ਪੰਜਾਬ ਦੇ ਨੇਤਾਵਾਂ ਤੇ ਅਫਸਰਾਂ ਨੇ ਨੂੰਹਾਂ-ਧੀਆਂ ਲਈ ਖਰੀਦਿਆ ਅੱਤਵਾਦੀਆਂ ਦਾ ਅਸਲਾ !

6ਬਠਿੰਡਾ, 4 ਮਈ ( ਪੀਡੀ ਬੇਉਰੋ ) ਪੰਜਾਬ ਦੇ ਨੇਤਾਵਾਂ ਅਤੇ ਵੱਡੇ ਅਫਸਰਾਂ ਨੇ ਅੱਤਵਾਦੀਆਂ ਦੇ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਸਮੇਂ ਆਪਣਾ ਪਤਾ ਅਤੇ ਅਹੁਦਾ ਲੁਕਾ ਕੇ ਇਨ੍ਹਾਂ ਹਥਿਆਰਾਂ ਨੂੰ ਕੌਡੀਆਂ ਦੇ ਭਾਅ ਤਾਂ ਖਰੀਦ ਲਿਆ ਪਰ ਹੁਣ ਸੂਚਨਾ ਅਧਿਕਾਰ ਕਮਿਸ਼ਨ ਦੀ ਸਖਤੀ ਤੋਂ ਬਾਅਦ ਨੇਤਾਵਾਂ ਅਤੇ ਅਫਸਰਾਂ ਦਾ ਸਾਰਾ ਭੇਤ ਖੁੱਲ੍ਹ ਗਿਆ ਹੈ। ਇਸ ਅਲਾਟਮੈਂਟ ਦੌਰਾਨ 371 ਹਥਿਆਰ ਵੰਡੇ ਗਏ। ਇਨ੍ਹਾਂ ਦੀ ਵੰਡ ਨੂੰ ਲੈ ਕੇ ਪੰਜਾਬ ਅਕਾਦਮੀ ਫਿਲੌਰ ਨੇ ਜੋ ਰਿਕਾਰਡ ਦਿੱਤਾ ਹੈ, ਉਸ ‘ਚ ਸਾਹਮਣੇ ਆਇਆ ਹੈ ਕਿ ਅਲਾਟਮੈਂਟ ਸਮੇਂ ਆਪਣੀ ਪਛਾਣ ਲੁਕਾਉਣ ਲਈ ਨੇਤਾਵਾਂ ਅਤੇ ਅਫਸਰਾਂ ਨੇ ਕਾਫੀ ਚਲਾਕੀ ਵਰਤੀ ਹੈ।
►ਉਸ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਨੂੰ 22 ਅਕਤਬੂਰ, 2013 ਨੂੰ ਸਿਰਫ 25 ਹਜ਼ਾਰ ਰੁਪਏ ‘ਚ ਹੀ 7.62 ਐੱਮ. ਐੱਮ. ਪਿਸਤੌਲ ਅਲਾਟ ਹੋਈ ਪਰ ਰਿਕਾਰਡ ‘ਚ ਕਮਲ ਸ਼ਰਮਾ ਦੇ ਨਾਂ ਨਾਲ ‘ਭਾਜਪਾ ਸੂਬਾ ਪ੍ਰਧਾਨ’ ਦੇ ਅਹੁਦੇ ਦਾ ਜ਼ਿਕਰ ਨਹੀਂ ਕੀਤਾ ਗਿਆ।
►ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਖੁਦ ਨੂੰ ਰਿਕਾਰਡ ‘ਚ ਮੰਤਰੀ ਦਿਖਾ ਕੇ ਜਰਮਨੀ ਦੀ ਪਿਸਤੌਲ 55 ਹਜ਼ਾਰ ਰੁਪਏ ‘ਚ ਖਰੀਦ ਲਈ ਪਰ ਆਪਣੇ ਭਤੀਜੇ ਵਰਿੰਦਰ ਜੋਸ਼ੀ ਨੂੰ ਤਰਨਤਾਰਨ ਦੇ ਕਲਾਥ ਹਾਊਸ ਦੇ ਪਤੇ ‘ਤੇ ਚਾਈਨੀਜ਼ ਪਿਸਤੌਲ ਅਲਾਟ ਕਰਵਾ ਦਿੱਤੀ।
►ਇਸੇ ਤਰ੍ਹਾਂ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖਵਾਲ ਨੂੰ 20 ਹਜ਼ਾਰ ਰੁਪਏ ‘ਚ ਪਿਸਤੌਲ ਦਿੱਤੀ ਗਈ ਪਰ ਰਿਕਾਰਡ ‘ਚ ਉਨ੍ਹਾਂ ਦਾ ਵੀ ਸਿਰਫ ਨਾਂ ਦਿੱਤਾ ਗਿਆ, ਜਦੋਂ ਕਿ ਅਹੁਦਾ ਛੁਪਾ ਲਿਆ ਗਿਆ।
►ਜ਼ੀਰਾ ਤੋਂ ਵੀ ਵਿਧਾਇਕ ਹਰੀ ਸਿੰਘ ਜੀਰਾ ਦੇ ਬੇਟੇ ਅਤੇ ਪੋਤੇ ਨੂੰ 2 ਹਥਿਆਰ ਅਲਾਟ ਕੀਤੇ ਗਏ ਪਰ ਰਿਕਾਰਡ ‘ਚ ਵਿਧਾਇਕ ਦੀ ਪਛਾਣ ਛੁਪਾਈ ਗਈ।

6 ਕਰੋੜ ਦੇ ਹਥਿਆਰ ਅਫਸਰਾਂ ਨੇ ਇਕ ਕਰੋੜ ‘ਚ ਖਰੀਦੇ
ਇਨ੍ਹਾਂ ਹਥਿਆਰਾਂ ਦੀ ਹੋਈ ਵੰਡ ਦੌਰਾਨ ਕੁੱਲ 578 ਵਿਦੇਸ਼ੀ ਹਥਿਆਰ ਅਲਾਟ ਹੋਏ, ਜਿਨ੍ਹਾਂ ‘ਚ ਬਾਜ਼ਾਰ ‘ਚ ਕੀਮਤ 10 ਕਰੋੜ ਤੋਂ ਵੀ ਜ਼ਿਆਦਾ ਸੀ ਪਰ ਇਨ੍ਹਾਂ ਨੂੰ ਸਿਰਫ 1.50 ਕਰੋੜ ‘ਚ ਅਲਾਟ ਕਰ ਦਿੱਤਾ ਗਿਆ। ਇਸ ਨਾਲ ਜਿੱਥੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ, ਉੱਥੇ ਹੀ ਕਰੋੜਾਂ ਦੇ ਵਿਦੇਸ਼ੀ ਹਥਿਆਰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਅਲਾਟ ਕਰਕੇ ਫਾਇਦਾ ਪਹੁੰਚਾਇਆ ਗਿਆ।
2003 ‘ਚ ਹੋਈ ਪਹਿਲੀ ਅਲਾਟਮੈਂਟ
ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ੀ ਹਥਿਆਰਾਂ ਦੀ ਪਹਿਲੀ ਅਲਾਟਮੈਂਟ 2003 ਤੋਂ ਲੈ ਕੇ 2007 ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੋਈ ਸੀ, ਜਿਸ ‘ਚ 207 ਵਿਦੇਸ਼ੀ ਹਥਿਆਰ ਸਿਰਫ 43.60 ਲੱਖ ‘ਚ ਅਲਾਟ ਕਰ ਦਿੱਤੇ ਗਏ, ਜਿਨ੍ਹਾਂ ਦਾ ਬਾਜ਼ਾਰੀ ਕੀਮਤ ਕਰੀਬ 4 ਕਰੋੜ ਸੀ। ਕੈਪਟਨ ਤੋਂ ਬਾਅਦ 2007 ‘ਚ ਅਕਾਲੀ ਸਰਕਾਰ ਬਣਨ ਤੋਂ ਬਾਅਦ 2012 ਤੋਂ ਲੈ ਕੇ 2015 ਤੱਕ 371 ਵਿਦੇਸ਼ੀ ਹਥਿਆਰ ਗ੍ਰਹਿ ਵਿਭਾਗ ਨੇ ਹੋਰ ਅਲਾਟ ਕਰ ਦਿੱਤੇ। ਇਨ੍ਹਾਂ ਹਥਿਆਰਾਂ ਨੂੰ ਵੀ 1.07 ਕਰੋੜ ‘ਚ ਅਲਾਟ ਕੀਤਾ ਗਿਆ, ਜਦੋਂ ਕਿ ਇਨ੍ਹਾਂ ਦੀ ਕੀਮਤ 6 ਕਰੋੜ ਤੋਂ ਵੀ ਜ਼ਿਆਦਾ ਸੀ। ਮੰਗਲਵਾਰ ਨੂੰ ਸੂਚਨਾ ਅਧਿਕਾਰ ਕਮਿਸ਼ਨ ਨੇ ਪੁਲਸ ਅਕਾਦਮੀ ਫਿਲੌਰ (ਪੀ. ਪੀ. ਏ.) ਨੂੰ ਪੁੱਛਿਆ ਕਿ ਜਿਨ੍ਹਾਂ ਲੋਕਾਂ ਨੂੰ ਖਤਰਾ ਦੱਸ ਕੇ ਹਥਿਆਰ ਵੰਡੇ ਗਏ, ਕੀ ਉਨ੍ਹਾਂ ਦਾ ਪੂਰਾ ਰਿਕਾਰਡ ਦਰਜ ਹੈ ਅਤੇ ਵਿਦੇਸ਼ੀ ਹਥਿਆਰ ਬਾਜ਼ਾਰ ਦੀ ਕੀਮਤ ‘ਤੇ ਦਿੱਤੇ ਗਏ ਜਾਂ ਘੱਟ ਕੀਮਤ ‘ਤੇ? ਪਰ ਪੀ. ਪੀ. ਏ. ਇਸ ਦਾ ਜਵਾਬ ਕਮਿਸ਼ਨ ਨੂੰ ਨਹੀਂ ਦੇ ਸਕੀ। ਇਸ ਤੋਂ ਬਾਅਦ ਕਮਿਸ਼ਨ ਦੇ ਕਮਿਸ਼ਨਰ ਚੰਦਰ ਪ੍ਰਕਾਸ਼ ਨੇ ਕਿਹਾ ਕਿ ਪੀ. ਪੀ. ਏ. ਕਮਿਸ਼ਨ ਵਲੋਂ 30 ਮਾਰਚ ਨੂੰ ਜਾਰੀ ਨੋਟਿਸ ‘ਚ ਪੁੱਛੇ ਤਿੰਨ ਸਵਾਲਾਂ ਦੇ ਜਵਾਬ ਲੈ ਕੇ ਇਕ ਜੂਨ ਨੂੰ ਪੇਸ਼ ਹੋਵੇ। ਕਮਿਸ਼ਨ ਨੇ ਇਹ ਵੀ ਪੁੱਛਿਆ ਕਿ ਕੀ ਇਸ ਗੱਲ ਦੀ ਜਾਂਚ ਕੀਤੀ ਗਈ ਸੀ ਕਿ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਦੀ ਜਾਣਕਾਰੀ ਦੇਣ ‘ਤੇ ਅਲਾਟਮੈਂਟ ਕਰਵਾਉਣ ਵਾਲਿਆਂ ਦੀ ਜ਼ਿੰਦਗੀ ਨੂੰ ਖਤਰਾ ਹੈ, ਜੇਕਰ ਹੈ ਤਾਂ ਕੀ ਇਹ ਆਨ ਰਿਕਾਰਡ ਦਰਜ ਹੈ?

468 ad

Submit a Comment

Your email address will not be published. Required fields are marked *