ਪੰਜਾਬ ਦੇ ਗੈਂਗਸਟਰਾਂ ਦੀ ਆਈ ਸ਼ਾਮਤ !

4ਚੰਡੀਗੜ੍ਹ, 3 ਮਈ ( ਪੀਡੀ ਬਿਊਰੋ ) ਪੰਜਾਬ ਪੁਲੀਸ ਨੇ ਪੰਜਾਬ ਦੇ ਗੈਂਗਸਟਰਾਂ ਨੂੰ ਦਬੋਚਣ ਦੀ ਰਣਨੀਤੀ ਘੜੀ ਹੈ। ਨਿੱਤ ਵਾਪਰ ਰਹੀਆਂ ਗੈਂਗਵਾਰ ਦੀਆਂ ਵਾਰਦਾਤਾਂ ਕਰਕੇ ਨਮੋਸ਼ੀ ਦਾ ਸਾਹਮਣਾ ਕਰ ਰਹੀ ਪੰਜਾਬ ਪੁਲਿਸ ਨੇ ਇੰਸਪੈਕਟਰ ਜਨਰਲ (ਆਈ.ਜੀ.) ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਕੀਤਾ ਹੈ ਜੋ ਇਸ ਅਪਰਾਧ ਜਗਤ ਦਾ ਮਲੀਆਮੇਟ ਕਰੇਗੀ। ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਡੀਜੀਪੀ ਸੁਰੇਸ਼ ਅਰੋੜਾ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ।ਕਾਬਲੇਗੌਰ ਹੈ ਕਿ ਗੈਂਗਸਟਰ ਜਸਵਿੰਦਰ ਰੌਕੀ ਦੀ ਦਿਨ-ਦਿਹਾੜੇ ਹੱਤਿਆ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋਏ ਹਨ। ਰੌਕੀ ਦੀ ਹੱਤਿਆ ਤੋਂ ਬਾਅਦ ਕਈ ਗੈਂਗ ਫੇਸਬੁੱਕ ‘ਤੇ ਸ਼ਰੇਆਮ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈ ਰਹੇ ਹਨ। ਇਸ ਦੇ ਨਾਲ ਹੀ ਰੌਕੀ ਦੇ ਇੱਕ ਸੀਨੀਅਰ ਪੁਲਿਸ ਅਫਸਰ ਨਾਲ ਸਬੰਧਾਂ ਕਰਕੇ ਵੀ ਪੁਲਿਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਹੋਰ ਤਾਂ ਹੋਰ ਜੇਲ੍ਹਾਂ ਵਿੱਚੋਂ ਵੀ ਗੈਂਗ ਚਲਾਉਣ ਦੇ ਮਾਮਲੇ ਸਾਹਮਣੇ ਆਏ ਹਨ।ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਪੁਲੀਸ ਹੈੱਡਕੁਆਰਟਰ ’ਤੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅਹਿਮ ਮੀਟਿੰਗ ਕੀਤੀ।

ਇਸ ਦੌਰਾਨ ਗਰੋਹਾਂ ਉਪਰ ਨਕੇਲ ਕੱਸਣ ਲਈ ਰਣਨੀਤੀ ਬਣਾਈ ਗਈ। ਮੀਟਿੰਗ ਵਿੱਚ ਡੀਜੀਪੀ (ਖੁਫੀਆ ਵਿੰਗ) ਅਨਿਲ ਸ਼ਰਮਾ, ਡੀਜੀਪੀ (ਅਮਨ ਤੇ ਕਾਨੂੰਨ) ਹਰਦੀਪ ਸਿੰਘ ਢਿੱਲੋਂ, ਏਡੀਜੀਪੀ (ਜੇਲ੍ਹਾਂ) ਐਮ ਕੇ ਤਿਵਾੜੀ, ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਆਈਪੀਐਸ ਸਹੋਤਾ ਹਾਜ਼ਰ ਸਨ।ਮੀਟਿੰਗ ਦੌਰਾਨ ਕੁਝ ਗੈਂਗਸਟਰਜ਼ ਵੱਲੋਂ ਰਾਜ ਦੀਆਂ ਜੇਲ੍ਹਾਂ ਵਿੱਚੋਂ ਸੋਸ਼ਲ ਮੀਡੀਆ ਉਪਰ ਰੌਕੀ ਦੇ ਕਤਲ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ ਗਿਆ। ਸੂਤਰਾਂ ਅਨੁਸਾਰ ਪੁਲੀਸ ਨੇ ਜੇਲ੍ਹਾਂ ਵਿੱਚ ਬੰਦ ਗੈਂਗਸਟਰ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਪੜਚੋਲ ਕਰਨ ਦਾ ਫ਼ੈਸਲਾ ਵੀ ਲਿਆ ਹੈ। ਇਸ ਤੋਂ ਇਲਾਵਾ ਅਪਰਾਧਕ ਗਰੋਹਾਂ ਦੇ ਹਰੇਕ ਮੈਂਬਰ ਦੀ ਹਿਸਟਰੀ ਸ਼ੀਟ ਬਣਾਉਣ ਦੀ ਰਣਨੀਤੀ ਵੀ ਬਣਾਈ ਹੈ। ਪੁਲੀਸ ਨੇ ਹਰੇਕ ਗਰੋਹ ਦੇ ਇਕ-ਇਕ ਮੈਂਬਰ ਦੀਆਂ ਗਤੀਵਿਧੀਆਂ ਤੇ ਅਪਰਾਧਕ ਪਿਛੋਕੜ ਦੇ ਵੇਰਵੇ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਦੂਜੇ ਪਾਸੇ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਗੈਂਗਸਟਰਾਂ ਦੇ ਤਾਰ ਸਿੱਧੇ ਸਿਆਸੀ ਲੋਕਾਂ ਨਾਲ ਜੁੜੇ ਹੋਏ ਹਨ। ਇਸ ਕਰਕੇ ਹੀ ਉਹ ਜੇਲ੍ਹਾਂ ਵਿੱਚ ਵੀ ਵੀਆਈਪੀ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਹ ਗੈਂਗ ਸਿਆਸੀ ਪੁਸ਼ਤਪਨਾਹੀ ਨਾਲ ਹੀ ਵਧੇ ਹਨ। ਸਿਆਸੀ ਲੋਕ ਇਨ੍ਹਾਂ ਨੂੰ ਚੋਣਾਂ ਵਿੱਚ ਵਰਤਦੇ ਹਨ। ਇਸ ਦੇ ਬਦਲੇ ਇਹ ਨਾਜਾਇਜ਼ ਧੰਦੇ ਕਰਦੇ ਹਨ ਤੇ ਪੁਲਿਸ ਇਨ੍ਹਾਂ ਦੀ ਹਵਾ ਵੱਲ ਵੀ ਨਹੀਂ ਵੇਖਦੀ। ਹੁਣ ਪੁਲਿਸ ਦਾ ਦਾਅਵਾ ਹੈ ਕਿ ਅਜਿਹੇ ਗੈਂਗਸਟਰਾਂ ਦੇ ਸਿਆਸੀ ਨੇਤਾਵਾਂ ਤੇ ਪੁਲੀਸ ਅਧਿਕਾਰੀਆਂ ਨਾਲ ਸਬੰਧਾਂ ਦੀ ਘੋਖ ਵੀ ਕੀਤੀ ਜਾਵੇਗੀ। ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਸਿਆਸੀ ਲੋਕ ਆਪਣੇ ਇਨ੍ਹਾਂ ਪਿਆਰਿਆਂ ਨੂੰ ਪੁਲਿਸ ਦੇ ਹੱਥ ਲੱਗਣ ਦੇਣਗੇ?

468 ad

Submit a Comment

Your email address will not be published. Required fields are marked *