ਪੰਜਾਬ ਦੀ ਇਨਕਲਾਬੀ ਸੁਰ ਕਿਤੇ ਸਿੱਖਾਂ ਦੇ ਹੱਕ ਵਿਚ ਵੀ ਵੱਜੂ

ਸੁਖਮਿੰਦਰ ਸਿੰਘ ਹੰਸਰਾ

1984_akal_takht-213x300ਪੰਜਾਬ ਅਤੇ ਸਿੱਖ ਕੌਮ ਕ੍ਰਾਂਤੀਆਂ ਦੀ ਝੰਡਾ ਬਰਦਾਰ ਹੈ। ਇਹੀ ਉਹ ਕੌਮ ਹੈ, ਜਿਸ ਨੇ ਮੁਗਲਾਂ ਦੇ ਵਿਰੁੱਧ ਝੰਡਾ ਚੁੱਕਿਆ, ਫਿਰ ਅੰਗਰੇਜ਼ਾਂ ਦੇ ਵਿਰੁੱਧ ਝੰਡਾ ਚੁੱਕਿਆ ਅਤੇ ਅੱਜ ਦੇ ਭਾਰਤ ਦਾ ਭੂਗੋਲ ਅਤੇ ਤਕਦੀਰ ਸਿੱਖਾਂ ਦੀਆਂ ਕੁਰਬਾਨੀਆਂ ਦੀ ਬਿਨਾਅ ਤੇ ਲਿਖੀ ਗਈ ਹੈ। ਪਰ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਇਸ ਕ੍ਰਾਂਤੀਕਾਰੀ ਅਤੇ ਮਨੁੱਖਤਾ ਲਈ ਲਹੂ ਵਹਾਉਣ ਵਾਲੀ ਕੌਮ ਨੂੰ ਭਾਰਤੀ ਨਿਜ਼ਾਮ ਵਿਚ ਕਦੀ ਇਨਸਾਫ ਨਹੀਂ ਮਿਲਿਆ। ਜਦੋਂ-ਜਦੋਂ ਇਸ ਕੌਮ ਨੇ ਹੱਕ ਮੰਗੇ ਹਨ ਤਾਂ ਇਸ ਨੂੰ ਫੌਜੀ ਬੂਟਾਂ ਦੀ ਨੋਕ ਤੇ ਮਧੋਲਿਆ ਗਿਆ। ਇਸ ਕੌਮ ਨਾਲ ਧੱਕਿਆਂ ਦੀ ਇਕ ਲੰਮੀ ਦਾਸਤਾਨ ਹੈ, ਜਿਸ ਬਾਰੇ ਬਾਅਦ ਵਿਚ ਜ਼ਿਕਰ ਕਰਾਂਗੇ, ਪਰ ਅੱਜ ਜੋ ਜ਼ਿਕਰ ਕਰਨਾ ਬਣਦਾ ਹੈ, ਉਹ ਹੈ ਹਾਲ ਹੀ ਵਿਚ ਲੋਕ ਸਭਾ ਚੋਣਾਂ ਦੇ ਪੰਜਾਬ ਤੋਂ ਆਏ ਨਤੀਜੇ। ਪੰਜਾਬ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਝੰਡਾ ਚੁੱਕਿਆ ਹੈ। ਇਹ ਆਮ ਆਦਮੀ ਕੋਈ ਹੋਰ ਨਹੀਂ ਬਲਕਿ ਉਹੀ ਆਮ ਆਦਮੀ ਹੈ, ਜਿਹੜਾ ਕੁਰਬਾਨੀਆਂ ਦਿੰਦਾ ਹੈ, ਖੂਨ ਵਹਾਉਂਦਾ ਹੈ, ਪਸੀਨਾ ਵਹਾਉਂਦਾ ਹੈ, ਪਰ ਜਦੋਂ ਇਸ ਨੂੰ ਕੁਝ ਮਿਲਣ ਦਾ ਮੌਕਾ ਆਉਂਦਾ ਹੈ ਤਾਂ ਇਸ ਨਾਲ ਦਗਾ ਹੁੰਦਾ ਹੈ। ਇਹ ਆਮ ਆਦਮੀ ਸੱਤਾ ਦੇ ਦਲਾਲਾਂ ਨੂੰ ਹਮੇਸ਼ਾ ਯਾਦ ਕਰਵਾਉਂਦਾ ਰਿਹਾ ਹੈ ਕਿ ਉਹ ਸੁਧਰ ਜਾਣ ਅਤੇ ਉਸ ਦੇ ਹੱਕ ਦੀ ਗੱਲ ਕਰਨ।
ਪੰਜਾਬ ਵਿਚ ਹੁਣ ਜੋ ਤਬਦੀਲੀ ਦੀ ਲਹਿਰ ਚੱਲੀ ਹੈ, ਇਹ ਵੀ ਇਕ ਸਕਾਰਾਤਮਕ ਸੰਕੇਤ ਹੈ ਅਤੇ ਭਾਰਤ ਦੇ ਲੋਕਾਂ ਨੂੰ ਇਸ ਲਹਿਰ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੇ ਰਵਾਇਤੀ ਸੱਤਾਧਾਰੀਆਂ ਦੇ ਖਿਲਾਫ ਜੋ ਫਤਵਾ ਦਿੱਤਾ ਹੈ, ਉਹ ਕੋਈ ਵਕਤੀ ਨਹੀਂ, ਬਲਕਿ ਇਹ ਉਹ ਵਿਕਸਤ ਸੋਚ ਦਾ ਨਤੀਜਾ ਹੈ, ਜਿਸ ਤਹਿਤ ਪੰਜਾਬੀ ਜਬਰ-ਜੁਲਮ ਦੇ ਖਿਲਾਫ ਝੰਡਾ ਚੁੱਕਦੇ ਹਨ। ਹਿੰਦੁਸਤਾਨ ਦੀ ਲੋਕਾਈ ਇਸ ਗੱਲੋਂ ਅਣਜਾਣ ਹੈ ਕਿ ਜੇਕਰ ਉਹਨਾਂ ਨੂੰ ਆਪਣੀ ਕਿਸਮਤ ਆਪ ਲਿਖਣ ਦਾ ਮੌਕਾ ਮਿਲਦਾ ਹੈ ਤਾਂ ਉਹ ਕਿਉਂ ਨਾ ਇਸ ਮੌਕੇ ਦੀ ਵਰਤੋਂ ਕਰਦੇ। 
ਪਰ ਬਦਕਿਸਮਤੀ ਵਾਲੀ ਗੱਲ ਇਹ ਹੈ ਕਿ ਸਿੱਖਾਂ ਨੂੰ ਪੰਜਾਬ ਵਿਚ ਅਜਿਹੇ ਫਤਵੇ ਦੀ ਹੁਣ ਵੀ ਉਡੀਕ ਹੈ। ਸਿੱਖਾਂ ਨਾਲ 1984 ਵਿਚ ਕੀ ਹੋਇਆ, ਉਸ ਤੋਂ ਬਾਅਦ ਲਗਾਤਾਰ ਕੀ ਹੋਇਆ, ਸਿੱਖਾਂ ਨੇ ਵਾਰ-ਵਾਰ ਚੋਣਾ ਲੜ ਕੇ ਆਪਣੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਕੋਈ ਸੁਧਾਰ ਨਜ਼ਰ ਨਹੀਂ ਆਇਆ। ਅੱਜ ਵੀ ਜੇਲ੍ਹਾਂ ਵਿਚ ਨਿਰਦੋਸ਼ ਸਿੱਖ ਨੌਜਵਾਨ ਡੱਕੇ ਜਾ ਰਹੇ ਹਨ, ਅੱਜ ਵੀ ਸਿੱਖਾਂ ਨਾਲ ਵਿਤਕਰੇ ਅਤੇ ਧੱਕੇਸ਼ਾਹੀਆਂ ਜਾਰੀ ਹਨ। ਇਕ ਮਾਰਸ਼ਲ ਕੌਮ, ਜਿਸ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ 85 ਫੀਸਦੀ ਕੁਰਬਾਨੀਆਂ ਦਿੱਤੀਆਂ, ਜਿਸ ਨੇ ਤਬਦੀਲੀ ਦਾ ਝੰਡਾ ਚੁੱਕਿਆ ਅਤੇ ਜਿਸ ਨੇ ਆਮ ਆਦਮੀ ਦੇ ਹੱਕਾਂ ਲਈ ਲੜਾਈ ਲੜੀ, ਅੱਜ ਵੀ ਉਸੇ ਤਰ੍ਹਾਂ ਸੱਤਾਧਾਰੀਆਂ ਅਤੇ ਜ਼ਾਲਮ ਹਕੂਮਤਾਂ ਦੇ ਬੂਟਾਂ ਹੇਠ ਦਰੜੀ ਜਾ ਰਹੀ ਹੈ, ਜਿਵੇਂ ਮੁਗਲਾਂ ਦੇ ਸਮੇਂ ਦਰੜੀ ਗਈ ਸੀ। ਪਰ ਇਹ ਖੁਸ਼ਕਿਸਮਤੀ ਹੈ ਕਿ ਸਿੱਖ ਕੌਮ ਅੱਜ ਕੌਮਾਂਤਰੀ ਕੌਮ ਬਣ ਚੁੱਕੀ ਹੈ ਅਤੇ ਇਸ ਦੀ ਆਵਾਜ਼ ਹੁਣ ਕੌਮਾਂਤਰੀ ਪੱਧਰ ਤੇ ਫੈਲਦੀ ਹੈ। ਪਰ ਇਸ ਦੇ ਬਾਵਜੂਦ ਭਾਰਤੀ ਨਿਜ਼ਾਮ ਦਾ ਵਤੀਰਾ ਸਿੱਖਾਂ ਦੇ ਪ੍ਰਤੀ ਕਦੀ ਬਦਲਿਆ ਨਜ਼ਰ ਨਹੀਂ ਆਇਆ। 

468 ad