ਪੰਜਾਬ ਚੋਣਾਂ: ਕਾਂਗਰਸ ਲਈ ਆਮ ਆਦਮੀ ਪਾਰਟੀ ਦਾ ਉਭਾਰ ਖੇਡ ਵਿਗਾੜ ਸਕਦਾ ਹੈ

AAP

ਪੰਜਾਬ ਵਿੱਚ ਅੱਜ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਵੋਟਾਂ ਪੈ ਚੁੱਕੀਆਂ ਹਨ। ਦਿੱਲੀ ਵਿੱਚ ਸਿਖਰਲੇ ਆਗੂ ਅਕਾਲੀ-ਭਾਜਪਾ ਦੇ ਰਾਜ ਵਾਲੇ ਸੂਬੇ ਵਿੱਚ ਜਿੱਤ ਦੇ ਦਾਅਵੇ ਕਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਚੋਣ ਜਿੱਤਣ ਲਈ ਪੂਰੇ ਆਸਵੰਦ ਹਨ।

ਇਸ ਸਾਰੇ ਕੁਝ ਦੇ ਬਾਵਜੂਦ ਨਾਲ ਹੀ ਕਾਂਗਰਸ ਇਹ ਮੰਨਣ ਲਈ ਵੀ ਬੇਵੱਸ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਉਭਾਰ ਖੇਡ ਵਿਗਾੜ ਸਕਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਬਾਰੇ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਮੰਨਿਆ ਕਿ ਪੰਜਾਬ ਵਿੱਚ ਆਪ ਇਕ ਅਹਿਮ ਧਿਰ ਬਣ ਕੇ ਉੱਭਰੀ ਹੈ ਅਤੇ ਕਈ ਸੀਟਾਂ ’ਤੇ ਇਸ ਨੇ ਇੰਨੀ ਕਰੜੀ ਟੱਕਰ ਦਿੱਤੀ ਹੈ ਕਿ ਕੁਝ ਕਹਿਣਾ ਔਖਾ ਹੈ। ਸ਼ਕੀਲ ਨੇ ਕਿਹਾ, ‘‘ਹਾਂ ਆਪ ਯਕੀਨਨ ਇਕ ਤਾਕਤ ਹੈ।

ਚੋਣ ਮੁਹਿੰਮ ਦੌਰਾਨ ਪੰਜਾਬ ਦੀ ਯਾਤਰਾ ਦੌਰਾਨ ਮੈਂ ਇਹ ਖੁਦ ਮਹਿਸੂਸ ਕੀਤਾ ਹੈ। ਪੰਜਾਬ ’ਚ ਸਾਨੂੰ ਅਹਿਮ ਨਤੀਜਿਆਂ ਦੀ ਆਸ ਹੈ ਤੇ ਜੇਕਰ ਸਾਨੂੰ ਆਸ ਨਾਲੋਂ ਘੱਟ ਸੀਟਾਂ ਮਿਲਦੀਆਂ ਹਨ ਤਾਂ ਇਹ ਆਪ ਵੱਲੋਂ ਕੀਤੇ ਨੁਕਸਾਨ ਕਾਰਨ ਹੋਵੇਗਾ। ਇਹ ਸ਼ਹਿਰੀ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਵੀ ਕਈ ਥਾਈਂ ਬੇਹੱਦ ਅਸਰਕਾਰੀ ਹੈ।’’

ਕਾਂਗਰਸ ਨੂੰ ਪੰਜਾਬ ’ਚ 2009 ਨਾਲੋਂ ਆਪਣੀ ਸਥਿਤੀ ਬਿਹਤਰ ਜਾਪਦੀ ਹੈ ਤੇ ਅਕਾਲੀਆਂ ਵਿਰੁੱਧ ਲੋਕ ਰੋਹ ਤੋਂ ਇਸ ਨੂੰ ਚੰਗੀ ਆਸ ਹੈ। ਆਪ ਨੇ ਪੰਜਾਬ ’ਚ ਸਾਰੇ 13 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ, ਜੋ ਅੰਮ੍ਰਿਤਸਰ ਤੋਂ ਭਾਜਪਾ ਦੇ ਅਰੁਣ ਜੇਤਲੀ ਖ਼ਿਲਾਫ਼ ਚੋਣ ਲੜ ਰਹੇ ਹਨ, ਜਿੱਤ ਲਈ ਭਰੋਸੇ ਨਾਲ ਭਰਪੂਰ ਹਨ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਆਪਣੇ ਦਮ ’ਤੇ ਚਲਾਈ ਸੀ।

468 ad