ਪੰਜਾਬ ਅੰਦਰ ਕਰਜ਼ੇ ਨੇ ਇੱਕ ਹੋਰ ਪਰਿਵਾਰ ਨਿਗਲਿਆ – 2 ਕਿਸਾਨ ਭਰਾਵਾਂ ਨੇ ਪੀਤਾ ਜ਼ਹਿਰ, 1 ਦੀ ਮੌਤ, 1 ਦੀ ਹਾਲਤ ਗੰਭੀਰ

farmer suicide

ਕਿਰਸਾਨੀ ਦੀ ਮਜਬੂਤੀ ਲਈ ਲਿਆ ਲੱਖਾਂ ਰੁਪਏ ਦਾ ਬੈਂਕ ਕਰਜਾ ਅਤੇ ਹਾੜੀ ਦੀ ਫਸਲ ਦਾ ਨੁਕਸਾਨ ਅਤੇ ਆੜ੍ਹਤੀਏ ਦੀ ਦੇਣਦਾਰੀ ਤੋਂ ਤੰਗ ਆ ਕੇ 2 ਕਿਸਾਨਾਂ ਭਰਾਵਾਂ ਵੱਲੋਂ ਜਹਿਰੀਲੀ ਚੀਜ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਹਸਨਪੁਰ ਦੇ ਕਿਸਾਨ ਜਗਤਾਰ ਸਿੰਘ, ਜੁਗਰਾਜ ਸਿੰਘ ਪੁੱਤਰਾਨ ਰਾਮ ਸਿੰਘ ਜਿਨ੍ਹਾਂ ਨੂੰ ਵਿਰਾਸਤ ਵਿੱਚੋਂ ਬੈਂਕ ਦਾ ਕਰਜਾ ਅਤੇ ਹਾੜ੍ਹੀ ਦੀ ਫਸਲ ਦਾ ਨੁਕਸਾਨ ਅਤੇ ਆੜ੍ਹਤੀਏ ਦੀ ਦੇਣਦਾਰੀ ਤੋਂ ਅਸਮਰਥ ਹੋਣ ਕਾਰਨ ਅੱਜ ਆਪਣੇ ਘਰ ਵਿੱਚ ਜਹਿਰੀਲੀ ਚੀਜ ਪੀ ਲਈ। ਜਿਸ ਕਾਰਨ ਵੱਡੇ ਭਰਾ ਜੁਗਰਾਜ ਸਿੰਘ 33 ਸਾਲਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦਾ ਦੂਸਰਾ ਭਰਾ ਜਗਤਾਰ ਸਿੰਘ ਜਿੰਦਗੀ ਮੌਤ ਦੀ ਲੜਾਈ ਮਾਨਸਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੜ੍ਹ ਰਿਹਾ ਹੈ। ਮ੍ਰਿਤਕ ਦੀ ਮਾਤਾ ਵਿਧਵਾ ਜਸਵੰਤ ਕੌਰ ਪਤਨੀ ਰਾਮ ਸਿੰਘ ਨੇ ਸਾਡੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਓ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬੁਢਲਾਡਾ ਤੋਂ ਕਰਜਾ ਲਿਆ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਇਹ ਕਰਜਾ ਮੇਰੇ ਅਤੇ ਮੇਰੇ ਪੁੱਤਰਾਂ ਦੇ ਨਾਂ ਬੈਂਕ ਪਾ ਦਿੱਤਾ। ਉਪਰੋਕਤ ਕਰਜੇ ਦੀ ਭਰਪਾਈ ਲਈ ਪਿਛਲੇ ਸਮੇਂ ਦੌਰਾਨ ਸਾਡਾ ਪਰਿਵਾਰ ਸੰਘਰਸ਼ ਕਰਦਾ ਰਿਹਾ। ਇਸ ਦੌਰਾਨ ਉਨ੍ਹਾਂ ਆਪਣੀ 3 ਕਨਾਲਾਂ ਦੇ ਕਰੀਬ ਜਮੀਨ ਅਤੇ ਖੇਤੀ ਦੇ ਸੰਦ ਟਰੈਕਟਰ ਆਦਿ ਵੇਚ ਕੇ ਠੇਕੇ ਤੇ ਘਰ ਦਾ ਗੁਜਾਰਾ ਚਲਾਉਣ ਲਈ ਜਮੀਨ ਲੈ ਲਈ। ਪਰ ਉਸ ਵਿੱਚ ਵੀ ਫਸਲ ਦਾ ਨੁਕਸਾਨ ਹੀ ਝੱਲਣਾ ਪਿਆ। ਮੇਰੇ ਪੁੱਤਰ ਬੈਂਕ ਦਾ ਕਰਜਾ, ਆੜ੍ਹਤੀਏ ਦੀ ਦੇਣਦਾਰੀ ਤੋਂ ਦਿਨ-ਰਾਤ ਪ੍ਰੇਸ਼ਾਨ ਸਨ। ਪ੍ਰੰਤੂ ਮੈਂ ਉਨ੍ਹਾਂ ਨੂੰ ਦਿਲਾਸਾਂ ਦਿੰਦੀ ਰਹੀ ਕਿ ਪ੍ਰਮਾਤਮਾ ਉਨ੍ਹਾਂ ਦੀ ਮਦਦ ਕਰੇਗਾ। ਪ੍ਰੰਤੂ ਉਨ੍ਹਾਂ ਨੂੰ ਬੈਂਕ ਦਾ ਕਰਜਾ ਅੰਦਰ ਹੀ ਅੰਦਰੋ ਖਾਹ ਰਿਹਾ ਸੀ। ਜਿਸ ਤੋਂ ਤੰਗ ਆ ਕੇ ਉਨ੍ਹਾਂ ਇਹ ਕਦਮ ਚੁੱਕਿਆ। ਸਦਰ ਬੁਢਲਾਡਾ ਪੁਲਿਸ ਨੇ ਉਪਰੋਕਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਹਲਕੇ ਵਿੱਚ 2 ਸਕੇ ਭਰਾਵਾਂ ਵੱਲੋਂ ਕਰਜੇ ਦੀ ਮਾਰ ਹੇਠ ਕੀਤੀ ਖੁਦਕੁਸ਼ੀ ਨੂੰ ਲੈ ਕੇ ਸ਼ੋਕ ਦੀ ਲਹਿਰ ਪੈਦਾ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂਂ ਦੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਪਿੰਡ ਹਸਨਪੁਰ 2 ਕਿਸਾਨ ਭਰਾਵਾਂ ਵੱਲੋਂ ਜਹਿਰ ਪੀਣ ਦੇ ਮਾਮਲੇ ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਇਸ ਦੇ ਜਿੰਮੇਵਾਰ ਸਰਕਾਰ ਦੀਆਂ ਗਲਤ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਤੋਂ ਬਾਅਦ ਭਾਵੇਂ ਕਿਸਾਨ ਦੀ ਫਸਲ ਦੇ ਝਾੜ ਵਿੱਚ ਭਾਰੀ ਵਾਧਾ ਹੋਇਆ ਪ੍ਰੰਤੂ ਕਿਸਾਨ ਨੂੰ ਫਸਲਾਂ ਦਾ ਮੁੱਲ ਘੱਟ ਅਤੇ ਵਪਾਰੀਆਂ ਨੂੰ ਇਸ ਦਾ ਵੱਧ ਲਾਭ ਹੋਇਆ ਹੈ। ਜਿਸ ਨਾਲ ਕਿਸਾਨ ਖੁਦਕੁਸੀ ਦੇ ਰਾਹ ਤੇ ਤੁੱਰ ਪਿਆ ਹੈ। ਉਨ੍ਹਾਂ ਕਿਹਾ ਕਿ ਅੱਂ ਹਜਾਰਾਂ ਕਿਸਾਨਾਂ ਦੀ ਜਮੀਨ ਵਿੱਕ ਚੁੱਕੀ ਹੈ, ਕਰਜਿਆਂ ਦੇ ਭਾਰ ਥੱਲੇ ਦਬ ਚੁੱਕੇ ਹਨ ਅਤੇ ਹਜਾਰਾਂ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੁਦਕੁਸ਼ੀਆਂ ਨੂੰ ਰੋਕਣ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ। ਸਗੋਂ ਸਰਕਾਰ ਨਗੂਨੇ ਮੁਆਵਜੇ ਦੇ ਕੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨਾਲ ਕੋਝਾ ਮਜਾਕ ਕਰਦੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਅਤੇ ਬੈਂਕ ਦੀ ਕਰਜਾ ਮੁਆਫੀ ਅਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਸ਼ਹੀਦ ਹੋਏ ਕਿਸਾਨ ਦੀ ਸ਼ਹਾਦਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ। ਜਿਸ ਵਿੱਚ ਅਗਲੇ ਸਮੇਂ ਲਈ ਸੰਘਰਸ਼ ਉਲੀਕੇ ਜਾਣਗੇ।

468 ad