ਪੰਜਾਬ ‘ਚ ਵੋਟਾਂ ਦੌਰਾਨ ਕਿੱਥੇ ਵਾਪਰੀਆਂ ਹਿੰਸਕ ਘਟਨਾਵਾਂ

ਚੰਡੀਗੜ੍ਹ-ਪੰਜਾਬ ‘ਚ 30 ਅਪ੍ਰੈਲ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਈ ਹਲਕਿਆਂ ‘ਚ ਸਿਆਸੀ ਪਾਰਟੀਆਂ ਦੇ ਵਰਕਰਾਂ ‘ਚ ਜੰਮ ਕੇ ਝੜਪਾਂ ਹੋਈਆਂ। ਇਨ੍ਹਾਂ ਘਟਨਾਵਾਂ ‘ਚ 20 ਦੇ ਕਰੀਬ ਲੋਕ ਜ਼ਖਮੀ ਹੋ ਗਏ। ਬੇਸ਼ੱਕ ਸਰਕਾਰੀ ਤੌਰ ‘ਤੇ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਮੁੱਖ ਚੋਣ ਅਧਿਕਾਰੀ ਵਲੋਂ ਕੁਝ ਹੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਸੂਬੇ ਤੋਂ ਪ੍ਰਾਪਤ Hinsaਰਿਪੋਰਟਾਂ ਅਨੁਸਾਰ ਲਗਭਗ ਸਾਰੇ ਹਲਕਿਆਂ ‘ਚ ਅਜਿਹੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਦੌਰਾਨ ਕੁਝ ਥਾਵਾਂ ‘ਤੇ ਪਥਰਾਅ ਤੋਂ ਇਲਾਵਾ ਵਾਹਨਾਂ ਦੀ ਤੋੜ-ਭੰਨ ਵੀ ਕੀਤੀ ਗਈ ਹੈ।ਪੰਜਾਬ ‘ਚ ਜਿਹੜੀਆਂ ਥਾਵਾਂ ‘ਤੇ ਹਿੰਸਕ ਘਟਨਾਵਾਂ ਵਾਪਰੀਆਂ, ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ-
ਬਠਿੰਡਾ-ਚੋਣਾਂ ਦੌਰਾਨ ਇੱਥੇ ਇਕ ਕਾਂਗਰਸੀ ਵਰਕਰ ਮੁਤਾਬਕ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਲਾ ਝੁਟੀਕਾ ਮੁਲਤਾਨੀਆਂ ਰੋਡ ‘ਤੇ ਜਦੋਂ ਪੋਲਿੰਗ ਹੋ ਰਹੀ ਸੀ ਤਾਂ ਇਕ ਅਕਾਲੀ ਵਰਕਰ ਨੇ ਇਕ ਬਜ਼ੁਰਗ ਕਾਂਗਰਸੀ ਵਰਕਰ ਦੀ ਪੱਗ ‘ਤੇ ਹੱਥ ਮਾਰ ਦਿੱਤਾ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵਿਚ ਬਹਿਸ ਹੋ ਗਈ। ਫਿਰ ਅਕਾਲੀ ਵਰਕਰਾਂ ਨੇ ਆਪਣੇ ਕੁਝ ਸਾਥੀ ਬੁਲਾ ਲਏ, ਜਿਨ੍ਹਾਂ ਕੋਲ ਡਾਂਗਾਂ ਵੀ ਸਨ। ਜਦੋਂ ਉਹ ਕਾਂਗਰਸ ਦੇ ਪੋਲਿੰਗ ਬੂਥ ਵੱਲ ਵਧੇ ਤਾਂ ਕਾਂਗਰਸੀ ਵਰਕਰਾਂ ਨੇ ਨੇੜੇ ਪਏ ਇੱਟਾਂ-ਰੋੜੇ ਹੀ ਅਕਾਲੀਆਂ ‘ਤੇ ਵਰ੍ਹਾ ਦਿੱਤੇ, ਜਿਸ ਦੇ ਬਦਲੇ ਅਕਾਲੀਆਂ ਨੇ ਵੀ ਇੱਟਾਂ-ਰੋੜੇ ਚਲਾਏ। ਇਸ ਤਰ੍ਹਾਂ ਦੋਵਾਂ ਧਿਰਾਂ ਦੇ 2 ਵਿਅਕਤੀ ਜ਼ਖਮੀ ਹੋ ਗਏ। ਪੁਲਸ ਪਾਰਟੀ ਸਣੇ ਮੌਕੇ ‘ਤੇ ਪਹੁੰਚੇ। ਪੁਲਸ ਪਾਰਟੀ ਨੂੰ ਦੋਵੇਂ ਧਿਰਾਂ ਨੂੰ ਖਦੇੜਨ ਲਈ ਲਾਠੀਚਾਰਜ ਵੀ ਕਰਨਾ ਪਿਆ।
ਪਟਿਆਲਾ-ਪਟਿਆਲਾ ਸ਼ਹਿਰ ਵਿਚ ਚੱਲ ਰਹੀ ਸ਼ਾਂਤੀਪੂਰਵਕ ਵੋਟਿੰਗ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਸ਼ਹਿਰ ਦੇ ਵਾਰਡ ਨੰਬਰ-30 ਵਿਚ ਪੈਂਦੀ ਬਾਜਵਾ ਕਾਲੋਨੀ ਦੇ ਪੋਲਿੰਗ ਬੂਥ ਨੰਬਰ-162 ‘ਤੇ ਕੁੱਝ ਲੋਕਾਂ ਨੇ ਵੋਟਾਂ ਪੈਣ ਵਾਲੀ ਮਸ਼ੀਨ ਨੂੰ ਤੋੜ ਦਿੱਤਾ, ਜਿਸ ਕਾਰਨ ਇਥੇ ਮਾਹੌਲ ਦਹਿਸ਼ਤ ਵਾਲਾ ਹੋ ਗਿਆ, ਜਿਸ ਕਾਰਨ ਇਕ ਘੰਟਾ ਪੋਲਿੰਗ ਬੰਦ ਰਹੀ। ਇਸ ਮਸ਼ੀਨ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਆਹਮੋ-ਸਾਹਮਣੇ ਰਹੇ ਅਤੇ ਦੋਹਾਂ ਨੇ ਇਕ ਦੂਜੇ ‘ਤੇ ਦੋਸ਼ ਲਗਾਏ।
ਬਟਾਲਾ-ਲੋਕ ਸਭਾ ਚੋਣਾਂ ਵਾਲੇ ਦਿਨ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦਾ ਪਿੰਡ ਡੁੱਲਟ ਉਸ ਵੇਲੇ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ, ਜਦੋਂ ਪਿੰਡ ‘ਚ ਅਕਾਲੀਆਂ ਤੇ ਕਾਂਗਰਸੀਆਂ ਵਿਚ ਵੋਟਾਂ ਨੂੰ ਲੈ ਕੇ ਆਪਸੀ ਟਕਰਾਅ ਹੋ ਗਿਆ ਅਤੇ ਦੋਵਾਂ ਧਿਰਾਂ ਦੇ ਇਕ ਦੂਜੇ ਨੂੰ ਸੱਟਾਂ ਮਾਰਦਿਆਂ ਕਈਆਂ ਨੂੰ ਜ਼ਖਮੀ ਕਰ ਦਿੱਤਾ।
ਬਟਾਲਾ– ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮਚਰਾਵਾਂ ਪੋਲਿੰਗ ਬੂਥ ‘ਤੇ ਕਾਂਗਰਸ ਪਾਰਟੀ ਦੇ ਲਈ ਵੋਟਾਂ ਲਿਆ ਰਹੇ ਇਕ ਕਾਂਗਰਸੀ ਆਗੂ ਨੂੰ ਕੁਝ ਵਿਅਕਤੀਆਂ ਵਲੋਂ ਟਰੈਕਟਰ ਹੇਠਾਂ ਦੇ ਕੇ ਕੁਚਲ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਵਿਅਕਤੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖਮੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ
ਜਲਾਲਾਬਾਦ-ਜ਼ਿਲਾ ਫਾਜ਼ਿਲਕਾ ਦੀ ਜ਼ਿਲਾ ਪ੍ਰੀਸ਼ਦ ਚੇਅਰਪਰਸਨ ਸ਼੍ਰੀਮਤੀ ਸੁਖਮਨਪ੍ਰੀਤ ਕੌਰ ਦੇ ਸਹੁਰੇ, ਜਲਾਲਾਬਾਦ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਦਵਿੰਦਰ ਸਿੰਘ ਬੱਬਲ ਅਤੇ ਵਿਰੋਧੀ ਕਾਂਗਰਸ ਪਾਰਟੀ ਦੇ ਵਰਕਰ ਪਿੰਡ ਚੱਕ ਜਾਨੀਸਰ ਵਿਖੇ ਵੋਟ ਪਾਉਣ ਦੌਰਾਨ ਆਪਸ ਵਿਚ ਭਿੜ ਗਏ।
ਮੋਗਾ-30 ਅਪ੍ਰੈਲ ਨੂੰ ਸਵੇਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਜ਼ਿਲੇ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿਖੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਾਂਗਰਸ ਪਾਰਟੀ ਦੇ ਵਰਕਰਾਂ ‘ਤੇ ਉਸ ਵੇਲੇ ਟੁੱਟ ਪਏ, ਜਦੋਂ ਇਕ ਬਿਰਧ ਦੀ ਜਾਅਲੀ ਵੋਟ ਦੇ ਮੁੱਦੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਇਤਰਾਜ਼ ਜਤਾਇਆ। ਇਸ ਮੌਕੇ ਦੋਹਾਂ ਧਿਰਾਂ ਦਰਮਿਆਨ ਪੱਥਰਬਾਜ਼ੀ ਅਤੇ ਡਾਂਗਾਂ ਦਾ ਖੁੱਲ੍ਹ ਕੇ ਇਸਤੇਮਾਲ ਕੀਤੇ ਜਾਣ ਦਾ ਵੀ ਪਤਾ ਲੱਗਾ ਹੈ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਭਾਰੀ ਗਿਣਤੀ ਵਿਚ ਪੁਲਸ ਪਿੰਡ ਸੰਗਤਪੁਰਾ ਵਿਚ ਤਾਇਨਾਤ ਕਰ ਦਿੱਤੀ ਗਈ, ਜਿਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ। ਜਿਵੇਂ ਹੀ ਕਾਂਗਰਸੀ ਵਰਕਰਾਂ ਨਾਲ ਟਕਰਾਅ ਦੀ ਖ਼ਬਰ ਫੈਲੀ ਤਾਂ ਪੰਜਾਬ ਦੇ ਸਾਬਕਾ ਖੇਡ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਦਰਸ਼ਨ ਸਿੰਘ ਬਰਾੜ ਹੋਰ ਸੀਨੀਅਰ ਆਗੂਆਂ ਨਾਲ ਪਿੰਡ ਵਿਚ ਪੁੱਜੇ ਅਤੇ ਉਨ੍ਹਾਂ ਨੇ ਪੁਲਸ ਨੂੰ ‘ਹੁਲੜਬਾਜ਼ੀ’ ਕਰਨ ਵਾਲੇ ਅਕਾਲੀ ਵਰਕਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਜ਼ਖ਼ਮੀ ਹੋਣ ਵਾਲਿਆਂ ਦੀ ਪਛਾਣ ਸੀਨੀਅਰ ਕਾਂਗਰਸੀ ਆਗੂ ਦਿਲਬਾਗ ਸਿੰਘ ਭਾਊ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਦੇ ਪੁੱਤਰ ਜਸਵਿੰਦਰ ਸਿੰਘ, ਅਕਾਲੀ ਮੈਂਬਰ ਪੰਚਾਇਤ ਜਗਸੀਰ ਸਿੰਘ, ਕਰਨੈਲ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਮੌਕੇ ‘ਤੇ ਪੁੱਜੀ ਪੁਲਸ ਨੇ ਕਾਂਗਰਸੀ ਆਗੂ ਦਿਲਬਾਗ ਸਿੰਘ ਭਾਊ ਨੂੰ ਗ੍ਰਿਫਤਾਰ ਕਰ ਲਿਆ।
ਪਟਿਆਲਾ-ਲੋਕ ਸਭਾ ਚੋਣਾਂ ਦੇ ਚਲਦਿਆਂ ਹਲਕਾ ਸਨੌਰ ਦੇ ਪਿੰਡ ਜਲਾਲਾਬਾਦ ਵਿਖੇ ਸ਼ਾਮ ਨੂੰ 3 ਵਜੇ ਪੋਲਿੰਗ ਬੂਥ ‘ਤੇ ਅਕਾਲੀਆਂ ਅਤੇ ‘ਆਪ’ ਪਾਰਟੀ ਦੇ ਵਰਕਰਾਂ ਵਿਚ ਝਗੜਾ ਹੋ ਗਿਆ। ਜਿਸ ਵਿਚ ‘ਆਪ’ ਦੇ ਤਿੰਨ ਵਰਕਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਕਮਿਊਨਿਟੀ ਸਿਟੀ ਹੈਲਥ ਸੈਂਟਰ ਦੂਧਨਸਾਧਾਂ ਵਿਖੇ ਦਾਖਲ ਕਰਵਾਇਆ ਗਿਆ। ਬਾਅਦ ਵਿਚ ਇਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਅਕਾਲੀਆਂ ਨੇ ‘ਆਪ’ ਦੇ ਕੁਝ ਵਰਕਰਾਂ ਨੂੰ ਲਾਠੀਆਂ ਅਤੇ ਰੋੜਿਆਂ ਨਾਲ ਜ਼ਖਮੀ ਕਰ ਦਿੱਤਾ।
ਤਪਾ ਮੰਡੀ– ਢਿੱਲਵਾਂ ਰੋਡ ‘ਤੇ ਸਥਿਤ ਵਾਰਡ ਨੰਬਰ-1 ਵਿਖੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਵਿਚ ਵੋਟਾਂ ਦੀ ਖ਼ਰੀਦੋ ਫਰੋਖਤ ਨੂੰ ਲੈ ਕੇ ਵਧੀ ਤਲਖ਼ੀ ਹੱਥੋਪਾਈ ਤੱਕ ਪੁੱਜ ਗਈ ਅਤੇ ਮੌਕੇ ‘ਤੇ ਮਾਹੌਲ ਗਰਮਾ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਢਿੱਲਵਾਂ ਰੋਡ ‘ਤੇ ਵਾਰਡ ਨੰਬਰ-1 ਦੇ ਬਾਹਰ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ।
ਬਠਿੰਡਾ-ਦੇਰ ਸ਼ਾਮ ਬਠਿੰਡਾ ‘ਚ ਅਕਾਲੀ ਆਗੂਆਂ ‘ਤੇ ਬੂਥ ਕੈਪਚਰਿੰਗ ਦੇ ਦੋਸ਼ ਲੱਗੇ ਪਰ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸ ਰਹੇ ਹਨ, ਜਦੋਂ ਕਿ ਜਾਂਚ ਦਾ ਭਰੋਸਾ ਵੀ ਦਿਵਾਇਆ।

468 ad