ਪੰਜਾਬ ਦੀ ਸਤਾ ਤੇ ਕਾਬਜ ਸੱਜਰੇ ਸਰੀਕਾਂ ਦੀ ਸਿਆਸੀ ਲੜਾਈ ’ਚ ਦਿਓਰ ਹਾਰਿਆ, ਭਰਜਾਈ ਜਿੱਤੀ

d b

• ਵਕਾਰੀ ਸੀਟ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਕੀਤੀ ਜਿੱਤ ਹਾਸਲ
• ਕਾਂਗਰਸ ਉਮੀਦਵਾਰ ਮਨਪ੍ਰੀਤ ਬਾਦਲ ਨੂੰ 19,874 ਵੋਟਾਂ ਨਾਲ ਹਰਾਇਆ
• ਜਿੱਤ ਦਾ ਸਰਟੀਫਿਕੇਟ ਲੈਣ ਵੀ ਨਾ ਪਹੁੰਚੇ ਹਰਸਿਮਰਤ ਕੌਰ ਬਾਦਲ, ਵਰਕਰ ਹੋਏ ਮਾਯੂਸ
• ਲੀਡ ਪਿਛਲੇ ਸਾਲ ਨਾਲੋਂ 1 ਲੱਖ ਘਟਣ ਕਰਕੇ ਮਾਯੂਸ ਦਿਖਾਈ ਦਿੱਤਾ ਬਾਦਲ ਪਰਿਵਾਰ
• ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਬਾਦਲ ਪਿੰਡ ਟੈਲੀਵੀਜ਼ਨ ਤੇ ਦੇਖੇ ਚੋਣ ਨਤੀਜੇ
• ਗਿਣਤੀ ਕੇਂਦਰਾਂ ਤੇ ਮੁੱਖ ਸੰਸਦੀ ਸਕੱਤਰ, ਵਿਧਾਇਕ ਜਾਂ ਸੀਨੀਅਰ ਲੀਡਰਸ਼ਿਪ ਵੀ ਨਾ ਦਿੱਤੀ ਦਿਖਾਈ

16ਵੀਂ ਲੋਕ ਸਭਾ ਦੇ ਗਠਨ ਲਈ ਪਈਆਂ ਵੋਟਾਂ ਦੇ ਅੱਜ ਨਤੀਜੇ ਆਏ ਜਿਸ ਵਿੱਚ ਐਨ.ਡੀ.ਏ. ਗਠਬੰਧਨ ਨੂੰ ਦੇਸ਼ ਦੀ ਸਤਾ ਤੇ ਕਾਬਜ ਹੋਣ ਲਈ ਪੂਰਨ ਬਹੁਮਤ ਮਿਲਿਆ ਤੇ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਗਠਬੰਧਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ 4 ਅਤੇ ਭਾਜਪਾ 2 ਸੀਟਾਂ ਤੇ ਕਾਬਜ ਹੋਈ। ਪੰਜਾਬ ਦੀ ਵਕਾਰੀ ਸੀਟ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਸੂਬੇ ਦੀ ਸਤਾ ਤੇ ਕਾਬਜ ਬਾਦਲ ਪਰਿਵਾਰ ਦੇ ਸੱਜਰੇ ਸਰੀਕਾਂ ’ਚ ਹੋਏ ਮੁਕਾਬਲੇ ਦੌਰਾਨ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਦਿਓਰ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 19,874 ਵੋਟਾਂ ਨਾਲ ਹਰਾ ਕੇ ਦੂਸਰੀ ਵਾਰ ਜਿੱਤ ਹਾਸਲ ਕੀਤੀ ਪਰ ਬਾਦਲ ਪਰਿਵਾਰ ਇਸ ਜਿੱਤ ਲਈ ਮਾਯੂਸ ਦਿਖਾਈ ਦਿੱਤਾ ਕਿਉਂਕਿ ਪਿਛਲੇ ਸਾਲ ਹਰਸਿਮਰਤ ਕੌਰ ਬਾਦਲ ਨੇ ਰਣਇੰਦਰ ਸਿੰਘ ਨੂੰ 1,20,000 ਵੋਟਾਂ ਨਾਲ ਹਰਾਇਆ ਸੀ ਪਰ ਇਸ ਵਾਰ ਸਿਰਫ ਲਗਭਗ 20 ਹਜਾਰ ਦੀ ਲੀਡ ਹੀ ਮਿਲੀ ਜਿਸ ਕਰਕੇ ਹਰਸਿਮਰਤ ਕੌਰ ਬਾਦਲ ਗਿਣਤੀ ਕੇਂਦਰ ਤੇ ਜਿੱਤ ਦਾ ਸਰਟੀਫਿਕੇਟ ਲੈਣ ਵੀ ਨਾ ਪਹੁੰਚੇ ਤੇ ਬਾਦਲ ਪਰਿਵਾਰ ਦੇ ਨਾ ਆਉਣ ਕਰਕੇ ਗਿਣਤੀ ਕੇਂਦਰ ਦੇ ਬਾਹਰ ਢੋਲ ਦੀ ਥਾਪ, ਗੁਲਾਲ ਅਤੇ ਲੱਡੂਆਂ ਨਾਲ ਖੁਸ਼ੀ ਮਨਾਉਣ ਵਾਲੇ ਵਰਕਰ ਮਾਯੂਸ ਦਿਖਾਈ ਦਿੱਤੇ। ਹੋਰ ਤਾਂ ਹੋਰ ਗਿਣਤੀ ਕੇਂਦਰਾਂ ਤੇ ਮੌੜ ਹਲਕੇ ਤੋਂ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਬਠਿੰਡਾ ਸ਼ਹਿਰੀ ਹਲਕੇ ਤੋਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਹਲਕਾ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਹਲਕਾਲੰਬੀ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕੋਈ ਵੀ ਸੀਨੀਅਰ ਲੀਡਰਸ਼ਿਪ ਦਿਖਾਈ ਨਾ ਦਿੱਤੀ ਕਿਉਂਕਿ ਸਵੇਰ ਤੋਂ ਲੈਕੇ ਜਿੱਤ ਦਾ ਐਲਾਨ ਹੋਣ ਤੱਕ ਦਿਓਰ-ਭਰਜਾਈ ਵਿੱਚ ਚੱਲੀ ਕਸ਼ਮਕਸ਼ ਦੀ ਲੜਾਈ ਕਾਰਨ ਇਸ ਸੀਟ ਤੇ ਜਿੱਤ ਹਾਰ ਇੱਕ ਇੱਕ ਰਾਊਂਡ ਤੇ ਪਲਟਦੀ ਹੋਈ ਨਜਰ ਆਈ ਜਿਸ ਕਰਕੇ ਅਕਾਲੀ ਆਗੂ ਬਠਿੰਡਾ ਸੀਟ ਤੋਂ ਹਾਰ ਦੇਖਦੇ ਹੋਏ ਗਿਣਤੀ ਕੇਂਦਰਾਂ ਤੋਂ ਦੂਰ ਰਹੇ ਪਰ ਆਖਰਕਾਰ ਅਕਾਲੀ ਭਾਜਪਾ ਉਮੀਦਵਾਰ ਜਿੱਤ ਗਏ। ਹੋਰ ਤਾਂ ਹੋਰ ਭਾਜਪਾ ਲੀਡਰਸ਼ਿਪ ਤਾਂ ਗਿਣਤੀ ਕੇਂਦਰਾਂ ਦੇ ਨੇੜੇ ਤੇੜੇ ਦਿਖਾਈ ਵੀ ਨਾ ਦਿੱਤੀ। ਕੁੱਲ ਪੋਲ ਹੋਈ ਵੋਟ 11,69,930 ਵਿੱਚੋਂ ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 5,14,089 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਉਮੀਦਵਾਰ ਮਨਪ੍ਰੀਤ ਬਾਦਲ ਨੂੰ 4,94,215 ਵੋਟਾਂ ਪਈਆਂ ਤੇ 19,874 ਵੋਟਾਂ ਨਾਲ ਸੀਟ ਜਿੱਤੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਸੀ ਜਸਰਾਜ ਨੂੰ 87666, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 13,911 ਵੋਟਾਂ ਪਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ ਦੀ ਕੋਠੀ ਵਿੱਚ ਹੀ ਟੈਲੀਵੀਜ਼ਨ ਦੇਖ ਕੇ ਅੱਜ ਦੇ ਚੋਣ ਨਤੀਜਿਆਂ ਤੇ ਨਜ਼ਰ ਰੱਖੀ।

468 ad