤਾਂ ਸ਼੍ਰੀ ਬਾਦਲ ਨੇ ਕਿਹਾ ਕਿ ਮੈਂ ਤਾਂ ਤਿਆਰ ਹਾਂ ਪਰ ਉਸਨੇ ਹੀ ਨਹੀਂ ਮੰਨਣਾ।

468 ad