ਪੰਜਾਬੀ ਸੱਥ ਪਰਥ (ਆਸਟ੍ਰੇਲੀਆ) ਵੱਲੋਂ ਨਾਮਵਰ ਸ਼ਖਸ਼ੀਅਤਾਂ ਦਾ ਸਨਮਾਨ

ਪੰਜਾਬੀ ਸੱਥ ਪਰਥ (ਆਸਟ੍ਰੇਲੀਆ) ਵੱਲੋਂ ਨਾਮਵਰ ਸ਼ਖਸ਼ੀਅਤਾਂ ਦਾ ਸਨਮਾਨ

ਆਸਟ੍ਰੇਲੀਆ ਵਿਚ ਨਵੀਂ ਪੀੜੀ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਅਤੇ ਆਪਣੀ ਵਿਰਾਸਤ ਦੀ ਸੰਭਾਲ ਲਈ ਯਤਨਸ਼ੀਲ ਸੰਸਥਾ ਪੰਜਾਬੀ ਸੱਥ ਪਰਥ (ਆਸਟ੍ਰੇਲੀਆ) ਵੱਲੋਂ ਪੰਜਾਬੀ ਦੇ ਪ੍ਰਸਾਰ ਵਿਚ ਯੋਗਦਾਨ ਪਾਉਣ ਵਾਲੀਆ ਕਈ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਆਸਟ੍ਰੇਲੀਆ ਭਰ ਤੋਂ ਬਹੁਤ ਸਾਰੇ ਪੱਤਰਕਾਰਾਂ, ਸਹਿਤਕਾਰਾਂ, ਮੀਡੀਆ ਕਰਮੀਆਂ ਅਤੇ ਲੇਖਕਾਂ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਨਮਾਨਤ ਹੋਣ ਵਾਲੀਆਂ ਸ਼ਖਸ਼ੀਅਤਾ ਵਿਚ ਗਿਆਨੀ ਸੰਤੋਖ ਸਿੰਘ ਨੂੰ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਕਾਫਸ ਹਾਰਬਰ ਦੇ ਸਫਲ ਕਿਸਾਨ ਅਤੇ ਹਰਮਨ ਰੇਡੀਓ ਰਾਹੀਂ ਭਾਈਚਾਰੇ ਦੀ ਸੇਵਾ ਕਰ ਰਹੇ ਅਮਨਦੀਪ ਸਿੱਧੂ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਮੀਡੀਆ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਐਡੀਲੇਡ ਵਾਸੀ ਮਿੰਟੂ ਬਰਾੜ ਨੂੰ ਵੀ ਉਹਨਾਂ ਵੱਲੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਬਦਲੇ ਸਨਮਾਨਤ ਕੀਤਾ ਗਿਆ। ਆਸਟ੍ਰੇਲੀਅਨ ਮੀਡੀਆ ਵਿਚ ਪੰਜਾਬੀ ਦੀ ਪ੍ਰਸਾਰਣ ਸੇਵਾ ਵਿਚ ਕੰਮ ਕਰਨ ਵਾਲੇ ਡਾਕਟਰ ਪ੍ਰੀਤਇੰਦਰ ਗਰੇਵਾਲ ਵੀ ਸਨਮਾਨਿਤ ਸ਼ਖਸ਼ੀਅਤਾਂ ਵਿਚ ਸ਼ਾਮਿਲ ਸਨ। ਇਸ ਤੋਂ ਇਲਾਵਾ ਪੰਜਾਬ ਤੋਂ ਆਏ ਸਾਹਿਤਕਾਰ ਅਤੇ ਕਾਲਮ ਨਵੀਸ ਗੱਜਣਵਾਲਾ ਸੁਖਮਿੰਦਰ ਹੋਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ ਅਤੇ ਆਸਟ੍ਰੇਲੀਅਨ ਗੋਰੇ ਡੇਨੀਆਲ ਕੋਨਲ ਨੂੰ ਉਸ ਵੱਲੋਂ ਪਗੜੀ ਦੇ ਸਤਿਕਾਰ ਵਜੋਂ ਪੰਜਾਬੀ ਭਾਈਚਾਰੇ ਅਤੇ ਧਰਮ ਨਾਲ ਸੰਬੰਧਿਤ ਚਿੱਤਰਾਂ ਰਾਹੀਂ ਪਾਏ ਯੋਗਦਾਨ ਬਦਲੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪੰਜਾਬੀ ਸੱਥ ਪਰਥ ਦੇ ਸੰਚਾਲਕ ਹਰਲਾਲ ਸਿੰਘ ਨੇ ਸਭ ਨੂੰ ਜੀ ਆਇਆ ਕਿਹਾ। ਮੰਚ ਸੰਚਾਲਨ ਸੱਥ ਦੇ ਮੈਂਬਰ ਅਤੇ ਲੇਖਕ ਹਰਮੰਦਰ ਕੰਗ ਨੇ ਕੀਤਾ। ਸੱਥ ਵੱਲੋਂ ਕਾਰਜਸ਼ੀਲ ਮੈਂਬਰ ਹਰਮੀਤ ਕੈਲੇ, ਗੁਰਦਿਆਲ ਸਿੰਘ ਉੱਪਲ, ਅਮਨ ਭੰਗੂ, ਰਾਜਵਿੰਦਰ ਗਰੇਵਾਲ, ਜਤਿੰਦਰ ਭੰਗੂ, ਰਮਤਾ ਜੋਗੀ, ਨਵਦੀਪ ਸਿੰਘ, ਸੰਦੀਪ ਸਿੰਘ, ਗੁਰਬਿੰਦਰ ਸਿੰਘ, ਅਮਨਦੀਪ ਜੈਦਕਾ, ਗੁਰਪ੍ਰੀਤ ਸਿੰਘ, ਪਿਆਰਾ ਸਿੰਘ, ਅਰਪਿੰਦਰ ਗਿੱਲ, ਪਰਵਿੰਦਰ ਸਿੰਘ ਅਤੇ ਨਵਜੋਤ ਸਿੰਧੀ ਹੋਰਾਂ ਨੇ ਆਪਣੀਆਂ ਰਚਨਾਵਾਂ ਰਾਹੀ ਸਭ ਦਾ ਮਨੋਰੰਜਨ ਕੀਤਾ।ਅੰਤ ਵਿਚ ਸੱਥ ਦੀ ਸਰਪ੍ਰਸਤ ਬੀਬੀ ਸੁਖਵੰਤ ਕੌਰ ਵੱਲੋਂ ਸਭ ਦਾ ਧੰਨਵਾਦ ਕਰਦੇ ਹੋਏ ਸਭ ਨੂੰ ਮਾਂ ਬੋਲੀ ਪੰਜਾਬੀ ਨਾਲ ਜੁੜਨ ਅਤੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਦੀ ਅਪੀਲ ਕੀਤੀ।

468 ad